ਸੰਗਤ ਲਈ ਜਲਦ ਖੁੱਲ੍ਹੇਗਾ ਇਤਿਹਾਸਕ ਗੁਰਦੁਆਰਾ ਹਵੇਲੀ ਸੁਜਾਨ ਸਿੰਘ, ਪਾਕਿਸਤਾਨ ਪੰਜਾਬ ਦੇ ਮੰਤਰੀ ਅਰੋੜਾ ਨੇ ਕੀਤਾ ਐਲਾਨ
ਪਾਕਿਸਤਾਨ ਦੇ ਰਾਵਲਪਿੰਡੀ ਦੇ ਬਾਗ ਸਰਦਾਰਾਂ ਵਿਖੇ ਸਥਿਤ ਗੁਰਦੁਆਰਾ ਹਵੇਲੀ ਸੁਜਾਨ ਸਿੰਘ ਨੂੰ ਸੰਗਤ ਦੇ ਦਰਸ਼ਨਾਂ ਲਈ ਜਲਦ ਖੋਲ੍ਹਿਆ ਜਾਵੇਗਾ। ਇਹ ਐਲਾਨ ਪਾਕਿਸਤਾਨ ਦੇ ਸਿੱਖ ਆਗੂ ਅਤੇ ਵਜ਼ੀਰ ਰਮੇਸ਼ ਸਿੰਘ ਅਰੋੜਾ ਨੇ ਕੀਤਾ ਹੈ।
ਪਾਕਿਸਤਾਨ ਦੇ ਸ਼ਹਿਰ ਰਾਵਲਪਿੰਡੀ ਵਿਖੇ ਸਥਿਤ ਪੁਰਾਤਨ ਗੁਰਦੁਆਰਾ, ਜੋ ਪਿਛਲੇ ਲੰਮੇ ਸਮੇਂ ਤੋਂ ਬੰਦ ਸੀ, ਨੂੰ ਬੁੱਧਵਾਰ ਖੋਲ੍ਹਿਆ ਗਿਆ। ਗੁਰਦੁਆਰਾ ਸਾਹਿਬ ਨੂੰ ਖੋਲਣ 'ਤੇ ਉਸ ਵਿੱਚ ਮੁੜ ਸੇਵਾ-ਸੰਭਾਲ ਸ਼ੁਰੂ ਕਰਨ ਲਈ ਪਾਕਿਸਤਾਨ ਪੰਜਾਬ ਦੇ ਘੱਟ ਗਿਣਤੀਆਂ ਬਾਰੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ, ਸਾਬਕਾ ਪ੍ਰਧਾਨ ਸਤਵੰਤ ਸਿੰਘ ਗ੍ਰੰਥੀ ਭਾਈ ਸੰਤੋਖ ਸਿੰਘ ਪੰਜਾ ਸਾਹਿਬ ਸਮੇਤ ਰਾਵਲਪਿੰਡੀ ਪੰਜਾ ਸਾਹਿਬ ਅਤੇ ਇਸਲਾਮਾਬਾਦ ਦੀਆਂ ਸੰਗਤਾਂ ਸ਼ਾਮਿਲ ਹੋਈਆਂ।
ਦੱਸ ਦਈਏ ਕਿ ਇਹ ਇਤਿਹਾਸਕ ਗੁਰਦੁਆਰਾ ਭਾਈ ਸੁਜਾਨ ਸਿੰਘ ਜੀ ਪਿਛਲੇ ਲੰਮੇ ਸਮੇਂ ਤੋਂ ਬੰਦ ਸੀ। ਇਹ ਇਤਿਹਾਸਿਕ ਗੁਰਦੁਆਰਾ ਬਾਗ ਸਰਦਾਰਾ ਰਾਜਾ ਬਾਜ਼ਾਰ ਰਾਵਲਪਿੰਡੀ ਵਿੱਚ ਸਥਿਤੀ ਹੈ। ਇਸ ਗੁਰਦੁਆਰਾ ਸਾਹਿਬ ਨੂੰ ਖੋਲ ਕੇ ਮੁੜ-ਸੇਵਾ ਸੰਭਾਲ ਕਰਨ ਲਈ ਇਸਲਾਮਾਬਾਦ ਰਾਵਲਪਿੰਡੀ ਤੇ ਪੰਜਾ ਸਾਹਿਬ ਦੀਆਂ ਸੰਗਤਾਂ ਵੱਲੋਂ ਪੰਜਾਬ ਸਰਕਾਰ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਗਈ ਸੀ।
ਗੁਰਦੁਆਰਾ ਸਾਹਿਬ ਪਹੁੰਚੇ ਘੱਟ ਗਿਣਤੀਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਸੰਗਤਾਂ ਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਧਾਰਮਿਕ ਅਸਥਾਨ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਸੰਭਾਲ ਕਰਕੇ ਸੰਗਤਾਂ ਦੇ ਦਰਸ਼ਨ ਦੀਦਾਰ ਲਈ ਖੋਲ੍ਹਿਆ ਜਾਵੇਗਾ।
- PTC NEWS