ਸੰਦੀਪ ਸਿੰਘ ਦੇ ਪਰਿਵਾਰ ਦੀ ਸੁਰੱਖਿਆ ਲਈ ਸਿੱਖ ਜਥੇਬੰਦੀਆਂ ਤਾਇਨਾਤ
ਅੰਮ੍ਰਿਤਸਰ: ਅੰਮ੍ਰਿਤਸਰ ’ਚ ਬੀਤੇ ਦਿਨੀਂ ਸ਼ਿਵ ਆਗੂ ਸੁਧੀਰ ਸੂਰੀ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਮੁਲਜ਼ਮ ਸੰਦੀਪ ਸਿੰਘ ਦੇ ਅੰਮ੍ਰਿਤਸਰ ਸਥਿਤ ਘਰ ਦੇ ਬਾਹਰ ਨਿਹੰਗ ਜੱਥੇਬੰਦੀਆਂ ਨੇ ਮੋਰਚੇ ਸੰਭਾਲ ਲਏ ਹਨ। ਨਿਹੰਗ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਸੰਦੀਪ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਹੋਣ ਤੱਕ ਉਥੇ ਹੀ ਰਹਿਣਗੇ। ਇੱਥੇ ਦੱਸਣਯੋਗ ਹੈ ਕਿ ਫਿਲਹਾਲ ਸੰਦੀਪ ਪੁਲਿਸ ਹਿਰਾਸਤ ਵਿੱਚ ਹੈ ਤੇ ਭਲਕੇ ਉਸ ਦਾ ਰਿਮਾਂਡ ਪੂਰਾ ਹੋ ਰਿਹਾ ਹੈ।
ਸੰਦੀਪ ਸਿੰਘ ਦੇ ਵੱਡੇ ਭਰਾ ਮਨਦੀਪ ਸਿੰਘ ਨੇ ਕਿਹਾ ਕਿ ਲਗਾਤਾਰ ਹੀ ਸਿੱਖ ਜਥੇਬੰਦੀਆਂ ਉਨ੍ਹਾਂ ਨੂੰ ਸਨਮਾਨਿਤ ਕਰਨ ਪਹੁੰਚਦੀਆਂ ਹਨ ਪਰ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਧਮਕੀਆ ਮਿਲ ਰਹੀਆ ਹਨ ਜਿਸ ਬਾਰੇ ਪੁਲਸ ਵੀ ਹੁਣ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਸੁਧੀਰ ਸੂਰੀ ਦਾ ਕਤਲ ਹੋਇਆ ਉਸ ਦਿਨ ਸੰਦੀਪ ਸਿੰਘ ਦੀ ਕਾਰ ਦੇ ਵਿੱਚੋਂ ਮਿਲੀ ਫਾਈਲ ਬਾਰੇ ਪਰਿਵਾਰ ਨੂੰ ਕਿਸੇ ਤਰੀਕੇ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਸਾਰੇ ਮਾਮਲੇ ਜਾਂਚ ਪੁਲਿਸ ਕਰ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਅੰਮ੍ਰਿਤਸਰ ਦੇ ਗੋਪਾਲ ਮੰਦਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਸੁਧੀਰ ਸੂਰੀ ਦਾ ਕਤਲ ਕੀਤਾ ਸੀ। ਪੁਲਿਸ ਪ੍ਰਸ਼ਾਸਨ ਨੇ ਕੁਝ ਮਿੰਟਾਂ ਵਿੱਚ ਹੀ ਗੋਲੀ ਚਲਾਉਣ ਵਾਲੇ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮ ਕੋਲੋਂ ਉਹ ਪਿਸਤੌਲ ਵੀ ਬਰਾਮਦ ਹੋਇਆ, ਜਿਸ ਨਾਲ ਉਸ ਨੇ ਸੂਰੀ ਦਾ ਕਤਲ ਕੀਤਾ ਸੀ। ਸੰਦੀਪ ਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਮਿਲ ਰਹੀਆ ਸਨ, ਜਿਸ ਤੋਂ ਬਾਅਦ ਹੁਣ ਨਿਹੰਗ ਸਿੱਖ ਜੱਥੇਬੰਦੀਆਂ ਨੇ ਘਰ ਦੇ ਬਾਹਰ ਡੇਰੇ ਲਾ ਲਏ ਹਨ।
- PTC NEWS