Pahalgam Attack : ਸੁਰੱਖਿਆ ਬਲਾਂ ਦਾ ਵੱਡਾ ਐਕਸ਼ਨ , ਸ਼ੋਪੀਆਂ-ਪੁਲਵਾਮਾ-ਕੁਲਗਾਮ ਵਿੱਚ ਬੰਬ ਨਾਲ ਉਡਾਏ ਲਸ਼ਕਰ ਅੱਤਵਾਦੀਆਂ ਦੇ ਘਰ , ਹੁਣ ਤੱਕ 5 ਅੱਤਵਾਦੀਆਂ ਦੇ ਢਾਹੇ ਘਰ
Pahalgam Attack : ਜੰਮੂ-ਕਸ਼ਮੀਰ ਦੇ ਪਹਿਲਗਾਮ ਹਮਲੇ ਤੋਂ ਬਾਅਦ ਅੱਤਵਾਦੀਆਂ ਵਿਰੁੱਧ ਕਾਰਵਾਈ ਤੇਜ਼ ਹੋ ਗਈ ਹੈ। ਸ਼ੋਪੀਆਂ, ਕੁਲਗਾਮ ਅਤੇ ਪੁਲਵਾਮਾ ਵਿੱਚ ਅੱਤਵਾਦੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ਨੂੰ ਬੰਬਾਂ ਨਾਲ ਉਡਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਵੀ ਦੋ ਹੋਰ ਅੱਤਵਾਦੀਆਂ ਦੇ ਘਰਾਂ ਨੂੰ ਬੁਲਡੋਜ਼ਰਾਂ ਨਾਲ ਢਾਹ ਦਿੱਤਾ ਗਿਆ। ਜੂਨ 2023 ਤੋਂ ਸਰਗਰਮ ਲਸ਼ਕਰ-ਏ-ਤੋਇਬਾ ਕੈਡਰ ਅਹਿਸਾਨ ਅਹਿਮਦ ਸ਼ੇਖ ਦੇ 2 ਮੰਜ਼ਿਲਾ ਘਰ ਨੂੰ ਸੁਰੱਖਿਆ ਬਲਾਂ ਨੇ ਆਈਈਡੀ ਨਾਲ ਉਡਾ ਦਿੱਤਾ ਹੈ। ਉਹ ਪੁਲਵਾਮਾ ਦੇ ਮੁਰਾਨ ਦਾ ਰਹਿਣ ਵਾਲਾ ਹੈ।
ਇਸੇ ਤਰ੍ਹਾਂ ਦੀ ਇੱਕ ਹੋਰ ਕਾਰਵਾਈ ਵਿੱਚ 2 ਸਾਲ ਪਹਿਲਾਂ ਲਸ਼ਕਰ ਵਿੱਚ ਸ਼ਾਮਲ ਹੋਏ ਸ਼ਾਹਿਦ ਅਹਿਮਦ ਦੇ ਘਰ ਨੂੰ ਸ਼ੋਪੀਆਂ ਦੇ ਚੋਟੀਪੋਰਾ ਇਲਾਕੇ ਵਿੱਚ ਵਿਸਫੋਟ ਕਰਕੇ ਉਡਾ ਦਿੱਤਾ ਗਿਆ। ਪਹਿਲਗਾਮ ਹਮਲੇ ਤੋਂ ਬਾਅਦ ਹੁਣ ਤੱਕ ਕੁੱਲ ਪੰਜ ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬੀਤੀ ਰਾਤ ਕੁਲਗਾਮ ਦੇ ਕਿਮੋਹ 'ਚ ਜ਼ਾਕਿਰ ਗਨੀ ਦੇ ਤੀਜੇ ਘਰ ਨੂੰ ਸੁਰੱਖਿਆ ਬਲਾਂ ਨੇ ਢਾਹ ਦਿੱਤਾ , ਜੋ 2023 ਵਿੱਚ ਲਸ਼ਕਰ ਵਿੱਚ ਸ਼ਾਮਲ ਹੋਇਆ ਸੀ।
ਇਸ ਤੋਂ ਪਹਿਲਾਂ ਵੀਰਵਾਰ-ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਨੇ ਤ੍ਰਾਲ ਵਿੱਚ ਆਸਿਫ਼ ਸ਼ੇਖ ਦੇ ਘਰ ਨੂੰ ਉਡਾ ਦਿੱਤਾ ਸੀ। ਪੁਲਵਾਮਾ ਵਿੱਚ ਅੱਤਵਾਦੀ ਦੇ ਘਰ ਨੂੰ ਢਾਹੁਣ ਤੋਂ ਪਹਿਲਾਂ ਪਹਿਲਗਾਮ ਹਮਲੇ ਵਿੱਚ ਸ਼ਾਮਲ ਸਥਾਨਕ ਅੱਤਵਾਦੀ ਆਦਿਲ ਹੁਸੈਨ ਥੋਕਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਾੜਾ ਦੇ ਗੋਰੀ ਇਲਾਕੇ ਵਿੱਚ ਸਥਿਤ ਘਰ ਨੂੰ ਸੁਰੱਖਿਆ ਬਲਾਂ ਨੇ ਬੰਬ ਨਾਲ ਉਡਾ ਦਿੱਤਾ ਸੀ।
ਆਦਿਲ ਹੁਸੈਨ ਥੋਕਰ (ਬਿਜਬੇਹਰਾ)
ਆਸਿਫ਼ ਸ਼ੇਖ (ਤ੍ਰਾਲ)
ਅਹਿਸਾਨ ਸ਼ੇਖ (ਪੁਲਵਾਮਾ)
ਸ਼ਾਹਿਦ ਅਹਿਮਦ (ਸ਼ੋਪੀਆਂ)
ਜ਼ਾਕਿਰ ਗਨੀ (ਕੁਲਗਾਮ)
ਦੱਸ ਦੇਈਏ ਕਿ ਜੰਮੂ -ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ ਜਿੱਥੇ 26 ਲੋਕਾਂ ਦੀ ਜਾਨ ਚਲੀ ਗਈ, ਜਦਕਿ 17 ਜ਼ਖਮੀ ਹੋਏ ਹਨ। ਉੱਥੇ ਹੀ ਦੇਸ਼ ਦੇ ਤਿੰਨ ਅਫ਼ਸਰ ਵੀ ਇਸ ਕਾਇਰਾਨਾ ਹਮਲੇ ਦਾ ਸ਼ਿਕਾਰ ਹੋਏ ਹਨ। ਇਸ ਹਮਲੇ ਵਿੱਚ 26 ਸੈਲਾਨੀਆਂ ਦੀ ਬੇਰਹਿਮੀ ਨਾਲ ਹੱਤਿਆ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸੋਗ ਅਤੇ ਗੁੱਸੇ ਦਾ ਮਾਹੌਲ ਹੈ। ਇਹ ਹਮਲਾ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਕੀਤਾ ਗਿਆ, ਜਿਸ ਵਿੱਚ ਅੱਤਵਾਦੀਆਂ ਨੇ ਚੁਣ -ਚੁਣ ਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ।
- PTC NEWS