Pahalgam Terror Attack: ਪਾਕਿਸਤਾਨ ਨੇ 48 ਘੰਟਿਆਂ ਬਾਅਦ ਵੀ ਰਿਹਾਅ ਨਹੀਂ ਕੀਤਾ BSF ਜਵਾਨ , ਗਲਤੀ ਨਾਲ ਪਾਰ ਕਰ ਗਿਆ ਸੀ ਜ਼ੀਰੋ ਲਾਈਨ
Pahalgam Terror Attack : ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੋਂ ਫੜੇ ਗਏ ਬੀਐਸਐਫ ਜਵਾਨ ਨੂੰ ਪਾਕਿਸਤਾਨੀ ਰੇਂਜਰਾਂ ਨੇ 48 ਘੰਟਿਆਂ ਬਾਅਦ ਵੀ ਰਿਹਾਅ ਨਹੀਂ ਕੀਤਾ। ਇਸ ਸਬੰਧੀ ਬੀਐਸਐਫ ਅਤੇ ਪਾਕਿਸਤਾਨੀ ਰੇਂਜਰਾਂ ਵਿਚਕਾਰ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਹੈ। ਪਾਕਿਸਤਾਨੀ ਰੇਂਜਰਾਂ ਦੇ ਰਵੱਈਏ ਨੂੰ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਬੀਐਸਐਫ ਜਵਾਨ ਪੀਕੇ ਸਾਹੂ ਦੇ ਭਰਾ ਸ਼ਿਆਮਸੁੰਦਰ ਸਾਹੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੇਂਦਰ ਸਰਕਾਰ ਅਤੇ ਬੀਐਸਐਫ ਅਧਿਕਾਰੀਆਂ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਸਰਕਾਰ ਉਸਦੀ ਸੁਰੱਖਿਅਤ ਅਤੇ ਤੁਰੰਤ ਵਾਪਸੀ ਨੂੰ ਯਕੀਨੀ ਬਣਾਏ। ਪੂਰਾ ਪਰਿਵਾਰ ਬਹੁਤ ਚਿੰਤਤ ਹੈ"।
ਦੱਸ ਦੇਈਏ ਕਿ ਬੁੱਧਵਾਰ ਨੂੰ ਬੀਐਸਐਫ ਜਵਾਨ ਪੀਕੇ ਸਿੰਘ ਨੇ ਫਿਰੋਜ਼ਪੁਰ ਵਿੱਚ ਗਲਤੀ ਨਾਲ ਭਾਰਤ-ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਪਾਰ ਕਰ ਲਈ ਸੀ। ਜਿਸ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਨੇ ਉਸਨੂੰ ਫੜ ਲਿਆ ਅਤੇ ਹਥਿਆਰ ਖੋਹ ਲਏ ਗਏ। ਪਾਕਿਸਤਾਨੀ ਮੀਡੀਆ ਨੇ ਫੌਜੀ ਨੂੰ ਹਿਰਾਸਤ ‘ਚ ਲਏ ਜਾਣ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇੱਕ ਫੋਟੋ ਵਿੱਚ ਫੌਜੀ ਇੱਕ ਏਕੇ-47 ਰਾਈਫਲ ਅਤੇ ਇੱਕ ਪਾਣੀ ਦੀ ਬੋਤਲ ਨਾਲ ਦਿਖਾਈ ਦੇ ਰਿਹਾ ਹੈ।
ਜਾਣਕਾਰੀ ਮੁਤਾਬਕ ਪੀਕੇ ਸਿੰਘ ਕੋਲਕਾਤਾ ਦੇ ਹੁਗਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਕੁਝ ਦਿਨ ਪਹਿਲਾਂ ਤਬਾਦਲਾ ਹੋਇਆ ਸੀ। ਉਹ ਜ਼ੀਰੋ ਲਾਈਨ ਬਾਰੇ ਬਹੁਤਾ ਨਹੀਂ ਜਾਣਦਾ ਸੀ। ਬੁੱਧਵਾਰ ਨੂੰ ਸਵੇਰੇ ਕਿਸਾਨ ਕਣਕ ਦੀ ਵਾਢੀ ਕਰਨ ਲਈ ਆਪਣੀ ਕੰਬਾਈਨ ਮਸ਼ੀਨ ਨਾਲ ਖੇਤ ‘ਚ ਗਿਆ। ਕਿਸਾਨਾਂ ‘ਤੇ ਨਜ਼ਰ ਰੱਖਣ ਲਈ ਬੀਐਸਐਫ ਦੇ ਦੋ ਜਵਾਨ ਵੀ ਉਨ੍ਹਾਂ ਦੇ ਨਾਲ ਸਨ। ਉਸੇ ਸਮੇਂ ਇੱਕ ਜਵਾਨ ਗਲਤੀ ਨਾਲ ਸਰਹੱਦ ਪਾਰ ਕਰ ਗਿਆ। ਫਿਰ ਪਾਕਿਸਤਾਨੀ ਰੇਂਜਰ ਜਲੋਕੇ ਸਥਿਤ ਬੀ.ਐਸ.ਐਫ ਦੀ ਚੈਕ ਪੋਸਟ ‘ਤੇ ਪਹੁੰਚ ਗਏ। ਉਨ੍ਹਾਂ ਨੇ ਬੀਐਸਐਫ ਜਵਾਨ ਨੂੰ ਫੜ ਲਿਆ ।
- PTC NEWS