ਪਾਕਿਸਤਾਨ-ਚੀਨ-ਯੂਕ੍ਰੇਨ ਜੰਗ 'ਤੇ ਭਾਰਤ ਬਾਰੇ ਫ਼ੌਜੀ ਮਾਹਰਾਂ ਦੀ ਪੈਨਲ ਚਰਚਾ
ਪਟਿਆਲਾ : ਪਟਿਆਲਾ ਦਾ ਪਲੇਠਾ ਦੋ ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਲ ਪੂਰੀ ਫ਼ੌਜੀ ਸ਼ਾਨੋ-ਸ਼ੌਕਤ ਨਾਲ ਇੱਥੇ ਖ਼ਾਲਸਾ ਕਾਲਜ ਵਿਖੇ ਆਰੰਭ ਹੋ ਗਿਆ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਫ਼ੌਜੀ ਸਾਹਿਤ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਗੈਂਗਸਟਰਾਂ ਦੇ ਚੁੰਗਲ 'ਚੋਂ ਕੱਢਣ ਲਈ ਅਜਿਹੇ ਮਿਲਟਰੀ ਲਿਟਰੇਚਰ ਫੈਸਟੀਵਲ ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਤੇ ਯੂਨੀਵਰਸਿਟੀਆਂ ਦੇ ਪੱਧਰ ਉਤੇ ਕਰਵਾਏਗੀ।
ਡਾ. ਬਲਬੀਰ ਸਿੰਘ ਨੇ ਜਨਰਲ ਮਾਨਿਕ ਸ਼ਾਹ, ਜਨਰਲ ਹਰਬਖ਼ਸ਼ ਸਿੰਘ, ਜਨਰਲ ਜਗਜੀਤ ਸਿੰਘ ਅਰੋੜਾ ਤੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਵਰਗੇ ਕਈ ਫ਼ੌਜੀ ਜਰਨੈਲਾਂ ਦਾ ਜ਼ਿਕਰ ਕਰਦਿਆਂ ਮਿਲਟਰੀ ਦੀਆਂ ਵੀਰ ਗਾਥਾਵਾਂ ਤੇ ਮਿਲਟਰੀ ਦੇ ਮਾਣਮੱਤੇ ਇਤਿਹਾਸ ਤੋਂ ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜਿਹੇ ਮਿਲਟਰੀ ਲਿਟਰੇਚਰ ਫੈਸਟੀਵਲ ਜ਼ਿਲ੍ਹਿਆਂ 'ਚ ਕਰਵਾਉਣ ਦੇ ਐਲਾਨ ਤਹਿਤ ਪਟਿਆਲਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਨਿਵੇਕਲੀ ਪਹਿਲਕਦਮੀ ਕੀਤੀ ਹੈ।
ਸਿਹਤ ਮੰਤਰੀ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਅਤੇ ਭਾਰਤੀ ਫ਼ੌਜ ਤੋਂ ਪੰਜਾਬੀ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਅਤੇ ਪੰਜਾਬ ਦੀ ਭਾਰਤੀ ਫ਼ੌਜ 'ਚ ਜਾਣ ਦੀ ਵਿਰਾਸਤ ਨੂੰ ਹੋਰ ਅੱਗੇ ਤੋਰਨ ਲਈ ਸਹਿਯੋਗ ਦੀ ਮੰਗ ਵੀ ਕੀਤੀ।
ਪਿਛਲੇ 5 ਸਾਲਾਂ 'ਚ ਸਾਡੇ 98 ਪੰਜਾਬੀ ਫ਼ੌਜੀ ਨੌਜਵਾਨਾਂ ਦੀ ਜੰਮੂ ਕਸ਼ਮੀਰ ਵਿਚ ਹੋਈ ਸ਼ਹਾਦਤ ਦਾ ਜ਼ਿਕਰ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੜਾਈਆਂ ਕੇਵਲ ਯੁੱਧ ਦੇ ਮੈਦਾਨ 'ਚ ਹੀ ਨਹੀਂ ਹੁੰਦੀਆਂ ਬਲਕਿ ਸਾਡੇ ਦੁਸ਼ਮਣ ਮੁਲਕਾਂ ਦੀਆਂ ਕੂਟਨੀਤੀਆਂ ਕਰਕੇ ਦੇਸ਼ ਵਿਰੋਧੀ ਤਾਕਤਾਂ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੇ ਗੈਂਗਸਟਰਵਾਦ ਤੇ ਹੋਰ ਸਮਾਜਿਕ ਬੁਰਾਈਆਂ ਵੱਲ ਵੀ ਧੱਕਦੀਆਂ ਹਨ, ਜਿਸ ਲਈ ਪੰਜਾਬ ਸਰਕਾਰ ਰਾਜ ਦੇ ਨਸ਼ਿਆਂ ਦੀ ਲਤ ਲਗਾ ਚੁੱਕੇ 3 ਲੱਖ ਨੌਜਵਾਨਾਂ ਨੂੰ ਬਚਾਉਣ ਲਈ ਜੀਅ-ਜਾਨ ਨਾਲ ਤਤਪਰ ਹੈ।
ਇਸ ਤੋਂ ਪਹਿਲਾਂ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫ. ਜਨ. ਟੀ.ਐਸ. ਸ਼ੇਰਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਫੈਸਟੀਵਲ ਨੂੰ ਜ਼ਿਲ੍ਹਿਆਂ 'ਚ ਕਰਵਾਉਣ ਦੇ ਫੈਸਲੇ ਤਹਿਤ ਇਸ ਸਾਲ ਅੰਮ੍ਰਿਤਸਰ, ਜਲੰਧਰ, ਬਠਿੰਡਾ ਤੇ ਫ਼ਿਰੋਜ਼ਪੁਰ ਵਿਚ ਵੀ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਏ ਜਾਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਭਾਰਤੀ ਫ਼ੌਜ 'ਚ ਜਾ ਕੇ ਜ਼ਿੰਦਗੀ ਦੇ ਅਸਲ ਹੀਰੋ ਬਨਣ ਲਈ ਵੀ ਪ੍ਰੇਰਤ ਕੀਤਾ।
ਭਾਰਤੀ ਫ਼ੌਜ ਦੀ ਪਟਿਆਲਾ ਸਥਿਤ ਬਲੈਕ ਐਲੀਫੈਂਟ ਡਿਵੀਜਨ ਦੇ ਕਮਾਂਡਰ ਮੇਜਰ ਜਨਰਲ ਪੁਨੀਤ ਅਹੂਜਾ ਨੇ ਕਿਹਾ ਕਿ ਇਸ ਮਿਲਟਰੀ ਲਿਟਰੇਚਰ 'ਚ ਫੌਜੀ ਵੈਟਰਨ ਦੀ ਮੌਜੂਦਗੀ ਤੇ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਨੇ ਇਸ ਨੂੰ ਸ਼ਾਨਦਾਰ ਬਣਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਫ਼ੌਜੀ ਇਤਿਹਾਸ ਦੇ ਸੰਦਰਭ ਵਿੱਚ ਪਟਿਆਲਾ ਇੱਕ ਖਾਸ ਸਥਾਨ ਰੱਖਦਾ ਹੈ, ਇਸ ਲਈ ਅਜਿਹੇ ਸਮਾਗਮਾਂ ਲਈ ਫ਼ੌਜ ਵੱਲੋਂ ਸਿਵਲ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਜ਼ਿਲ੍ਹੇ ਨਾਲ ਸਬੰਧਤ 10 ਵੀਰ ਨਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਮਿਲਟਰੀ ਲਿਟਰੇਚਰ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਤੇ ਭਾਰਤੀ ਫ਼ੌਜ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਦੌਰਾਨ ਸ਼ਹੀਦ ਭਗਤ ਸਿੰਘ ਇਕ ਹੀਰੋ 1947 ਦੀ ਜੰਗ 'ਚ ਪਟਿਆਲਾ ਰਿਆਸਤੀ ਫ਼ੌਜ ਦਾ ਯੋਗਦਾਨ ਅਤੇ ਪਾਕਿਸਤਾਨ-ਚੀਨ-ਯੂਕਰੇਨ ਜੰਗ ਤੇ ਭਾਰਤ ਬਾਰੇ ਫ਼ੌਜੀ ਮਾਹਰਾਂ ਦੀ ਪੈਨਲ ਚਰਚਾ ਵੀ ਹੋਈਆਂ। ਜਦੋਂਕਿ ਫ਼ੌਜੀ ਟੈਂਕ, ਬੈਂਡ ਤੇ ਹੋਰ ਸਾਜੋ-ਸਮਾਨ ਸਮੇਤ ਜੰਗਜੂ ਕਲਾਵਾਂ ਤੇ ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ ਨੇ ਇਥੇ ਪੁੱਜੇ ਵੱਡੀ ਗਿਣਤੀ ਦਰਸ਼ਕ, ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਕੀਲਿਆ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ 'ਚ ਵਾਪਰਿਆ ਵੱਡਾ ਹਾਦਸਾ, ਭਾਰਤੀ ਹਵਾਈ ਫੌਜ ਦੇ ਸੁਖੋਈ-30 ਤੇ ਮਿਰਾਜ਼-2000 ਕਰੈਸ਼
ਇਸ ਮੌਕੇ ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਦੇ ਵੀ.ਸੀ. ਲੈਫ.ਜਨ (ਰਿਟਾ.) ਡਾ. ਜੇ.ਐਸ. ਚੀਮਾ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਕਰਨਲ ਪੈਰੀ ਗਰੇਵਾਲ, ਕਰਨਲ ਰੁਸ਼ਨੀਰ ਸਿੰਘ ਚਹਿਲ, ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ ਯੂ.ਟੀ. ਡਾ. ਅਕਸ਼ਿਤਾ ਗੁਪਤਾ, ਮੇਲੇ ਦੇ ਨੋਡਲ ਅਫ਼ਸਰ ਐਸ.ਡੀ.ਐਮ ਚਰਨਜੀਤ ਸਿੰਘ, ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ, ਡੀ.ਡੀ.ਐਫ ਪ੍ਰਿਆ ਸਿੰਘ, ਮੇਜਰ ਨਕੁਲ, ਹਰਸ਼ੇਰ ਸਿੰਘ ਗਰੇਵਾਲ ਤੇ ਟੀਨਾ ਗਰੇਵਾਲ, ਪ੍ਰੀਤ ਕੌਰ, ਰਿਤੂ ਜੈਨ, ਤਵਲੀਨ ਸੇਖੋਂ, ਨਿਕੂ ਸੰਧੂ, ਕੋਮੋਡੋਰ ਐਮ.ਐਸ. ਸ਼ੇਰਗਿਲ ਤੇ ਧਰਮਪਤਨੀ ਪਰਨੀਤ ਕੌਰ ਸ਼ੇਰਗਿਲ, ਗੀਤ ਗਰੇਵਾਲ, ਲੁਕੇਸ਼ ਕੁਮਾਰ, ਸੁਖਦੇਵ ਸੈਣੀ, ਅੰਗਦ ਸਿੰਘ, ਕਨਿਸ਼ਕ ਮਹਿਤਾ, ਇਸ਼ਾਨ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਡਿਫੈਂਸ ਸਟੱਡੀਜ ਵਿਭਾਗ ਦੇ ਵਲੰਟੀਅਰਾਂ ਦੀ ਟੀਮ ਨੇ ਇਸ ਫੈਸਟੀਵਲ ਨੂੰ ਨੇਪਰੇ ਚਾੜਨ ਲਈ ਯੋਗਦਾਨ ਪਾਇਆ। ਇਸ ਮੌਕੇ ਪਰਦੀਪ ਜੋਸ਼ਨ ਤੇ ਐਡਵੋਕੇਟ ਮਨਪ੍ਰੀਤ ਸਿੰਘ, ਵੱਡੀ ਗਿਣਤੀ ਅਧਿਆਪਕ, ਵਿਦਿਆਰਥੀ, ਫੌਜ ਦੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਸਮੇਤ ਪਟਿਆਲਾ ਦੇ ਵਸਨੀਕਾਂ ਨੇ ਵੀ ਹਿੱਸਾ ਲਿਆ।
- PTC NEWS