Panchayat Elections 2024 : ਹਾਈਕੋਰਟ ਦਾ ਵੱਡਾ ਫੈਸਲਾ, ਕਈ ਪਿੰਡਾਂ 'ਚ ਪੰਚਾਇਤੀ ਚੋਣਾਂ 'ਤੇ ਲਾਈ ਰੋਕ
Panchayat Elections 2024 : ਪੰਜਾਬ-ਹਰਿਆਣਾ ਹਾਈਕੋਰਟ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਹਾਈਕੋਰਟ ਨੇ ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀ ਅਤੇ ਧਾਂਦਲੀਆਂ ਨੂੰ ਲੈ ਕੇ ਕਈ ਪਿੰਡਾਂ ਵੱਲੋਂ ਦਾਖਲ ਪਟੀਸ਼ਨ 'ਤੇ ਕਾਰਵਾਈ ਕਰਦਿਆਂ ਪੰਚਾਇਤੀ ਚੋਣਾਂ 'ਤੇ ਰੋਕ ਲਗਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਹਾਈਕੋਰਟ ਨੇ ਇਹ ਰੋਕ ਅਦਾਲਤ 'ਚ ਦਾਖਲ ਕੀਤੀਆਂ ਗਈਆਂ 250 ਪਟੀਸ਼ਨਾਂ ਨੂੰ ਲੈ ਕੇ ਲਾਈ ਹੈ, ਜਿਥੇ ਹੁਣ ਪੰਚਾਇਤਾਂ ਦੀ ਅਗਲੇ ਹੁਕਮਾਂ ਤੱਕ ਚੋਣ ਨਹੀਂ ਹੋਵੇਗੀ। ਦੱਸ ਦਈਏ ਕਿ ਪੰਚਾਇਤੀ ਚੋਣਾਂ ਨੂੰ ਰੱਦ ਕਰਨ ਅਤੇ ਧਾਂਦਲੀਆਂ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਲਗਾਤਾਰ ਚੋਣਾਂ ਰੱਦ ਕਰਨ ਨੂੰ ਲੈ ਕੇ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਹਨ।
ਇਸਤੋਂ ਪਹਿਲਾਂ ਅੱਜ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਉਂਦਿਆਂ ਸਖਤ ਰੁਖ ਅਖਤਿਆਰ ਕੀਤਾ ਸੀ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਇੱਕ ਘੰਟੇ ਦੇ ਅੰਦਰ ਦੱਸੋ ਕਿ ਕਿਵੇਂ ਚੋਣ ਅਧਿਕਾਰੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਰਾਜਕਤਾ ਅਤੇ ਲੋਕਤੰਤਰਿਕ ਪ੍ਰਕਿਰਿਆ ਦੀ ਉਲੰਘਣਾ ਹੋ ਰਹੀ ਹੈ।
ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਸੀ ਕਿ ਕੀ ਸਰਕਾਰ ਪੰਚਾਇਤੀ ਚੋਣਾਂ ਦਾ ਨੋਟੀਫਿਕੇਸ਼ਨ ਵਾਪਿਸ ਲੈ ਕੇ ਚੋਣਾਂ ਨਵੇਂ ਸਿਰੇ ਤੋਂ ਵਧੀਆ ਤਰੀਕੇ ਨਾਲ ਕਰਵਾਉਣ ਲਈ ਤਿਆਰ ਹੈ ? ਨਹੀਂ ਤਾਂ ਹਾਈਕੋਰਟ ਨੂੰ ਇਸ ਸਬੰਧੀ ਸਖਤ ਹੁਕਮ ਜਾਰੀ ਕਰਨੇ ਪੈਣਗੇ। ਉਪਰੰਤ ਹਾਈਕੋਰਟ ਨੇ ਸੁਣਵਾਈ ਨੂੰ ਇੱਕ ਘੰਟੇ ਲਈ ਮੁਅੱਤਲ ਕਰ ਦਿੱਤਾ ਸੀ।
ਇਸਤੋਂ ਬਾਅਦ ਹੁਣ ਦਾਖਲ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ 250 ਪਟੀਸ਼ਨਾਂ ਦੀਆਂ ਪੰਚਾਇਤੀ ਚੋਣਾਂ 'ਤੇ ਰੋਕ ਲਗਾ ਦਿੱਤੀ ਹੈ।
- PTC NEWS