Surjit Patar Famous Poems: ਜਾਣੋ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦੀਆਂ ਕਵਿਤਾਵਾਂ, ਜਿਨ੍ਹਾਂ ਨਾਲ ਰਹਿਣਗੇ ਉਹ ਹਮੇਸ਼ਾ ਅਮਰ
Poet Surjit Patar famous Poem: ਪੰਜਾਬ ਦੇ ਪ੍ਰਸਿੱਧ ਕਵੀਆਂ ਵਿੱਚੋਂ ਇੱਕ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਹੈ। ਉਹ 79 ਸਾਲ ਦੇ ਸਨ। ਲੁਧਿਆਣਾ ਦੇ ਆਸ਼ਾਪੁਰੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਾਤਰ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਸੋਗ ਦੀ ਲਹਿਰ ਹੈ। ਕੇਂਦਰ ਸਰਕਾਰ ਨੇ ਉਨ੍ਹਾਂ ਨੂੰ 2012 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਸੀ। ਪਾਤਰ ਨੇ ਤਾਂ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਪਦਮਸ੍ਰੀ ਵਾਪਸ ਕਰਨ ਦਾ ਐਲਾਨ ਵੀ ਕੀਤਾ ਸੀ।
ਉੱਥੇ ਹੀ ਜੇਕਰ ਉਨ੍ਹਾਂ ਦੀ ਰਚਨਾਵਾਂ ਤੇ ਕਵੀਤਾਵਾਂ ਦੀ ਗੱਲ੍ਹ ਕਰੀਏ ਤਾਂ ਹਵਾ ਵਿੱਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨੇਰੇ ਵਿੱਚ ਸੁਲਗਦੀ ਵਰਨਮਾਲਾ, ਲਫ਼ਜ਼ਾਂ ਦੀ ਦਰਗਾਹ, ਪਤਝੜ ਦੀ ਪਾਜ਼ੇਬ, ਸੁਰ-ਜ਼ਮੀਨ ਅਤੇ ਚੰਨ ਸੂਰਜ ਦੀ ਵਹਿੰਗੀ, ਹਾਏ ਮੇਰੀ ਕੁਰਸੀ ਹਾਏ ਮੇਰਾ ਮੇਜ਼, ਸੂਰਜ ਮੰਦਰ ਦੀਆਂ ਪੌੜ੍ਹੀਆਂ, ਅੱਗ ਦੇ ਕਲੀਰੇ, ਸਈਓ ਨੀ ਮੈਂ ਅੰਤ ਹੀਣ ਤਰਕਾਲਾਂ, ਸ਼ਹਿਰ ਮੇਰੇ ਦੀ ਪਾਗਲ ਔਰਤ, ਇੱਛਾਧਾਰੀ ਅਤੇ ਯੂਨਾਨ ਦੀ ਲੂਣਾ ਆਦਿ ਸ਼ਾਮਲ ਹਨ।
ਦੱਸ ਦਈਏ ਕਿ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਮਾਂ ਬੋਲੀ ਦੇ ਨਿਘਾਰ ਦਾ ਫਿਕਰ, ਪੰਜਾਬ ਵਿੱਚ ਹਥਿਆਰਬੰਦ ਸੰਘਰਸ਼ ਦੇ ਦੁਖਾਂਤ, ਨਾਗਰਿਕਤਾ ਸੋਧ ਕਾਨੂੰਨ ਤੇ ਕਿਸਾਨੀ ਸੰਘਰਸ਼ ਵਰਗੇ ਵਿਸ਼ੇ ਮਿਲ ਜਾਂਦੇ ਹਨ।
ਆਓ ਉਨ੍ਹਾਂ ਦੀ ਕੁਝ ਕਵਿਤਾਵਾਂ ਤੇ ਮਾਰੀਏ ਝਾਂਤ
1. ਕੀ ਮਜ਼ਾਲ ਜੋ ਸੱਚ ਦਾ ਪਿੰਡਾ
ਕੀ ਮਜ਼ਾਲ ਜੋ ਸੱਚ ਦਾ ਪਿੰਡਾ
ਕੱਜ ਸਕਣ ਬੇਗਾਨੀਆਂ ਲੀਰਾਂ
ਸਰਮਦ ਨੂੰ ਉਸ ਦੀ ਹੀ ਰੱਤ ਵਿਚ
ਢਕਿਆ ਸੀ ਨੰਗੀਆਂ ਸ਼ਮਸ਼ੀਰਾਂ
ਤ੍ਰੇੜੇ ਜਿਹੇ ਗਰੀਬ ਘਰਾਂ ਦਾ
ਕੀਤਾ ਇਹੋ ਇਲਾਜ ਅਮੀਰਾਂ
ਸ਼ਹਿਰ ਦੀਆਂ ਨੰਗੀਆਂ ਕੰਧਾਂ 'ਤੇ
ਲਾ ਦਿੱਤੀਆਂ ਨੰਗੀਆਂ ਤਸਵੀਰਾਂ
2. ਮੇਰੀ ਕਥਾ ਨਾ ਕਿਤੇ ਪੌਣ ਵਿਚ ਬਿਖਰ ਜਾਵੇ
ਮੇਰੀ ਕਥਾ ਨਾ ਕਿਤੇ ਪੌਣ ਵਿਚ ਬਿਖਰ ਜਾਵੇ
ਮੇਰੀ ਕਥਾ ਨਾ ਕਿਤੇ ਪੌਣ ਵਿਚ ਬਿਖਰ ਜਾਵੇ
ਮੇਰੀ ਤਮੰਨਾ ਹੈ ਇਹ ਰਾਤੋ ਰਾਤ ਮਰ ਜਾਵੇ
ਸਫ਼ਾ ਹੀ ਜਿਸਦੇ ਸੁਖ਼ਨ ਦੀ ਤਪਿਸ਼ ਤੋਂ ਡਰ ਜਾਵੇ
ਤਾਂ ਓਸ ਸੁਲਗਦੇ ਸ਼ਾਇਰ ਦੀ ਅੱਗ ਕਿਧਰ ਜਾਵੇ
ਨਾ ਸਾਂਭੇ ਯਾਰ ਦਾ ਦਾਮਨ ਨਾ ਸ਼ਾਇਰੀ ਦੀ ਸਤਰ
ਰਲੇ ਨਾ ਖ਼ਾਕ ਵਿਚ ਉਹ ਹੰਝੂ ਤਾਂ ਕਿਧਰ ਜਾਵੇ
ਜੇ ਤੇਰੇ ਕੋਲ ਇਦ੍ਹੀ ਰਾਤ ਦੀ ਸਵੇਰ ਨਹੀਂ
ਤਾਂ ਇਸ ਨੂੰ ਆਖ ਦੇ ਇਹ ਲੋਏ ਲੋਏ ਘਰ ਜਾਵੇ
3. ਕਿਹੜਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਸੀ
ਕਿਹੜਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਸੀ
ਉੱਤਰ ਹਰੇਕ ਪ੍ਰਸ਼ਨ ਦਾ ਓਥੇ ਕਟਾਰ ਸੀ
ਹਥਿਆਰ ਬੋਲਦੇ ਸੀ ਤੇ ਸ਼ਾਇਰ ਖ਼ਾਮੋਸ਼ ਸਨ
ਰਹਿਬਰ ਭਟਕ ਗਏ ਤੇ ਮਸੀਹਾ ਬਿਮਾਰ ਸੀ
ਕਬਰਾਂ 'ਚ ਚਹਿਲ ਪਹਿਲ ਸੀ, ਗਲੀਆਂ ਸੀ ਸੁੰਨੀਆਂ
ਸਿਵਿਆਂ 'ਚ ਲੋ ਸੀ ਹੋਰ ਹਰ ਥਾਂ ਅੰਧਕਾਰ ਸੀ
ਤੇਰਾ ਤੇ ਮੇਰਾ ਸੁਹਣਿਆਂ ਏਨਾ ਹੀ ਪਿਆਰ ਸੀ
ਬਦਲੀ ਹਵਾ ਦੇ ਸਿਰਫ਼ ਇਕ ਝੋਂਕੇ ਦੀ ਮਾਰ ਸੀ
ਯਾਦਾਂ 'ਚ ਧੁੰਦਲੇ ਹੋਣਗੇ, ਫਿਰ ਮਿਟ ਵੀ ਜਾਣਗੇ
ਉਹ ਨਕਸ਼ ਮੇਰੇ ਜਿਹਨਾਂ ਤੇ ਇਕ ਦਿਨ ਨਿਖ਼ਾਰ ਸੀ
ਸਮਿਆਂ ਦੀ ਗਰਦ ਹੇਠ ਹੁਣ ਉਹ ਗਰਦ ਹੋ ਗਈ
ਉਹ ਯਾਦ ਜੋ ਕਿ ਕਾਲਜੇ ਇਕ ਦਿਨ ਕਟਾਰ ਸੀ
ਆਪਾਂ ਮਿਲੇ ਤਾਂ ਮੈਂ ਕਿਹਾ ਮੈਂ ਹੁਣ ਨਾ ਵਿਛੜਨਾ
ਉਂਜ ਵਿਛੜਿਆ ਤਾਂ ਜ਼ਿੰਦਗੀ ਵਿਚ ਵਾਰ ਵਾਰ ਸੀ
ਮਾਸੂਮ ਤੇਰੇ ਨੈਣ ਯਾਦ ਆਏ ਤਾਂ ਰੋ ਪਿਆ
ਜੀਵਨ ਦਾ ਸੱਚ ਸੁਹਣਿਆਂ ਕਿੰਨਾ ਅੱਯਾਰ ਸੀ
ਇਕ ਵੇਲ ਵਿਛੜੀ ਬਿਰਖ ਤੋਂ ਤਾਂ ਬਿਰਖ ਰੋ ਪਿਆ
ਅੰਦਰੋਂ ਜਿਵੇਂ ਕਿ ਬਿਰਖ ਵੀ ਇਕ ਵੇਲਹਾਰ ਸੀ
4.ਚੱਲ ਪਾਤਰ ਹੁਣ ਢੂੰਡਣ ਚੱਲੀਏ
ਚੱਲ ਪਾਤਰ ਹੁਣ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਥਾਂਵਾਂ
ਕਿੱਥੇ ਕਿੱਥੇ ਛੱਡ ਆਏ ਹਾਂ ਅਣਲਿਖੀਆਂ ਕਵਿਤਾਵਾਂ
ਗੱਡੀ ਚੜ੍ਹਨ ਦੀ ਕਾਹਲ ਬੜੀ ਸੀ ਕੀ ਕੁਝ ਰਹਿ ਗਿਆ ਓਥੇ
ਪਲਾਂ ਛਿਣਾਂ ਵਿਚ ਛੱਡ ਆਏ ਸਾਂ ਜੁਗਾਂ ਜੁਗਾਂ ਦੀਆਂ ਥਾਂਵਾਂ
ਅੱਧੀ ਰਾਤ ਹੋਏਗੀ ਮੇਰੇ ਪਿੰਡ ਉਤੇ ਇਸ ਵੇਲੇ
ਜਾਗਦੀਆਂ ਹੋਵਣਗੀਆਂ ਸੁੱਤਿਆਂ ਪੁਤਰਾਂ ਲਾਗੇ ਮਾਂਵਾਂ
ਮਾਰੂਥਲ ' ਚੋਂ ਭੱਜ ਆਇਆ ਮੈਂ ਆਪਣੇ ਪੈਰ ਬਚਾ ਕੇ
ਪਰ ਓਥੇ ਰਹਿ ਗਈਆਂ ਜੋ ਸਨ ਮੇਰੀ ਖਾਤਰ ਰਾਹਵਾਂ
ਮੇਰੇ ਲਈ ਜੋ ਤੀਰ ਬਣੇ ਸਨ ਹੋਰ ਕਲੇਜੇ ਲੱਗੇ
ਕਿੰਝ ਸਾਹਿਬਾਂ ਨੂੰ ਆਪਣੀ ਆਖਾਂ ਕਿਉਂ ਮਿਰਜ਼ਾ ਸਦਵਾਵਾਂ
ਮੈਂ ਸਾਗਰ ਦੇ ਕੰਢੇ ਬੈਠਾਂ ਕੋਰੇ ਕਾਗਜ਼ ਲੈ ਕੇ
ਓਧਰ ਮਾਰੂਥਲ ਵਿਚ ਮੈਨੂੰ ਟੋਲਦੀਆਂ ਕਵਿਤਾਵਾਂ
ਖ਼ਾਬਾਂ ਵਿਚ ਇਕ ਬੂਹਾ ਦੇਖਾਂ ਬੰਦ ਤੇ ਉਸ ਦੇ ਅੱਗੇ
ਕਈ ਹਜ਼ਾਰ ਰੁਲਦੀਆਂ ਚਿੱਠੀਆਂ 'ਤੇ ਮੇਰਾ ਸਰਨਾਵਾਂ
ਖੰਭਾਂ ਵਰਗੀਆਂ ਚਿੱਠੀਆਂ ਉਹਨਾਂ ਵਾਂਗ ਭਟਕ ਕੇ ਮੋਈਆਂ
ਮਰ ਜਾਂਦੇ ਨੇ ਪੰਛੀ ਜਿਹੜੇ ਚੀਰਦੇ ਸਰਦ ਹਵਾਵਾਂ
ਜਾਂ ਤਾਂ ਤੂੰ ਵੀ ਧੁੱਪੇ ਆ ਜਾ ਛੱਡ ਕੇ ਸ਼ਾਹੀ ਛਤਰੀ
ਜਾਂ ਫਿਰ ਰਹਿਣ ਦੇ ਮੇਰੇ ਸਿਰ ਤੇ ਇਹ ਸ਼ਬਦਾਂ ਦੀਆਂ ਛਾਵਾਂ
ਚੱਲ ਛੱਡ ਹੁਣ ਕੀ ਵਾਪਸ ਜਾਣਾ, ਜਾਣ ਨੂੰ ਬਚਿਆ ਕੀ ਏ
ਤੇਰੇ ਪੈਰਾਂ ਨੂੰ ਤਰਸਦੀਆਂ ਮਰ ਮੁਕ ਗਈਆਂ ਰਾਹਵਾਂ
ਕੀ ਕਵੀਆਂ ਦਾ ਆਉਣਾ ਜਾਣਾ ਕੀ ਮਸਤੀ ਸੰਗ ਟੁਰਨਾ
ਠੁਮਕ ਠੁਮਕ ਜੇ ਨਾਲ ਨਾ ਚੱਲਣ ਸੱਜ-ਲਿਖੀਆਂ ਕਵਿਤਾਵਾਂ
5. ਉਨ੍ਹਾਂ 'ਤੇ ਰਹਿਮ ਕਰੋਗੇ ਤਾਂ ਕਰਨਗੇ ਉਹ ਵੀ
ਉਨ੍ਹਾਂ 'ਤੇ ਰਹਿਮ ਕਰੋਗੇ ਤਾਂ ਕਰਨਗੇ ਉਹ ਵੀ
ਨਹੀਂ ਤਾਂ ਤੜਪ ਕੇ ਵਿਹੁ ਨਾਲ ਭਰਨਗੇ ਉਹ ਵੀ
ਨਿਆਂ ਕਰੋਗੇ ਉਨ੍ਹਾਂ ਨਾਲ ਤਾਂ ਭਲਾ ਹੋਊ
ਨਹੀਂ ਤਾਂ ਕਹਿਰ ਦੇ ਕਾਨੂੰਨ ਘੜਨਗੇ ਉਹ ਵੀ
ਜਿਨ੍ਹਾਂ ਦਾ ਜਿਉਣ ਹੈ ਮੌਤੋਂ ਬੁਰਾ, ਉਨ੍ਹਾਂ ਹੱਥੋਂ
ਜਿਨ੍ਹਾਂ ਨੂੰ ਜ਼ਿੰਦਗੀ ਪਿਆਰੀ ਹੈ ਮਰਨਗੇ ਉਹ ਵੀ
ਮੈਂ ਪੱਤੇ ਤੇ ਲਿੱਖਿਆ ਇਕ ਵਾਕ ਖੁਦ ਪੜ੍ਹਿਆ,
ਦਿਓ ਤਿਹਾਇਆਂ ਨੂੰ ਜਲ ਝੋਲ ਭਰਨਗੇ ਉਹ ਵੀ
6. ਕਿਸੇ ਦੇ ਜਿਸਮ ਵਿੱਚ ਕਿੰਨੇ ਕੁ ਡੂੰਘੇ ਲੱਥ ਜਾਓਗੇ
ਕਿਸੇ ਦੇ ਜਿਸਮ ਵਿੱਚ ਕਿੰਨੇ ਕੁ ਡੂੰਘੇ ਲੱਥ ਜਾਓਗੇ,
ਕਿ ਆਖ਼ਰ ਲਾਸ਼ ਵਾਂਗੂੰ ਸਤਹ ਉੱਤੇ ਤੈਰ ਆਓਗੇ
ਜੇ ਨੀਲੀ ਰਾਤ ਨੂੰ ਪਾਣੀ ਸਮਝ ਕੇ ਬਣ ਗਏ ਕਿਸ਼ਤੀ,
ਨਮੋਸ਼ੀ ਬਾਦਬਾਨਾਂ ਦੀ ਦਿਨੇ ਕਿੱਥੇ ਛੁਪਾਓਗੇ
ਕਦੀ ਝਾਂਜਰ, ਕਦੀ ਖ਼ੰਜਰ, ਕਦੀ ਹਾਸਾ, ਕਦੀ ਹਉਕਾ,
ਛਲਾਵੀ ਪੌਣ ਤੋਂ ਰਾਤੀਂ ਭੁਲੇਖੇ ਬਹੁਤ ਖਾਓਗੇ
ਜਦੋਂ ਥਮ ਜਾਇਗਾ ਠੱਕਾ, ਜਦੋਂ ਹਟ ਜਾਇਗੀ ਬਾਰਿਸ਼,
ਜਦੋਂ ਚੜ੍ਹ ਆਇਗਾ ਸੂਰਜ ਤੁਸੀਂ ਵੀਂ ਪਹੁੰਚ ਜਾਓਗੇ
ਮੈਂ ਰੇਤਾ ਹਾਂ ਮੈਂ ਆਪਣੀ ਆਖ਼ਰੀ ਤਹਿ ਤੀਕ ਰੇਤਾ ਹਾਂ,
ਮੇਰੇ 'ਚੋਂ ਨੀਰ ਲਭਦੇ ਖ਼ੁਦ ਤੁਸੀਂ ਰੇਤ ਹੋ ਜਾਓਗੇ
7. ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ
ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ
ਸਾਡੀ ਅੱਖ ਚੋਂ ਡਿਗਦਾ ਹੰਝੂ ਸਾਡਾ ਚੋਣ-ਨਿਸ਼ਾਨ
ਤਾਨਸੇਨ ਤੋਂ ਬਾਪ ਦਾ ਬਦਲਾ ਬੈਜੂ ਲੈਣ ਗਿਆ
ਤਾਨ ਸੁਣੀ ਤਾਂ ਕਿਰ ਗਈ ਹੱਥੋਂ ਹੰਝੂ ਕਿਰਪਾਨ
ਕਾਲੀ ਰਾਤ ਵਰਾਨੇ ਟਿੱਲੇ ਏਦਾਂ ਬਰਸੇ ਮੀਂਹ
ਜਿਉਂ ਕੋਈ ਅਧਖੜ ਔਤ ਜਨਾਨੀ ਨਾਹਵੇ ਵਿੱਚ ਸ਼ਮਸ਼ਾਨ
ਰਾਤ ਟਿਕੀ ਵਿੱਚ ਰੋਵੇ ਸ਼ਾਇਰ ਜਾਂ ਲੱਕੜ ਦਾ ਖੂਹ
ਦੋਹਾਂ ਉੱਤੇ ਹੱਸੀ ਜਾਵੇ ਅੱਜ ਦਾ ਜੱਗ ਜਹਾਨ
ਟਿੰਡਾਂ ਦੇ ਵਿੱਚ ਗੁਟਕੂੰ ਬੋਲੇ ਕਦੀ ਨਾ ਚੱਲੇ ਖੂਹ
ਟਿੰਡਾਂ ਵਿੱਚ ਮੇਰੇ ਬਚੜੇ ਸੁੱਤੇ ਬੱਚੜਿਆਂ ਵਿੱਚ ਜਾਨ
ਧੁਖਦੀ ਧਰਤੀ, ਤਪਦੇ ਪੈਂਡੇ, ਸੜਦੇ ਰੱਬ ਦੇ ਜੀਅ
ਸ਼ਾਇਦ ਓਹੀ ਰੱਬ ਹੈ ਜਿਹੜਾ ਚੁੱਪ ਲਿਸ਼ਕੇ ਅਸਮਾਨ
8. ਇੱਕ ਦਿਨ-ਮੈਂ ਇੱਕ ਦਿਨ ਫੇਰ ਆਉਣਾ ਹੈ
ਓ ਖੁਸ਼ਦਿਲ ਸੋਹਣੀਓਂ ਰੂਹੋ,
ਰੁਮਝੁਮ ਰੁਮਕਦੇ ਖੂਹੋ,
ਮੇਰੇ ਪਿੰਡ ਦੀਓ ਜੂਹੋ,
ਤੁਸੀਂ ਹਰਗਿਜ਼ ਨਾ ਕੁਮਲਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
ਨੀ ਕਿੱਕਰੋ ਟਾਹਲੀਉ ਡੇਕੋ,
ਨੀ ਨਿੰਮੋ, ਸਾਫ਼ ਦਿਲ ਨੇਕੋ,
'ਤੇ ਪਿੱਪਲ਼ੋ, ਬਾਬਿਉ ਵੇਖੋ,
ਤੁਸੀਂ ਧੋਖਾ ਨਾ ਦੇ ਜਾਇਉ,
ਮੈਂ ਛਾਵੇਂ ਬਹਿਣ ਆਉਣਾ ਹੈ
ਮੈਂ ਇੱਕ ਦਿਨ ਫੇਰ ਆਉਣਾ ਹੈ
ਇਹਨਾਂ ਹਾੜ੍ਹਾਂ 'ਤੇ ਚੇਤਾਂ ਨੂੰ,
ਲੁਕੇ ਕੁਦਰਤ ਦੇ ਭੇਤਾਂ ਨੂੰ
ਇਹਨਾਂ ਰਮਣੀਕ ਖੇਤਾਂ ਨੂੰ
ਮੇਰਾ ਪ੍ਰਣਾਮ ਪਹੁੰਚਾਇਉ
ਮੈਂ ਇੱਕ ਦਿਨ ਫੇਰ ਆਉਣਾ ਹੈ
ਜੋ ਚੱਕ ਘੁੰਮੇ ਘੁਮਾਰਾਂ ਦਾ,
ਤਪੇ ਲੋਹਾ ਲੁਹਾਰਾਂ ਦਾ,
ਮੇਰਾ ਸੰਦੇਸ਼ ਪਿਆਰਾਂ ਦਾ,
ਉਹਨਾਂ ਤੀਕਰ ਵੀ ਪਹੁੰਚਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
ਕਿਸੇ ਵੰਝਲੀ ਦਿਉ ਛੇਕੋ,
ਮੇਰੇ ਮਿਰਜ਼ੇ ਦੀਉ ਹੇਕੋ,
ਮੇਰੇ ਸੀਨੇ ਦਿਉ ਸੇਕੋ,
ਕਿਤੇ ਮੱਠੇ ਨਾ ਪੈ ਜਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
ਇਹਨਾਂ ਦੋ-ਚਾਰ ਸਾਲਾਂ ਵਿੱਚ,
ਕਿ ਬੱਸ ਆਉਂਦੇ ਸਿਆਲ਼ਾਂ ਵਿੱਚ,
ਕਿ ਜਾਂ ਸ਼ਾਇਦ ਖਿਆਲਾਂ ਵਿੱਚ,
ਤੁਸੀਂ ਦਿਲ ਤੋਂ ਨਾ ਵਿਸਰਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
ਸਮੁੰਦਰ ਭਾਫ ਬਣ ਉੱਡਦਾ,
ਬਰਫ਼ ਬਣ ਪਰਬਤੀਂ ਚੜ੍ਹਦਾ,
ਇਹ ਨਦੀਆਂ ਬਣ ਕੇ ਫਿਰ ਮੁੜਦਾ,
ਮੇਰਾ ਇਕਰਾਰ ਪਰਤਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
- PTC NEWS