ਪਨਬੱਸ ਤੇ PRTC ਵੱਲੋਂ ਪੰਜਾਬ 'ਚ ਚੱਕਾ ਜਾਮ, ਯਾਤਰੀ ਪਰੇਸ਼ਾਨ
ਚੰਡੀਗੜ੍ਹ: ਪੰਜਾਬ ਵਿੱਚ ਪਨਬੱਸ ਅਤੇ ਪੀਆਰਟੀਸੀ ਵੱਲੋਂ ਚੱਕਾ ਜਾਮ ਕੀਤਾ ਗਿਆ ਹੈ। ਕੱਚੇ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪੰਜਵੇਂ ਦਿਨ ਵੀ ਲਗਾਤਾਰ ਜਾਰੀ ਹੈ। ਪਨਬੱਸ ਦੇ ਆਗੂਆਂ ਦੇ ਨਾਲ ਪੰਜਾਬ ਵਧੀਕ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ ਦੇ ਨਾਲ ਅੱਜ ਮੀਟਿੰਗ ਹੈ ਅਤੇ 24 ਨਵੰਬਰ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਵੀ ਮੀਟਿੰਗ ਤੈਅ ਹੋਈ ਹੈ ਪਰ ਪਨਬੱਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਧਰਨਾ ਲਗਾਤਾਰ ਜਾਰੀ ਹੈ।ਯੂਨੀਅਨ ਵੱਲੋਂ ਬਟਾਲਾ ਡਿਪੂ ਦੇ ਕੰਡਕਟਰ ਦੀ ਨਾਜਾਇਜ਼ ਰਿਪੋਰਟ ਰੱਦ ਕਰਨ ਤੇ ਫਿਰੋਜ਼ਪੁਰ ਡਿਪੂ ਦੀਆਂ ਕੀਤੀਆਂ 15 ਕੰਡਕਟਰਾਂ ਦੀਆਂ ਬਦਲੀਆਂ ਰੱਦ ਕਰਨ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਧਰਨੇ
ਦੱਸ ਦਈਏ ਕਿ ਸਰਕਾਰੀ ਬੱਸਾਂ ਪੂਰਨ ਤੌਰ ’ਤੇ ਬੰਦ ਹੈ ਜਿਸਦੇ ਚੱਲਦੇ ਲੁਧਿਆਣਾ ਬੱਸ ਅੱਡੇ ਪਹੁੰਚੇ ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕਾਫ਼ੀ ਖੱਜਲ ਖੁਆਰੀ ਹੋ ਰਹੀ ਹੈ।
ਦਰਅਸਲ ਬੀਤੇ ਲੰਮੇਂ ਸਮੇਂ ਤੋਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਅਤੇ ਇੱਕ ਕੰਡਕਟਰ ਤੇ ਕੀਤੀ ਗਈ ਕਾਰਵਾਈ ਨੂੰ ਲੈ ਕੇ ਕਾਫੀ ਰੋਸ ਜਤਾਇਆ ਜਾ ਰਿਹਾ ਸੀ।
ਪੰਜਾਬ ਦੇ ਲਗਭਗ ਸਾਰੇ ਹੀ ਪਨਬਸ ਅਤੇ ਪੀ ਆਰ ਟੀ ਸੀ ਦੇ ਅੱਡੀਆਂ ਨੂੰ ਬੰਦ ਕੀਤਾ ਹੋਇਆ ਹੈ ਜਿਸ ਕਰਕੇ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਹਿਲਾਵਾਂ ਦੇ ਮੁਫ਼ਤ ਸਫ਼ਰ ਉੱਤੇ ਚੁੱਕੇ ਸਵਾਲ
ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਸਾਡੀਆਂ ਹੱਕੀ ਮੰਗਾਂ ਪੂਰੀਆਂ ਕੀਤੀਆਂ ਜਾਣ ਨਵੀਆਂ ਬੱਸਾਂ ਲਿਆਂਦੀਆਂ ਜਾਣ ਨਾਲ ਹੀ ਜਿਹੜੇ ਕੰਡਕਟਰ ਉੱਤੇ ਕਾਰਵਾਈ ਕੀਤੀ ਗਈ ਹੈ ਉਸਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਉਸ ਤੇ ਕਾਰਵਾਈ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਦੀਆਂ ਸਰਕਾਰੀ ਬੱਸਾ ਦੇ ਵਿੱਚ ਮਹਿਲਾਵਾਂ ਨੂੰ ਮੁਫ਼ਤ ਸਫਰ ਕਰਵਾਇਆ ਜਾਂਦਾ ਹੈ ਅਤੇ ਇਸ ਕਰਕੇ ਸਰਕਾਰੀ ਬੱਸਾਂ ਮੁਕੰਮਲ ਬੰਦ ਹੋਣ ਕਰਕੇ ਜ਼ਿਆਦਾਤਰ ਮਹਿਲਾਵਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੰਡਕਟਰ ਦੀ ਨਾਜਾਇਜ਼ ਰਿਪੋਰਟ ਰੱਦ ਕਰਨ ਦੀ ਮੰਗ
ਦੱਸ ਦੇਈਏ ਕਿ ਬਟਾਲਾ ਡਿੱਪੂ 9-11-22 ਦਾ ਬੰਦ ਹੈ ਕੰਡਕਟਰ ਦੀ ਨਾਜਾਇਜ਼ ਰਿਪੋਰਟ ਕੀਤੀ ਹੈ ਉਸ ਦੀ ਹਮਾਇਤ 'ਚ 6 ਡਿੱਪੂ ਬੰਦ ਸੀ। ਪਨਬੱਸ ਦੇ ਸਾਰੇ 18 ਡਿੱਪੂ ਬੰਦ ਪਏ ਹਨ ਪਰ ਸਰਕਾਰ ਵੱਲੋਂ ਹੁਣ ਤਕ ਕੋਈ ਸੁਣਵਾਈ ਨਹੀਂ ਕੀਤੀ ਗਈ, ਜਿਸ ਕਾਰਨ ਅੱਜ ਯੂਨੀਅਨ ਵੱਲੋਂ ਪੰਜਾਬ ਸਰਕਾਰ ਤੇ ਟਰਾਂਸਪੋਰਟ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਮੰਗਾਂ ਸਬੰਧੀ ਪੱਟੀ ਵਿਖੇ ਟਰਾਂਸਪੋਰਟ ਮੰਤਰੀ ਪੰਜਾਬ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਮੁਕੰਮਲ ਚੱਕਾ ਜਾਮ ਕਰ ਕੇ ਅਗਲਾ ਐਕਸ਼ਨ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਜਾ ਫੇਰ ਇਸ ਤੋਂ ਕੋਈ ਤਿੱਖਾ ਗੁਪਤ ਐਕਸ਼ਨ ਉਲੀਕਿਆ ਜਾਵੇਗਾ।
- PTC NEWS