Pahalgam Terror Attack : Pahalgam Terror Attack : ਅਟਾਰੀ-ਵਾਹਗਾ ਬਾਰਡਰ ਰਾਹੀਂ ਆਪਣੇ ਦੇਸ਼ ਲਈ ਰਵਾਨਾ ਹੋਇਆ ਪਾਕਿਸਤਾਨੀ ਨਾਗਰਿਕ , 48 ਘੰਟਿਆਂ ਦੇ ਅੰਦਰ ਭਾਰਤ ਛੱਡਣ ਦਾ ਆਦੇਸ਼
Pahalgam Terror Attack : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸੁਰੱਖਿਆ ਬਾਰੇ ਕੈਬਨਿਟ ਕਮੇਟੀ (CCS) ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪਾਕਿਸਤਾਨ ਵਿਰੁੱਧ ਪੰਜ ਸਖ਼ਤ ਫੈਸਲੇ ਲਏ ਗਏ। ਜਿਸ ਦੇ ਤਹਿਤ ਸਾਰੇ ਪਾਕਿਸਤਾਨੀ ਵੀਜ਼ੇ ਰੱਦ ਕੀਤੇ ਗਏ , ਪਾਕਿਸਤਾਨੀਆਂ ਨੂੰ 48 ਘੰਟਿਆਂ ਦੇ ਅੰਦਰ ਭਾਰਤ ਛੱਡਣਾ ਪਵੇਗਾ, ਭਾਰਤ ਵਿੱਚ ਪਾਕਿਸਤਾਨੀ ਦੂਤਾਵਾਸ ਬੰਦ , ਅਟਾਰੀ ਬਾਰਡਰ ਤੁਰੰਤ ਪ੍ਰਭਾਵ ਨਾਲ ਬੰਦ ਕੀਤਾ ਗਿਆ ਅਤੇ ਸਿੰਧੂ ਜਲ ਸਮਝੌਤਾ ਤੁਰੰਤ ਪ੍ਰਭਾਵ ਨਾਲ ਰੋਕਿਆ ਗਿਆ।
ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ,ਜਿਸ ਵਿੱਚ ਪਾਕਿਸਤਾਨੀ ਨਾਗਰਿਕ ਅਟਾਰੀ-ਵਾਹਗਾ ਬਾਰਡਰ ਰਾਹੀਂ ਆਪਣੇ ਦੇਸ਼ ਲਈ ਰਵਾਨਾ ਹੋਏ ਹਨ। ਭਾਰਤ ਨੇ SVES ਵੀਜ਼ਾ ਤਹਿਤ ਦੇਸ਼ ਵਿੱਚ ਮੌਜੂਦ ਪਾਕਿਸਤਾਨੀ ਨਾਗਰਿਕਾਂ ਨੂੰ 48 ਘੰਟਿਆਂ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਜਿਵੇਂ ਹੀ ਹੁਕਮ ਜਾਰੀ ਹੋਇਆ ਤਾਂ ਇੱਕ ਪਾਕਿਸਤਾਨੀ ਨਾਗਰਿਕ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਆਪਣੇ ਦੇਸ਼ ਲਈ ਰਵਾਨਾ ਹੁੰਦੇ ਦੇਖਿਆ ਗਿਆ।
ਦੱਸ ਦੇਈਏ ਕਿ ਜੰਮੂ -ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ ਜਿੱਥੇ 26 ਲੋਕਾਂ ਦੀ ਜਾਨ ਚਲੀ ਗਈ, ਉੱਥੇ ਹੀ ਦੇਸ਼ ਦੇ ਤਿੰਨ ਅਫ਼ਸਰ ਵੀ ਇਸ ਕਾਇਰਾਨਾ ਹਮਲੇ ਦਾ ਸ਼ਿਕਾਰ ਹੋਏ ਹਨ। ਇਸ ਹਮਲੇ ਵਿੱਚ 26 ਸੈਲਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ। ਇਸ ਘਟਨਾ ਨੂੰ 2019 ਦੇ ਪੁਲਵਾਮਾ ਬੰਬ ਧਮਾਕੇ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਸਭ ਤੋਂ ਘਾਤਕ ਹਮਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
- PTC NEWS