ਪੇਸ਼ਾਵਰ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਐਤਵਾਰ ਸਵੇਰੇ ਇੱਕ ਬਾਜ਼ਾਰ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖ਼ਮੀ ਹੋ ਗਏ। ਬਰਖਾਨ ਦੇ ਡਿਪਟੀ ਕਮਿਸ਼ਨਰ ਅਬਦੁੱਲਾ ਖੋਸੋ ਨੇ ਦੱਸਿਆ ਕਿ ਧਮਾਕਾ ਰਾਖਨੀ ਬਾਜ਼ਾਰ ਖੇਤਰ 'ਚ ਉਸ ਸਮੇਂ ਹੋਇਆ ਜਦੋਂ ਇਕ ਮੋਟਰਸਾਈਕਲ 'ਤੇ ਲਗਾਇਆ ਗਿਆ ਇਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਯੰਤਰ (ਆਈਈਡੀ) ਫਟ ਗਿਆ।ਬਰਖਾਨ ਸਟੇਸ਼ਨ ਹਾਊਸ ਅਫਸਰ (ਐੱਸਐੱਚਓ) ਸੱਜਾਦ ਅਫਜ਼ਲ ਨੇ ਦੱਸਿਆ ਕਿ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੀ ਇੱਕ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਅਗਲੇਰੀ ਜਾਂਚ ਲਈ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ।ਬਲੋਚਿਸਤਾਨ ਪ੍ਰਾਂਤ 'ਚ ਹਾਲ ਹੀ ਦੇ ਮਹੀਨਿਆਂ ਵਿੱਚ ਹਿੰਸਕ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਜਿਸ ਵਿੱਚ ਬੰਬ ਧਮਾਕੇ ਅਤੇ ਨਿਸ਼ਾਨਾ ਹਮਲੇ ਸ਼ਾਮਿਲ ਹਨ, ਜਿਸ ਨਾਲ ਸੁਰੱਖਿਆ ਉਪਾਅ ਅਤੇ ਜਨਤਕ ਸੁਰੱਖਿਆ ਦੀਆਂ ਚਿੰਤਾਵਾਂ ਵਧੀਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਵੀ ਧਮਾਕੇ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਤੋਂ ਰਿਪੋਰਟ ਮੰਗੀ ਹੈ। ਹੁਣ ਵੇਖਣਾ ਹੋਵੇਗਾ ਕਿ ਆਖਰ ਕਦੋਂ ਤੱਕ ਇਸ ਬੰਬ ਧਮਾਕੇ ਦੀ ਰਿਪੋਰਟ ਸੌਂਪੀ ਜਾਵੇਗੀ ਅਤੇ ਕਦੋਂ ਪਤਾ ਲੱਗੇਗਾ ਕਿ ਇਸ ਸਭ ਪਿੱਛੇ ਕਿਸ ਦਾ ਹੱਥ ਹੈ।