Pahalgam Terrorist Attack : ਪਹਿਲਗਾਮ ਘੁੰਮਣ ਗਏ ਸੈਲਾਨੀਆਂ 'ਤੇ ਅੱਤਵਾਦੀ ਹਮਲਾ, ਗੋਲੀਬਾਰੀ ਵਿੱਚ ਇੱਕ ਸੈਲਾਨੀ ਦੀ ਮੌਤ, ਸੱਤ ਜ਼ਖਮੀ; ਫੌਜ ਨੇ ਸੰਭਾਲਿਆ ਮੋਰਚਾ
Pahalgam Terrorist Attack : ਜੰਮੂ-ਕਸ਼ਮੀਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਅੱਤਵਾਦੀ ਘਟਨਾ ਸਾਹਮਣੇ ਆਈ ਹੈ। ਦੱਖਣੀ ਕਸ਼ਮੀਰ ਦੇ ਪਹਿਲਗਾਮ ਦੇ ਬੈਸਰਨ ਇਲਾਕੇ ਵਿੱਚ ਅੱਤਵਾਦੀਆਂ ਵੱਲੋਂ ਸੈਲਾਨੀਆਂ 'ਤੇ ਕੀਤੇ ਗਏ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਬਲ ਮੌਕੇ 'ਤੇ ਪਹੁੰਚ ਗਏ, ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਕਈ ਸੈਲਾਨੀ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਹਮਲਾ ਬੈਸਰਨ ਘਾਟੀ ਦੇ ਮੈਦਾਨਾਂ ਦੇ ਨੇੜੇ ਹੋਇਆ। ਇੱਕ ਮਹਿਲਾ ,ਜੋ ਇਸ ਹਮਲੇ 'ਚ ਜੀਵਤ ਬਚੀ ਨੇ ਦੱਸਿਆ, "ਮੇਰੇ ਪਤੀ ਦੇ ਸਿਰ ਵਿੱਚ ਗੋਲੀ ਲੱਗੀ ਹੈ ਅਤੇ ਸੱਤ ਹੋਰ ਜ਼ਖਮੀ ਵੀ ਹੋਏ ਸਨ। ਔਰਤ ਨੇ ਆਪਣੀ ਪਛਾਣ ਨਹੀਂ ਦੱਸੀ ਪਰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਬਲਾਂ ਦੀਆਂ ਟੀਮਾਂ ਨੂੰ ਇਲਾਕੇ ਵਿੱਚ ਭੇਜਿਆ ਗਿਆ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਦੀ ਆਵਾਜ਼ ਸੁਣਨ ਤੋਂ ਤੁਰੰਤ ਬਾਅਦ ਸੁਰੱਖਿਆ ਬਲਾਂ ਨੂੰ ਬੈਸਰਨ ਖੇਤਰ ਵੱਲ ਭੇਜਿਆ ਗਿਆ, ਜੋ ਕਿ ਇੱਕ ਗੈਰ-ਮੋਟਰੇਬਲ ਇਲਾਕਾ ਹੈ। ਘਟਨਾ ਸੰਬੰਧੀ ਹੋਰ ਜਾਣਕਾਰੀ ਦੀ ਉਡੀਕ ਹੈ। ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਇਹ ਹਮਲਾ ਉਸ ਸਮੇਂ ਹੋਇਆ ,ਜਦੋਂ ਪਹਿਲਗਾਮ ਸੈਲਾਨੀਆਂ ਨਾਲ ਭਰਿਆ ਹੋਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਪਹਿਲਗਾਮ ਵਿੱਚ ਲਗਭਗ 3 ਤੋਂ 5 ਮਿੰਟ ਤੱਕ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਉਹ ਉੱਥੋਂ ਭੱਜ ਗਏ। ਇਸ ਅੱਤਵਾਦੀ ਹਮਲੇ ਵਿੱਚ 12 ਦੇ ਕਰੀਬ ਸੈਲਾਨੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚ 4 ਗੰਭੀਰ ਜ਼ਖਮੀ ਹਨ। ਸਾਰਿਆਂ ਨੂੰ ਅਨੰਤਨਾਗ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਹਮਲੇ ਵਿੱਚ ਸਿਰਫ਼ ਇਨਸਾਨ ਹੀ ਨਹੀਂ ਸਗੋਂ ਕੁਝ ਘੋੜੇ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਹਨ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਮਹਿਬੂਬਾ ਨੇ ਕਿਹਾ ਕਿ ਸਾਡੀਆਂ ਸੰਵੇਦਨਾਵਾਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ। ਖੁਫੀਆ ਸੁਰੱਖਿਆ ਏਜੰਸੀ ਦੇ ਸੂਤਰਾਂ ਅਨੁਸਾਰ, ਇਸ ਹਮਲੇ ਵਿੱਚ ਟੀਆਰਐਫ ਅੱਤਵਾਦੀ ਸੰਗਠਨ ਸ਼ਾਮਲ ਹੈ। ਦੋ ਤੋਂ ਤਿੰਨ ਹਮਲਾਵਰ ਪੁਲਿਸ/ਫੌਜ ਦੀ ਵਰਦੀ ਵਿੱਚ ਸਨ। ਹਮਲੇ ਤੋਂ ਬਾਅਦ ਆਈ ਤਸਵੀਰ ਵਿੱਚ ਸੈਲਾਨੀ ਡਰੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੂੰ ਆਪਣੇ ਹੋਟਲ ਵੱਲ ਤੇਜ਼ੀ ਨਾਲ ਭੱਜਦਾ ਦੇਖਿਆ ਗਿਆ।
ਇਲਾਕੇ ਵਿੱਚ ਸਰਚ ਆਪਰੇਸ਼ਨ ਸ਼ੁਰੂ
ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਦੀ ਪੁਸ਼ਟੀ ਉੱਚ ਅਧਿਕਾਰੀਆਂ ਨੇ ਕੀਤੀ ਹੈ। ਫੌਜ ਦੇ ਜਵਾਨ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨ ਮੌਕੇ 'ਤੇ ਮੌਜੂਦ ਹਨ। ਫੌਜ ਦੇ ਅਧਿਕਾਰੀ ਵੀ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਤੱਕ ਅੱਤਵਾਦੀਆਂ ਅਤੇ ਫੌਜ ਵਿਚਕਾਰ ਗੋਲੀਬਾਰੀ ਦੀ ਕੋਈ ਖ਼ਬਰ ਨਹੀਂ ਹੈ। ਇਸ ਘਟਨਾ ਬਾਰੇ ਹੋਰ ਜਾਣਕਾਰੀ ਦੀ ਉਡੀਕ ਹੈ।
- PTC NEWS