Attari-Wagah Border : ਪਾਕਿਸਤਾਨੀ ਔਰਤ ਨੇ ਅਟਾਰੀ-ਵਾਹਗਾ ਸਰਹੱਦ 'ਤੇ ਬੱਚੀ ਨੂੰ ਜਨਮ, ਨਾਮ ਰੱਖਿਆ 'ਭਾਰਤੀ'
Pakistani woman gives birth to baby in India : ਪਾਕਿਸਤਾਨ ਤੋਂ ਅੱਜ ਬਾਅਦ ਦੁਪਹਿਰ ਅਟਾਰੀ-ਵਾਹਗਾ ਸਰਹੱਦ (Attari-Wagah border) ਰਸਤੇ ਭਾਰਤ ਪੁੱਜੇ ਪਾਕਿਸਤਾਨੀ ਸਿੰਧੀ ਹਿੰਦੂ ਜਥੇ ਵਿੱਚ ਸ਼ਾਮਿਲ ਇੱਕ ਮਹਿਲਾ, ਜੋ ਗਰਭਵਤੀ ਸੀ, ਨੇ ਭਾਰਤ ਅੰਦਰ ਦਾਖਲ ਹੁੰਦਿਆਂ ਅਟਾਰੀ ਸਰਹੱਦ ਤੇ ਸਥਿਤ ਆਈਸੀਪੀ ਵਿਖੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ I ਨਵ-ਜੰਮੀ ਬੱਚੀ ਦਾ ਨਾਮ ਪਰਿਵਾਰ ਵੱਲੋਂ ਮੌਕੇ 'ਤੇ ਹੀ ਭਾਰਤੀ ਰੱਖ ਦਿੱਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਆਈਸੀਪੀ ਅਟਾਰੀ ਸਰਹੱਦ ਵਿਖੇ ਭਾਰਤੀ ਡਾਕਟਰਾਂ ਦੀ ਇੱਕ ਟੀਮ ਤਾਇਨਾਤ ਰਹਿੰਦੀ ਹੈ ਜੋ ਕਿ ਪਾਕਿਸਤਾਨ ਤੇ ਭਾਰਤ ਦਰਮਿਆਨ ਆਉਣ ਜਾਣ ਵਾਲੇ ਸੈਲਾਨੀ ਯਾਤਰੂਆਂ ਦੀ ਮੈਡੀਕਲ ਜਾਂਚ ਕਰਦੀ ਹੈ I
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਕਿਸਤਾਨੀ ਹਿੰਦੂ ਜਥੇ ਦੇ ਆਗੂ ਹਰਲਾਲ ਵਾਸੀ ਸਾਗਰ ਸਿੰਧ ਪਾਕਿਸਤਾਨ ਨੇ ਦੱਸਿਆ ਕਿ ਉਹਨਾਂ ਦੇ ਨਾਲ ਦੋ ਹੋਰ ਵੱਖ ਵੱਖ ਸਿੰਧੀ ਹਿੰਦੂ ਜਥੇ ਭਾਰਤ ਪੁੱਜੇ ਹਨ ਜਿਨਾਂ ਵਿੱਚ 149 ਔਰਤਾਂ ਮਰਦ ਤੇ ਬੱਚੇ ਸ਼ਾਮਿਲ ਹਨ I ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਵਿਖੇ ਹਿੰਦੂਆਂ ਦੀ ਹਰ ਪੱਧਰ ਤੇ ਹਾਲਤ ਜਿਆਦਾ ਠੀਕ ਨਾ ਹੋਣ ਕਰਕੇ ਉਹ ਪੱਕੇ ਤੌਰ ਤੇ ਪਾਕਿਸਤਾਨ ਛੱਡ ਕੇ ਭਾਰਤ ਆਏ ਹਨ I
ਉਨ੍ਹਾਂ ਨੇ ਦੱਸਿਆ ਕਿ ਨਾਲ ਇੱਕ ਪਰਿਵਾਰ ਸੰਗਰ ਸਿੰਧ ਤੋਂ ਪਾਕਿਸਤਾਨ ਤੋਂ ਭਾਰਤ ਆਇਆ ਹੈ, ਜਿਸ ਵਿੱਚ ਉਹਨਾਂ ਦੀ ਮਹਿਲਾ ਗਰਭਵਤੀ ਸੀ ਨੂੰ ਭਾਰਤ ਅੰਦਰ ਦਾਖਲ ਹੁੰਦਿਆਂ ਬਹੁਤ ਤੇਜ਼ ਦਰਦਾਂ ਲੱਗੀਆਂ, ਜਿਸ ਨੂੰ ਆਈਸੀਪੀ ਅਟਾਰੀ ਵਿਖੇ ਸਥਿਤ ਮੈਡੀਕਲ ਜਾਂਚ ਟੀਮ ਵੱਲੋਂ ਤੁਰੰਤ ਨਜ਼ਦੀਕ ਦੇ ਅਟਾਰੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਨਾਂ ਨੇ ਕੁਝ ਸਮੇਂ ਬਾਅਦ ਹੀ ਬੱਚੀ ਨੂੰ ਜਨਮ ਦਿੱਤਾ ਹੈ।
ਜਥਾ ਲੀਡਰ ਹਰਲਾਲ ਨੇ ਦੱਸਿਆ ਕਿ ਅਟਾਰੀ ਸਰਹੱਦ ਵਿਖੇ ਭਾਰਤੀ ਖੇਤਰ ਆ ਕੇ ਨਵਜੰਮੀ ਬੱਚੀ ਦਾ ਨਾਮ ਪਰਿਵਾਰ ਵੱਲੋਂ ਭਾਰਤੀ ਰੱਖ ਦਿੱਤਾ ਗਿਆ ਹੈ, ਜੋ ਕਿ ਅਜੇ ਅਟਾਰੀ ਹਸਪਤਾਲ ਵਿਖੇ ਇਲਾਜ ਅਧੀਨ ਹੈ। ਉਹ 25 ਦਿਨਾਂ ਭਾਰਤ ਦੇ ਸ਼ਹਿਰ ਦਿੱਲੀ ਹਰਿਦੁਆਰ ਅਹਿਮਦਾਬਾਦ ਤੇ ਜੋਧਪੁਰ ਦੇ ਵੀਜੇ 'ਤੇ ਇਥੇ ਆਏ ਹਨ ਤੇ ਹੁਣ ਉਹ ਕਦੀ ਵੀ ਪਾਕਿਸਤਾਨ ਨਹੀਂ ਵਾਪਸ ਜਾਣਗੇ I
- PTC NEWS