Pakistani airstrikes in Afghanistan : ਅਫਗਾਨਿਸਤਾਨ 'ਤੇ ਲਗਾਤਾਰ ਹਵਾਈ ਹਮਲੇ ਕਰਕੇ ਖਲਬਲੀ ਮਚਾ ਦਿੱਤੀ। ਇਹ ਹਮਲੇ ਅਫਗਾਨਿਸਤਾਨ ਦੇ ਪਕਤਿਕਾ ਸੂਬੇ ਦੇ ਬਰਮਲ ਜ਼ਿਲੇ 'ਚ ਹੋਏ, ਜਿਸ 'ਚ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਮੰਗਲਵਾਰ ਰਾਤ ਨੂੰ ਹੋਏ ਹਮਲਿਆਂ 'ਚ ਲਾਮਨ ਸਮੇਤ ਕਈ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ। ਸਥਾਨਕ ਸੂਤਰਾਂ ਦਾ ਦਾਅਵਾ ਹੈ ਕਿ ਪਾਕਿਸਤਾਨ ਨੇ ਬੰਬਾਰੀ ਲਈ ਜੈੱਟ ਦੀ ਵਰਤੋਂ ਕੀਤੀ ਸੀ।
ਹਵਾਈ ਹਮਲੇ ਤੋਂ ਬਾਅਦ ਇਲਾਕੇ 'ਚ ਤਣਾਅ ਹੋਰ ਵਧ ਗਿਆ ਹੈ। ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕ ਸ਼ਾਮਲ ਹਨ। ਰਿਪੋਰਟਾਂ ਮੁਤਾਬਕ ਹਮਲਿਆਂ ਤੋਂ ਬਾਅਦ ਬਚਾਅ ਕਾਰਜ ਜਾਰੀ ਹਨ। ਇਸ ਦੌਰਾਨ, ਤਾਲਿਬਾਨ ਦੇ ਰੱਖਿਆ ਮੰਤਰਾਲੇ ਨੇ ਪਕਤਿਕਾ 'ਤੇ ਹਵਾਈ ਹਮਲੇ ਤੋਂ ਬਾਅਦ ਜਵਾਬ ਦੇਣ ਦੀ ਸਹੁੰ ਖਾਧੀ ਹੈ। ਤਾਲਿਬਾਨ ਨੇ ਕਿਹਾ ਹੈ ਕਿ ਉਹ ਆਪਣੀ ਜ਼ਮੀਨ ਅਤੇ ਪ੍ਰਭੂਸੱਤਾ ਨੂੰ ਬਚਾਉਣ ਲਈ ਕੁਝ ਵੀ ਕਰ ਸਕਦਾ ਹੈ। ਸਮੂਹ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਇਨ੍ਹਾਂ ਹਮਲਿਆਂ ਵਿੱਚ ਵਜ਼ੀਰਿਸਤਾਨ ਦੇ ਸ਼ਰਨਾਰਥੀਆਂ ਨੂੰ ਨਿਸ਼ਾਨਾ ਬਣਾਇਆ। ਵਜ਼ੀਰਿਸਤਾਨ ਦੇ ਸ਼ਰਨਾਰਥੀ ਉਹ ਲੋਕ ਹਨ ਜੋ ਪਾਕਿਸਤਾਨ ਦੇ ਕਬਾਇਲੀ ਖੇਤਰਾਂ ਵਿੱਚ ਫੌਜ ਦੇ ਹਮਲਿਆਂ ਤੋਂ ਬਾਅਦ ਉਜਾੜੇ ਗਏ ਸਨ।
ਪਾਕਿਸਤਾਨੀ ਫੌਜ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਇਹ ਹਮਲਾ ਸਰਹੱਦ ਨੇੜੇ ਤਾਲਿਬਾਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਹਾਲਾਂਕਿ ਪਾਕਿਸਤਾਨ ਨੇ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਅਤੇ ਤਾਲਿਬਾਨ ਸਰਕਾਰ ਵਿਚਾਲੇ ਟਕਰਾਅ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ। ਤਾਲਿਬਾਨ ਦੇ ਖੇਤਰੀ ਵਿੰਗ, ਪਾਕਿਸਤਾਨੀ ਤਾਲਿਬਾਨ, ਜਿਸ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਵੀ ਕਿਹਾ ਜਾਂਦਾ ਹੈ, ਨੇ ਹਾਲ ਹੀ ਦੇ ਮਹੀਨਿਆਂ ਵਿੱਚ ਪਾਕਿਸਤਾਨੀ ਫੌਜ 'ਤੇ ਲਗਾਤਾਰ ਹਮਲੇ ਕੀਤੇ ਹਨ, ਜਿਸ ਨਾਲ ਪਾਕਿਸਤਾਨ ਨੂੰ ਗੁੱਸਾ ਆਉਂਦਾ ਹੈ।
- PTC NEWS