SKM Announcement : ਝੋਨੇ ਦੀ ਖਰੀਦ ਨਾ ਹੋਣ ਕਾਰਨ ਪਰੇਸ਼ਾਨ ਕਿਸਾਨ, SKM ਨੇ ਹਾਈਵੇ ਜਾਮ ਕਰਨ ਦਾ ਕੀਤਾ ਐਲਾਨ
Samyukta Kisan Morcha News : ਪੰਜਾਬ 'ਚ ਝੋਨੇ ਦੀ ਸਹੀ ਢੰਗ ਨਾਲ ਖਰੀਦ ਨਾ ਹੋਣ ਕਾਰਨ ਕਿਸਾਨਾਂ ਵਿੱਚ ਲਗਾਤਾਰ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੇ ਚੱਲਦੇ ਸੰਯੁਕਤ ਕਿਸਾਨ ਮੋਰਚੇ ਨੇ ਵੱਡਾ ਐਲਾਨ ਕੀਤਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਨਾ ਕੀਤਾ ਤਾਂ ਉਹ 25 ਅਕਤੂਬਰ ਤੋਂ ਸੂਬੇ ਭਰ ਵਿੱਚ ਹਾਈਵੇ ਜਾਮ ਕਰ ਦੇਣਗੇ।
ਹਾਈਵੇ ਜਾਮ ਕਰਨ ਦਾ ਐਲਾਨ
ਦੱਸ ਦਈਏ ਕਿ ਲੁਧਿਆਣਾ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਈ। ਇਸ ਬੈਠਕ ਵਿੱਚ ਕਿਸਾਨਾਂ ਨੇ ਫੈਸਲਾ ਲਿਆ ਹੈ ਕਿ 25 ਅਕਤੂਬਰ ਤੋਂ ਉਹ ਮੰਡੀਆਂ ਦੇ ਨਾਲ ਲੱਗਦੇ ਸਾਰੇ ਹਾਈਵੇ ਜਾਮ ਕਰ ਦੇਣਗੇ। ਕਿਸਾਨਾਂ ਦਾ ਇਹ ਧਰਨਾ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਜਾਰੀ ਰਹੇਗਾ। ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਸਰਕਾਰ ਨੇ ਹੱਲ ਨਾ ਕੀਤਾ ਤਾਂ ਉਹ 29 ਅਕਤੂਬਰ ਨੂੰ ਪੰਜਾਬ ਵਿੱਚ ਸਾਰੇ ਡੀਸੀ ਦਫ਼ਤਰਾਂ ਦਾ ਘਿਰਾਓ ਕਰਨਗੇ। ਕਿਸਾਨਾਂ ਨੇ ਕਿਹਾ ਕਿ ਜੇਕਰ ਧਰਨੇ ਦੌਰਾਨ ਕੋਈ ਵੀ ਮੰਤਰੀ ਜਾਂ ਵਿਧਾਇਕ ਮੰਡੀ ਵਿੱਚ ਆਇਆ ਤਾਂ ਉਸਨੂੰ ਕਾਲੇ ਝੰਡੇ ਦਿਖਾਕੇ ਵਿਰੋਧ ਕੀਤਾ ਜਾਵੇਗਾ।
ਮੁੱਖ ਮੰਤਰੀ ਮਾਨ ਨਾਲ ਮੀਟਿੰਗ ਤੋਂ ਬਾਅਦ ਵੀ ਨਹੀਂ ਨਿਕਲਿਆ ਕੋਈ ਹੱਲ
ਦੱਸ ਦਈਏ ਕਿ 19 ਅਕਤੂਬਰ ਨੂੰ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ 2 ਦਿਨਾਂ ਅੰਦਰ ਝੋਨੇ ਦੀ ਖਰੀਦ ਸਬੰਧੀ ਆ ਰਹੀ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਸੀ, ਪਰ ਅਜੇ ਤੱਕ ਉਸ ਦਾ ਹੱਲ ਨਹੀਂ ਹੋਇਆ ਹੈ।
ਮੀਟਿੰਗ ਤੋਂ ਬਾਅਦ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਦੌਰਾਨ ਉਹਨਾਂ ਨੇ ਸਾਡੇ ਤੋਂ 2 ਦਿਨ ਦਾ ਸਮਾਂ ਮੰਗਿਆ ਹੈ ਤੇ ਕਿਹਾ ਕਿ 2 ਦਿਨਾਂ ਦੇ ਅੰਦਰ-ਅੰਦਰ ਮੰਡੀਆਂ ’ਚ ਝੋਨੇ ਦੀ ਨਿਰਵਿਘਨ ਖਰੀਦ ਤੇ ਲਿਫਟਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਅਸੀਂ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਤੋਂ ਮੁੱਖ ਮੰਤਰੀ ਮਾਨ ਨੇ 2 ਦਿਨ ਮੰਗੇ ਹਨ, ਪਰ ਅਸੀਂ ਸਰਕਾਰ ਨੂੰ 4 ਦਿਨ ਦੇ ਰਹੇ ਹਾਂ, ਜੇਕਰ ਫਿਰ ਵੀ ਇਹ ਕੰਮ ਸ਼ੁਰੂ ਨਾ ਹੋਇਆ ਤਾਂ ਅਸੀਂ 4 ਦਿਨ ਬਾਅਦ ਧਰਨਾ ਫਿਰ ਸ਼ੁਰੂ ਕਰ ਦੇਵਾਂਗੇ।
ਇਹ ਵੀ ਪੜ੍ਹੋ : Nimrat Kaur Biography : ਕੌਣ ਹੈ ਨਿਮਰਤ ਕੌਰ, ਜਿਸ ਦੀਆਂ ਅਭਿਸ਼ੇਕ ਬੱਚਨ ਨਾਲ ਡੇਟਿੰਗ ਦੀਆਂ ਉੱਡ ਰਹੀਆਂ ਹਨ ਅਫਵਾਹਾਂ ?
- PTC NEWS