Jalandhar Lok Sabha Bypoll: ਜਲੰਧਰ ਲੋਕਸਭਾ ਜ਼ਿਮਨੀ ਚੋਣ ਨੂੰ ਲੈ ਕੇ ਵੋਟਾਂ ਪੈਣ ਤੱਕ ਮੀਡੀਆ ਨੂੰ ਜਾਰੀ ਹੋਏ ਇਹ ਸਖ਼ਤ ਹੁਕਮ
ਪ੍ਰਭਮੀਤ ਸਿੰਘ (ਜਲੰਧਰ, 8 ਮਈ): ਲੋਕ ਸਭਾ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਜਸਪ੍ਰੀਤ ਸਿੰਘ ਨੇ ਸੀਆਰਪੀਸੀ ਦੀ ਧਾਰਾ 144 ਤਹਿਤ ਸਖਤ ਹੁਕਮ ਜਾਰੀ ਕੀਤੇ ਗਏ ਹਨ। ਹੁਕਮ ਜਾਰੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵੋਟਾਂ ਤੋਂ 48 ਘੰਟੇ ਪਹਿਲਾਂ, ਜੋ 8 ਮਈ ਸ਼ਾਮ 6 ਵਜੇ ਤੋਂ ਸ਼ੁਰੂ ਹੋਣਗੇ, ਤੋਂ ਵੋਟਾਂ ਪੈਣ ਤੱਕ ਕਿਸੇ ਵੀ ਤਰ੍ਹਾਂ ਦੇ ਐਗਜ਼ਿਟ ਪੋਲ ’ਤੇ ਮਨਾਹੀ ਹੈ।
ਦੱਸ ਦਈਏ ਕਿ ਜਾਰੀ ਹੁਕਮਾਂ ਅਨੁਸਾਰ ਪ੍ਰਿੰਟ ਜਾਂ ਇਲੈਕਟਰੋਨਿਕ ਮੀਡੀਆ ਵਿੱਚ ਕਿਸੇ ਵੀ ਤਰ੍ਹਾਂ ਦੇ ਐਗਜ਼ਿਟ ਪੋਲ ਨੂੰ ਛਾਪਣ, ਟੈਲੀਕਾਸਟ ਕਰਨ ਜਾਂ ਇਸ ਦਾ ਪ੍ਰਚਾਰ ਕਰਨ ’ਤੇ ਮਨਾਹੀ ਹੈ। ਵੋਟਾਂ ਵਾਲੇ ਦਿਨ 10 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6.30 ਵਜੇ ਤੱਕ ਜ਼ਿਮਨੀ ਚੋਣ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕਰਨ ’ਤੇ ਵੀ ਪੂਰੀ ਮਨਾਹੀ ਹੋਵੇਗੀ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 8 ਮਈ ਸ਼ਾਮ 6 ਵਜੇ ਤੋਂ ਵੋਟਾਂ ਦੇ 48 ਘੰਟੇ ਪਹਿਲਾਂ ਦੇ ਸਮੇਂ ਤੋਂ ਵੋਟਾਂ ਪੈਣ ਤੱਕ ਐਗਜ਼ਿਟ ਪੋਲ ਜਾਂ ਕੋਈ ਹੋਰ ਚੋਣ ਸਰਵੇ ਕਿਸੇ ਵੀ ਮੀਡੀਆ ’ਤੇ ਟੈਲੀਕਾਸਟ ਕਰਨਾ ਜਾਂ ਪ੍ਰਚਾਰਨ ’ਤੇ ਵੀ ਪਾਬੰਦੀ ਰਹੇਗੀ।
10 ਮਈ ਨੂੰ ਸਥਾਨਕ ਛੁੱਟੀ ਦਾ ਐਲਾਨ
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਜਲੰਧਰ ਲੋਕ ਸਭਾ ਸੀਟ ਲਈ ਹੋ ਰਹੀ ਉੱਪ ਚੋਣ ਦੇ ਕਾਰਨ ਇਸ ਹਲਕੇ ਵਿਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 10 ਮਈ 2023 ਨੂੰ ਸਥਾਨਕ ਛੁੱਟੀ ਦਾ ਵੀ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਤਹਿਤ ਵੀ ਇਹ ਛੁੱਟੀ ਐਲਾਨੀ ਗਈ ਹੈ।
ਪੰਜਾਬ ਸਰਾਕਰ ਵਲੋਂ ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਜੇਕਰ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ ਜਲੰਧਰ ਲੋਕ ਸਭਾ ਹਲਕੇ ਦਾ ਵੋਟਰ ਹੈ ਅਤੇ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਦਾ ਹੈ ਤਾਂ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਤ ਅਥਾਰਟੀ ਤੋਂ ਮਿਤੀ 10 ਮਈ, 2023 (ਬੁੱਧਵਾਰ) ਦੀ ਵਿਸੇਸ਼ ਛੁੱਟੀ ਲੈ ਸਕਦਾ ਹੈ। ਇਹ ਛੁੱਟੀ ਅਧਿਕਾਰੀ/ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ।
ਦੱਸ ਦਈਏ ਕਿ ਜਲੰਧਰ ਲੋਕ ਸਭਾ ਉਪ ਚੋਣ ਲਈ ਕਾਗਜ਼ ਦਾਖਲ ਕਰਨ ਦੀ ਆਖਰੀ ਮਿਤੀ 20 ਅਪ੍ਰੈਲ ਸੀ। ਜਲੰਧਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਲਈ 10 ਮਈ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। ਫਿਲਹਾਲ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: Jalandhar By Election: ਵੱਕਾਰ ਦਾ ਸਵਾਲ ਬਣੀ ਜਲੰਧਰ ਲੋਕ ਸਭਾ ਸੀਟ; ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਲਈ ਝੋਕੀ ਤਾਕਤ
- PTC NEWS