ਪਾਕਿਸਤਾਨ: ਭਾਰੀ ਮੀਂਹ ਕਾਰਨ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਨੂੰ ਪਹੁੰਚਿਆ ਨੁਕਸਾਨ
ਪੀ.ਟੀ.ਸੀ ਵੈੱਬ ਡੈਸਕ: ਭਾਰਤ-ਪਾਕਿ ਸਰਹੱਦ ਦੇ ਨਜ਼ਦੀਕ ਪੈਂਦੇ ਆਖਰੀ ਪਿੰਡ ਜਾਹਮਣ ਦਾ ਇਤਿਹਾਸਕ ਗੁਰਦੁਆਰਾ ਰੋੜੀ ਸਾਹਿਬ ਸਦੀਆਂ ਤੋਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਜੋ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਢਹਿ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਇਹ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਬਣਾਇਆ ਗਿਆ ਸੀ।
ਡਾਆਨ ਦੀ ਰਿਪੋਰਟ ਮੁਤਾਬਕ 1947 ਵਿਚ ਸਿੱਖਾਂ ਦੇ ਇਲਾਕਾ ਛੱਡਣ ਤੋਂ ਬਾਅਦ ਪਾਕਿਸਤਾਨ ਦੇ ਅਧਿਕਾਰੀਆਂ ਦੀ ਅਣਗਹਿਲੀ ਅਤੇ ਇਸ ਗੁਰਦੁਆਰੇ ਦੀਆਂ ਜ਼ਮੀਨਾਂ 'ਤੇ ਕੀਤੇ ਨਾਜਾਇਜ਼ ਕਬਜ਼ੇ ਇਸ ਦੇ ਨਿਘਾਰ ਨੂੰ ਵਧਾਉਣ ਦਾ ਮੁੱਖ ਕਾਰਨ ਬਣੇ। ਇਹੀ ਕਾਰਨ ਹੈ ਕਿ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਇਸ ਇਤਿਹਾਸਕ ਗੁਰਦੁਆਰੇ ਦੀ ਤਬਾਹੀ ਦਾ ਕਾਰਨ ਬਣੀ।
- ਨਾਂਦੇੜ ਸਾਹਿਬ ਦੇ ਉਸ ਪ੍ਰਸ਼ਾਸਕ ਬਾਰੇ ਜਾਣੋ ਜਿਸਨੇ ਗੁਰਦੁਆਰੇ ਦੀ ਸਾਲਾਨਾ ਆਮਦਨ 'ਚ ਕੀਤਾ 27 ਕਰੋੜ ਦਾ ਵਾਧਾ
ਇਕੱਤਰ ਕੀਤੀ ਜਾਣਕਾਰੀ ਮੁਤਾਬਕ ਕਿਸੇ ਸਮੇਂ ਇਹ ਗੁਰਦੁਆਰਾ ਸਿੱਖ ਬਹੁਗਿਣਤੀ ਵਾਲੇ ਪਿੰਡ ਜਾਹਮਣ ਵਿੱਚ ਕਰੀਬ 500 ਕਨਾਲਾਂ ਵਿੱਚ ਬਣਿਆ ਹੋਇਆ ਸੀ। ਜਿਸ ਵਿੱਚ ਸਾਹਮਣੇ ਇੱਕ ਵੱਡੀ ਝੀਲ ਸੀ ਜੋ ਅੱਜ ਵੀ ਮੌਜੂਦ ਹੈ। ਹੁਣ ਇਸ ਗੁਰਦੁਆਰੇ ਦੀ ਜ਼ਿਆਦਾਤਰ ਜ਼ਮੀਨ 'ਤੇ ਕੁਝ ਭੂ-ਮਾਫੀਆ ਦੇ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਇਸ ਵਿੱਚ ਨਾਨਕਸ਼ਾਹੀ ਇੱਟਾਂ ਦੀ ਬਣੀ ਦੋ ਮੰਜ਼ਿਲਾ ਇਮਾਰਤ ਸੀ ਅਤੇ ਗੁਰਦੁਆਰੇ ਦੇ ਸਿਰੇ ਉੱਤੇ ਇੱਕ ਵਿਸ਼ਾਲ ਸੁਨਹਿਰੀ ਗੁੰਬਦ ਸੀ।
ਪਰ ਹੁਣ ਬਰਸਾਤ ਕਾਰਨ ਗੁਰਦੁਆਰੇ ਦੇ ਢਹਿ ਜਾਣ ਤੋਂ ਬਾਅਦ ਪਿਛਲੇ ਪਾਸੇ ਦੀ ਕੰਧ ਦਾ ਕੁਝ ਹਿੱਸਾ ਹੀ ਬਚਿਆ ਹੈ। ਜਦਕਿ ਗੁਰਦੁਆਰਾ ਸਾਹਿਬ ਦਾ ਗੁੰਬਦ, ਅੰਦਰਲਾ ਹਿੱਸਾ ਅਤੇ ਅਗਲਾ ਹਿੱਸਾ ਪੂਰੀ ਤਰ੍ਹਾਂ ਢਹਿ ਗਿਆ ਹੈ। ਕਰੀਬ 20 ਦਿਨ ਪਹਿਲਾਂ ਹੋਈ ਭਾਰੀ ਬਾਰਿਸ਼ ਤੋਂ ਪਹਿਲਾਂ ਇਹ ਗੁਰਦੁਆਰਾ ਪੂਰੀ ਸ਼ਾਨ ਨਾਲ ਖੜ੍ਹਾ ਸੀ।
ਰਿਪੋਰਟ ਮੁਤਾਬਕ ਇਸ ਸਬੰਧੀ ਇਸ ਗੁਰਦੁਆਰਾ ਸਾਹਿਬ ਦੇ ਨੇੜੇ ਰਹਿਣ ਵਾਲੇ ਮੁਹੰਮਦ ਸਦੀਕ ਨਾਂ ਦੇ ਵਿਅਕਤੀ ਨੇ ਇਲਜ਼ਾਮ ਲਾਇਆ ਕਿ ਕੁਝ ਤਾਕਤਵਰ ਭੂ-ਮਾਫੀਆ ਦੇ ਲੋਕਾਂ ਨੇ ਨਾ ਸਿਰਫ ਇਸ ਗੁਰਦੁਆਰੇ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਸਗੋਂ ਇਸ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ 'ਤੇ ਡੂੰਘੇ ਟੋਏ ਵੀ ਪੁੱਟ ਦਿੱਤੇ ਸਨ।
- ਸ਼੍ਰੋਮਣੀ ਕਮੇਟੀ ਦੇ ਸਮੂਹ ਮੁਲਾਜ਼ਮ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਦੇਣਗੇ ਇੱਕ ਦਿਨ ਦੀ ਤਨਖ਼ਾਹ
ਉਸ ਨੇ ਅੱਗੇ ਦੱਸਿਆ ਕਿ ਉਹ ਇਨ੍ਹਾਂ ਵਿਅਕਤੀਆਂ ਬਾਰੇ ਜ਼ਿਆਦਾ ਨਹੀਂ ਜਾਣਦਾ ਪਰ ਇਹ ਲੋਕ ਨੇੜਲੇ ਪਿੰਡ ਲਿੱਦੜ ਦੇ ਵਸਨੀਕ ਹਨ। ਇਹ ਇਤਿਹਾਸਕ ਗੁਰਦੁਆਰਾ ਰੋਡੀ ਸਾਹਿਬ ਲਾਹੌਰ ਤੋਂ ਕਰੀਬ 30 ਕਿਲੋਮੀਟਰ ਦੂਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਪਿੰਡ ਤੋਂ ਅੱਧਾ ਕਿਲੋਮੀਟਰ ਬਾਹਰ ਸਥਿਤ ਹੈ। ਬਾਬਾ
ਨਾਨਕ ਇਸ ਅਸਥਾਨ 'ਤੇ ਠਹਿਰਦੇ ਸਨ। ਰਿਪੋਰਟਾਂ ਮੁਤਾਬਕ ਇਸ ਗੁਰਦੁਆਰਾ ਸਾਹਿਬ ਦੇ ਢਹਿ ਜਾਣ ਦੇ ਬਾਵਜੂਦ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਪ੍ਰਮੁੱਖ ਸਿੱਖ ਅਜੇ ਤੱਕ ਇਸ ਗੁਰਦੁਆਰੇ ਦੀ ਹਾਲਤ ਦੇਖਣ ਨਹੀਂ ਆਏ ਹਨ।
- With inputs from agencies