ਪਾਕਿਸਤਾਨ 'ਚ ਤਾਲਿਬਾਨੀ ਅੱਤਵਾਦੀਆਂ ਨੇ ਪੁਲਿਸ ਮੁਲਾਜ਼ਮਾਂ ਨੂੰ ਬਣਾਇਆ ਬੰਦੀ, 2 ਦੀ ਮੌਤ
ਪਾਕਿਸਤਾਨ: ਖ਼ੈਬਰ ਪਖ਼ਤੋਨਖ਼ਵਾ ਦੇ ਜ਼ਿਲੇ ਬੰਨੂ ਵਿੱਚ ਤਾਲਿਬਾਨੀ ਅੱਤਵਾਦੀਆਂ ਨੇ ਇਕ ਕੇਂਦਰ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਕੁਝ ਪੁਲਿਸ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ 2 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ।
ਸੀਟੀਡੀ ਨੇ ਕੁਝ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਐਤਵਾਰ ਨੂੰ ਪੁਲਿਸ ਕਰਮਚਾਰੀ ਤੋਂ ਏਕੇ 47 ਖੋਹ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਦੱਸ ਦੇਈਏ ਕਿ ਬੰਧਕਾਂ ਦੀ ਰਿਹਾਈ ਦੇ ਬਦਲੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਤੋਂ ਉਨ੍ਹਾਂ ਨੂੰ ਸੁਰੱਖਿਅਤ ਅਫਗਾਨਿਸਤਾਨ ਲਿਜਾਣ ਲਈ ਹੈਲੀਕਾਪਟਰ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਪੁਲਿਸ ਅਧਿਕਾਰੀ ਮੁਹੰਮਦ ਇਕਬਾਲ ਨੇ ਕਿਹਾ ਕਿ ਬਾਹਰੋਂ ਕੋਈ ਹਮਲਾ ਨਹੀਂ ਹੋਇਆ ਅਤੇ ਪੁੱਛਗਿੱਛ ਦੌਰਾਨ ਇੱਕ ਅੱਤਵਾਦੀ ਨੇ ਪੁਲਿਸ ਤੋਂ ਰਾਈਫਲ ਖੋਹ ਲਈ ਅਤੇ ਇਮਾਰਤ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ।
ਅੱਤਵਾਦੀਆਂ ਨੇ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ 9 ਪੁਲਿਸ ਕਰਮਚਾਰੀ ਉਨ੍ਹਾਂ ਦੀ ਹਿਰਾਸਤ ਵਿੱਚ ਹਨ ਅਤੇ ਮੰਗ ਕੀਤੀ ਸੀ ਕਿ ਬੰਧਕਾਂ ਦੀ ਰਿਹਾਈ ਦੇ ਬਦਲੇ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਅਫਗਾਨਿਸਤਾਨ ਭੇਜਿਆ ਜਾਵੇ।
- PTC NEWS