Thu, Jan 9, 2025
Whatsapp

Moosewala First Death Anniversary: ਮੂਸੇਵਾਲਾ ਦੀ ਮਾਂ ਨੇ CM ਭਗਵੰਤ ਮਾਨ ਅਤੇ ਬਲਤੇਜ ਪਨੂੰ 'ਤੇ ਸਾਧਿਆ ਨਿਸ਼ਾਨਾ

Reported by:  PTC News Desk  Edited by:  Jasmeet Singh -- May 29th 2023 07:00 AM -- Updated: May 29th 2023 04:11 PM
Moosewala First Death Anniversary: ਮੂਸੇਵਾਲਾ ਦੀ ਮਾਂ ਨੇ CM ਭਗਵੰਤ ਮਾਨ ਅਤੇ ਬਲਤੇਜ ਪਨੂੰ 'ਤੇ ਸਾਧਿਆ ਨਿਸ਼ਾਨਾ

Moosewala First Death Anniversary: ਮੂਸੇਵਾਲਾ ਦੀ ਮਾਂ ਨੇ CM ਭਗਵੰਤ ਮਾਨ ਅਤੇ ਬਲਤੇਜ ਪਨੂੰ 'ਤੇ ਸਾਧਿਆ ਨਿਸ਼ਾਨਾ

May 29, 2023 04:11 PM

ਮੂਸੇਵਾਲਾ ਦੀ ਸਮਾਧ 'ਤੇ ਪਹੁੰਚ ਰਹੇ ਨੇ ਲੋਕ, ਨੌਜਵਾਨ ਨੇ ਗਾਕੇ ਦਿੱਤੀ ਸ਼ਰਧਾਂਜ਼ਲੀ


May 29, 2023 04:10 PM

ਸਾਲ ਪੂਰਾ..ਇਨਸਾਫ਼ ਅਧੂਰਾ... !


May 29, 2023 03:40 PM

PTC News ਦਾ ਸਿੱਧੂ ਮੂਸੇਵਾਲੇ ਦੇ ਪਿਤਾ ਨਾਲ ਖਾਸ ਇੰਟਰਵਿਊ

ਸਿੱਧੂ ਮੈਨੂੰ ਕਹਿੰਦਾ ਸੀ ਆਪਣਾ ਖਿਆਲ ਰੱਖਿਆ ਕਰੋ, ਤੁਸੀਂ ਬਹੁਤ ਕੁਝ ਦੇਖਣਾ ਹੈ...' ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਪੁੱਤਰ ਦੀ ਮੌਤ ਦੇ ਇੱਕ ਸਾਲ ਬਾਅਦ ਕੀ ਹੈ ਕਹਿਣਾ, ਸੁਣੋ

May 29, 2023 03:06 PM

ਮਾਂ ਚਰਨ ਕੌਰ ਦਾ ਪੁੱਤ ਸਿੱਧੂ ਮੂਸੇਵਾਲੇ ਦੇ ਨਾਂਅ ਸੁਨੇਹਾ


May 29, 2023 03:05 PM

ਦੁੱਖੀ ਮਾਂ ਨੇ CM 'ਤੇ ਸਾਧਿਆ ਨਿਸ਼ਾਨਾ

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ CM ਭਗਵੰਤ ਮਾਨ ਅਤੇ ਉਨ੍ਹਾਂ ਦੇ ਮੀਡੀਆ ਸਲਾਹਕਾਰ ਬਲਤੇਜ ਪਨੂੰ ਦੀ ਤਸਵੀਰ ਸਾਂਝੀ ਕਰਦੇ ਲਿਖਿਆ 'ਆਹ ਦੇਖ ਲੋ ਮੇਰੇ ਪੁੱਤ ਨੂੰ ਸਾਲ ਹੋ ਗਿਆ ਸਾਥੋਂ ਦੂਰ ਕੀਤੇ ਨੂੰ ਤੁਸੀ ਆਪ ਹੀ ਦੇਖ ਲੋ ਇਨਸਾਫ ਕਿੱਥੇ ਖੜੈ'



May 29, 2023 02:29 PM

ਚੋਣਾਂ 'ਚ ਹਾਰ ਮਗਰੋਂ ਮੂਸੇਵਾਲਾ ਦਾ ਗਾਣੇ 'ਚ ਪਲਟਵਾਰ

ਪੰਜਾਬ ਸਰਕਾਰ ਦੇ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦੀ ਬਰਖਾਸਤਗੀ ਤੋਂ ਬਾਅਦ ਮੂਸੇਵਾਲਾ ਨੇ ਆਪਣੇ ਗਾਣੇ 'ਚ ਸਿੰਗਲਾ 'ਤੇ ਚੁਟਕੀ ਵੀ ਲਈ ਸੀ। ਮੂਸੇਵਾਲਾ ਨੇ ਆਪਣੇ ਇੱਕ ਵਿਵਾਦਿਤ ਗੀਤ 'ਚ ਇਨ੍ਹਾਂ ਅਲਫਾਜ਼ਾਂ ਦਾ ਇਸਤੇਮਾਲ ਕਰ ਸਿੰਗਲਾ ਅਤੇ ਉਸਨੂੰ ਹਰਾਉਣ ਵਾਲੇ ਲੋਕਾਂ ਦੇ ਨਾਂਅ ਲਿਖਿਆ, 'ਹੁਣ ਮੈਨੂੰ ਦੱਸੋ ਗ਼ਦਰ ਕੌਣ? ਜਿੱਤ ਗਿਆ ਹਾਰ ਗਿਆ ਕੌਣ ਹੈ?' ਵਿਧਾਨ ਸਭਾ ਚੋਣਾਂ ਵਿੱਚ ਮੂਸੇਵਾਲਾ ਮਾਨਸਾ ਸੀਟ ਤੋਂ ਸਿੰਗਲਾ ਤੋਂ 63,323 ਵੋਟਾਂ ਨਾਲ ਹਾਰ ਗਏ ਸਨ। ਸਿੰਗਲਾ ਨੂੰ 1,00,023 ਵੋਟਾਂ ਮਿਲੀਆਂ ਜਦਕਿ ਮੂਸੇਵਾਲਾ ਨੂੰ ਸਿਰਫ਼ 36,700 ਵੋਟਾਂ ਮਿਲੀਆਂ ਸਨ।

May 29, 2023 02:24 PM

ਸਿੱਧੂ ਦੇ ਸਟਾਈਲ 'ਚ ਸਿੰਗਲਾ ਨੇ ਮਨਾਇਆ ਸੀ ਜਿੱਤ ਦਾ ਜਸ਼ਨ

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਨੂੰ 2022 ਦੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਡਾ: ਵਿਜੇ ਸਿੰਗਲਾ ਤੋਂ ਕਰਾਰੀ ਹਾਰ ਮਿਲੀ ਸੀ। ਜਿਸ ਤੋਂ ਬਾਅਦ ਸ਼ਕਤੀ ਪ੍ਰਦਰਸ਼ਨ ਦੇ ਤੌਰ 'ਤੇ ਸਿੰਗਲਾ ਨੇ 5911 ਟਰੈਕਟਰ ਰਿਵਰਸ ਵਿੱਚ ਖਿੱਚ ਆਪਣੀ ਜਿੱਤ ਦਾ ਡੰਕਾ ਪ੍ਰਦਰਸ਼ਿਤ ਕੀਤਾ ਸੀ। ਮੂਸੇਵਾਲਾ ਅਕਸਰ ਆਪਣੇ ਗੀਤਾਂ ਵਿੱਚ 5911 ਟਰੈਕਟਰ ਦਾ ਪ੍ਰਚਾਰ ਕਰਦਾ ਸੀ। ਇਸ ਤੋਂ ਇਲਾਵਾ ਸਿੰਗਲਾ ਨੇ ਮੂਸੇਵਾਲਾ ਨੂੰ ਹਰਾ ਜਿੱਤ ਦਾ ਜਸ਼ਨ ਆਪਣੇ ਪੱਟ 'ਤੇ ਥਾਪੀ ਮਾਰ ਕੇ ਵੇਖਿਆ ਸੀ, ਜੋ ਕਿ ਸਿੱਧੂ ਦਾ ਆਪਣੇ ਲਾਈਵ ਸ਼ੋਅ ਦੌਰਾਨ ਸਿਗਨੇਚਰ ਸਟੈਪ ਹੁੰਦਾ ਸੀ।

May 29, 2023 01:24 PM

ਪਰਿਵਾਰ ਅਤੇ ਪ੍ਰਸ਼ੰਸਕਾਂ ਵਲੋਂ ਇਸਾਫ ਮਾਰਚ

ਪੰਜਾਬ ਵਿੱਚ ਅੱਜ ਕਈ ਥਾਵਾਂ ’ਤੇ ਇਨਸਾਫ਼ ਮਾਰਚ ਕੱਢੇ ਜਾ ਰਹੇ ਹਨ। ਇਹ ਮਾਰਚ ਬਾਰਾਹ ਹਟਨ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਵਿਖੇ ਪਹੁੰਚੇਗਾ। ਮੋਮਬੱਤੀਆਂ ਫੜ ਕੇ ਪ੍ਰਸ਼ੰਸਕ ਸਿੱਧੂ ਲਈ ਇਨਸਾਫ਼ ਦੀ ਮੰਗ ਕਰਨਗੇ। ਇਸੇ ਤਰ੍ਹਾਂ ਦੁਸਹਿਰਾ ਗਰਾਊਂਡ ਖਰੜ ਵਿਖੇ ਵੀ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇੱਥੇ ਸ਼ਾਮ 6 ਵਜੇ ਜਿੱਥੇ ਪ੍ਰਸ਼ੰਸਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣਗੇ, ਉੱਥੇ ਹੀ ਉਹ ਇਨਸਾਫ਼ ਦੀ ਮੰਗ ਵੀ ਉਠਾਉਣਗੇ।

May 29, 2023 01:22 PM

ਪਿੰਡ ਜਵਾਹਰਕੇ ਵਿੱਚ ਖੂਨਦਾਨ ਕੈਂਪ ਅੱਜ

ਮਾਤਾ ਚਰਨ ਕੌਰ ਨੇ ਦੱਸਿਆ ਕਿ ਅੱਜ ਪਿੰਡ ਦੇ ਗੁਰਦੁਆਰਾ ਨਾਨਕ ਨਿਵਾਸ ਵਿਖੇ ਸ਼ੁਭਦੀਪ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਪਾਏ ਜਾਣਗੇ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਨੇੜੇ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ। ਪਿੰਡ ਤੋਂ ਪ੍ਰਸ਼ੰਸਕ ਪਹੁੰਚ ਰਹੇ ਹਨ, ਜੋ ਇਸ ਖੂਨਦਾਨ ਕੈਂਪ ਦਾ ਹਿੱਸਾ ਵੀ ਬਣਨਗੇ।

May 29, 2023 01:16 PM

ਪੁੱਤ ਦੀ ਸਮਾਧ 'ਤੇ ਭੁੱਬਾਂ ਮਾਰ-ਮਾਰ ਕੇ ਰੋਈ ਮਾਂ ਚਰਨ ਕੌਰ

ਪੰਜਾਬੀ ਗਾਇਕ ਤੋਂ ਸਿਆਸਤਦਾਨ ਬਣੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰ ਕੇ ਵਿਖੇ ਅਰਦਾਸ ਕੀਤੀ ਗਈ। sidhu ਨੂੰ ਪਿਛਲੇ ਸਾਲ 29 ਮਈ ਨੂੰ ਪਿੰਡ ਵਿੱਚ ਹਮਲਾਵਰਾਂ ਦੇ ਇੱਕ ਸਮੂਹ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਆਪਣੇ ਬੇਟੇ ਦੀ ਯਾਦ 'ਚ ਕਰਵਾਏ ਜਾ ਰਹੇ ਅਰਦਾਸ 'ਚ ਸ਼ਾਮਲ ਹੋਣ ਉਪਰੰਤ ਆਪਣੇ ਪੁੱਤਰ ਦੀ ਸਮਾਧ 'ਤੇ ਪਹੁੰਚੀ ਮਾਤਾ ਚਰਨ ਕੌਰ ਭਾਵੁਕ ਹੋ ਭੁੱਬਾਂ ਮਾਰ-ਮਾਰ ਕੇ ਰੋਈ।


May 29, 2023 12:46 PM

ਪੁੱਤ ਦੀ ਬਰਸੀ 'ਤੇ ਸੁਣੋ ਲੰਡਨ ਤੋਂ ਕੀ ਬੋਲੇ ਬਾਪੂ ਬਲਕੌਰ ਸਿੰਘ


May 29, 2023 12:17 PM

ਇਸ ਕਤਲ ਕੇਸ ਵਿੱਚ ਹੁਣ ਤੱਕ 25 ਗ੍ਰਿਫ਼ਤਾਰੀਆਂ

ਪੰਜਾਬ ਪੁਲਿਸ ਨੇ ਇਸ ਕਤਲ ਕੇਸ ਵਿੱਚ 25 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ 34 ਮੁਲਜ਼ਮ ਨਾਮਜ਼ਦ ਹਨ। ਪੁਲਿਸ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। 29 ਮਈ 2022 ਨੂੰ ਮਾਨਸਾ ਵਿੱਚ ਸਿੱਧੂ ਦੀ ਥਾਰ ਕਾਰ 'ਤੇ ਦੋ ਕਾਰਾਂ ਵਿੱਚ ਆਏ ਸ਼ੂਟਰਾਂ ਨੇ 30 ਤੋਂ ਵੱਧ ਗੋਲੀਆਂ ਚਲਾਈਆਂ, ਜਿਸ ਵਿੱਚ ਸਿੱਧੂ ਮੂਸੇਵਾਲਾ ਨੂੰ 19 ਗੋਲੀਆਂ ਲੱਗੀਆਂ। ਇੱਕ ਨਾਬਾਲਗ ਸ਼ੂਟਰ ਨੇ ਮੂਸੇਵਾਲਾ 'ਚ 6 ਗੋਲੀਆਂ ਦਾਗੀਆਂ ਸਨ। ਇਸ ਮਾਮਲੇ 'ਚ ਵਿਦੇਸ਼ 'ਚ ਬੈਠੇ ਗੈਂਗਸਟਰ ਸਚਿਨ ਬਿਸ਼ਨੋਈ ਅਤੇ ਗੋਲਡੀ ਬਰਾੜ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ।

May 29, 2023 11:33 AM

ਕਤਲ ਤੋਂ 25 ਦਿਨ ਬਾਅਦ ਆਇਆ ਪਹਿਲਾ ਗੀਤ SYL

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ 25 ਦਿਨ ਬਾਅਦ 23 ਜੂਨ ਨੂੰ ਪਹਿਲਾ ਗੀਤ ਰਿਲੀਜ਼ ਹੋਇਆ ਸੀ। ਮੂਸੇਵਾਲਾ ਦੀ ਫੈਨ ਫੋਲੋਇੰਗ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਧੇ ਘੰਟੇ 'ਚ ਹੀ ਇਸ ਗੀਤ ਨੂੰ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਅਤੇ ਸੁਣਿਆ। ਇਹ ਗੀਤ ਪੰਜਾਬ-ਹਰਿਆਣਾ ਦੇ ਸਤਲੁਜ ਯਮੁਨਾ ਲਿੰਕ ਨਹਿਰ (SYL) ਮੁੱਦੇ 'ਤੇ ਗਾਇਆ ਗਿਆ ਸੀ। ਇਸ ਗੀਤ ਦੇ ਵਿਵਾਦਾਂ 'ਚ ਆਉਣ ਤੋਂ ਬਾਅਦ ਇਸ ਨੂੰ ਯੂਟਿਊਬ ਨੇ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਸੀ। ਇਸ 'ਚ ਬਲਵਿੰਦਰ ਜਟਾਣਾ ਦੇ ਜ਼ਿਕਰ ਸਮੇਤ ਕਈ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਲੈ ਕੇ ਰੋਸ ਸੀ। ਇਸ ਤੋਂ ਇਲਾਵਾ ਬੰਦੀ ਸਿੱਖਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ।

May 29, 2023 11:31 AM

ਪਰਿਵਾਰ ਨੂੰ ਸੌਂਪੇ ਗਏ ਸਨ ਸਿੱਧੂ ਦੇ ਅਧੂਰੇ ਪ੍ਰੋਜੈਕਟ

ਦੇਸ਼-ਵਿਦੇਸ਼ 'ਚ ਆਪਣੀ ਪਹਿਚਾਣ ਬਣਾਉਣ ਵਾਲੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੇ ਅਧੂਰੇ ਪਏ ਪ੍ਰੋਜੈਕਟ ਪਰਿਵਾਰ ਨੂੰ ਸੌਂਪ ਦਿੱਤੇ ਸਨ। ਵਿਵਾਦਿਤ ਸਤਲੁਜ ਯਮੁਨਾ ਲਿੰਕ ਨਹਿਰ (SYL)'ਤੇ ਗੀਤ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਟੀਮ ਨੇ ਸੋਸ਼ਲ ਮੀਡੀਆ ਰਾਹੀਂ ਇਹ ਵੀ ਦੱਸਿਆ ਸੀ ਕਿ ਮੂਸੇਵਾਲਾ ਦੇ ਪਰਿਵਾਰ ਨੇ ਗੀਤ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।

May 29, 2023 11:29 AM

6-6 ਮਹੀਨਿਆਂ 'ਚ ਰਿਲੀਜ਼ ਹੋਣਗੇ ਸਿੱਧੂ ਦੇ ਗੀਤ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪੁੱਤਰ ਦੇ ਕਈ ਗੀਤ ਅਜੇ ਵੀ ਰਿਕਾਰਡ ਹੋਏ ਪਏ ਹਨ। ਮੇਰੀ ਕੋਸ਼ਿਸ਼ ਰਹੇਗੀ ਕਿ ਉਹ ਆਪਣੇ ਬੇਟੇ ਨੂੰ 7-8 ਸਾਲ ਤੱਕ ਜ਼ਿੰਦਾ ਰੱਖਣ। ਉਸ ਦੇ ਗੀਤ ਹੌਲੀ-ਹੌਲੀ ਰਿਲੀਜ਼ ਕੀਤੇ ਜਾਣਗੇ। ਮੂਸੇਵਾਲਾ ਦੀ ਟੀਮ ਨੇ 6-6 ਮਹੀਨਿਆਂ ਬਾਅਦ ਗੀਤ ਰਿਲੀਜ਼ ਕਰਨ ਲਈ ਪਰਿਵਾਰ ਨਾਲ ਗੱਲਬਾਤ ਕੀਤੀ ਸੀ।

May 29, 2023 11:28 AM

ਮੂਸੇਵਾਲਾ ਦੇ ਕਤਲ ਦਾ ਕਾਰਨ

ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਬਦਲੇ ਲੈਣ ਦੇ ਖਾਤਿਰ ਕੀਤਾ ਗਿਆ ਸੀ। ਦੱਸ ਦਈਏ ਕਿ 7 ਅਗਸਤ 2021 ਨੂੰ ਯੁਵਾ ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ ਗਿਆ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸ਼ੱਕ ਸੀ ਕਿ ਵਿੱਕੀ ਮਿੱਡੂਖੇੜਾ ਨੂੰ ਮਾਰਨ ਵਾਲੇ ਸ਼ੂਟਰਾਂ ਨੂੰ ਮੂਸੇਵਾਲਾ ਨੇ ਪਨਾਹ ਦਿੱਤੀ ਸੀ। ਵਿੱਕੀ ਮਿੱਡੂ ਖੇੜਾ ਗੈਂਗਸਟਰ ਲਾਰੈਂਸ ਦਾ ਕਰੀਬੀ ਸੀ ਜਿਸ ਨੂੰ ਬੰਬੀਹਾ ਗੈਂਗ ਨੇ ਮਾਰ ਦਿੱਤਾ ਸੀ। ਜਿਸ ਤੋਂ ਬਾਅਦ ਲਾਰੈਂਸ ਗੈਂਗ ਦੇ ਬਦਮਾਸ਼ ਕਈ ਮਹੀਨਿਆਂ ਤੋਂ ਮੂਸੇਵਾਲਾ ਦੀ ਰੈਕੀ ਕਰ ਰਹੇ ਸੀ ਅਤੇ ਫਿਰ ਉਸ ਨੂੰ ਬਦਮਾਸ਼ਾਂ ਨੇ 29 ਮਈ 2022 ਦਿਨ ਐਤਵਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। 

May 29, 2023 11:27 AM

ਸਿੱਧੂ ਮੂਸੇਵਾਲਾ ਦੇ ਕਾਤਲਾਂ ‘ਚੋਂ 2 ਦਾ ਐਨਕਾਉਂਟਰ ਤੇ ਗੋਇੰਦਵਾਲ ਜੇਲ੍ਹ ‘ਚ ਝੜਪ ਦੌਰਾਨ ਦੋ ਦੀ ਮੌਤ

ਕੁਝ ਦਿਨ ਪਹਿਲਾਂ ਪੰਜਾਬ ਦੀ ਗੋਇੰਦਵਾਲ ਜੇਲ੍ਹ ਵਿੱਚ ਲਾਰੈਂਸ ਅਤੇ ਜੱਗੂ ਦੇ ਗੁੰਡੇ ਆਪਸ ਵਿੱਚ ਭਿੜੇ ਗਏ ਸਨ, ਜਿਸ ਵਿੱਚ ਜੱਗੂ ਗੈਂਗ ਦੇ ਸ਼ੂਟਰ ਮਨੀ ਰਈਆ ਉਰਫ ਤੂਫਾਨ ਅਤੇ ਮਨਮੋਹਨ ਉਰਫ ਮੋਹਨਾ ਮਾਨਸਾ ਮਾਰਿਆ ਗਿਆ। ਇਹ ਗੈਂਗ ਵਾਰ ਮੂਸੇਵਾਲਾ ਦੇ ਕਾਤਲਾਂ ਵਿਚਾਲੇ ਹੀ ਹੋਈ ਸੀ।

ਵਾਇਰਲ ਹੋਈ ਪਹਿਲੀ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸਚਿਨ ਭਿਵਾਨੀ ਜੇਲ੍ਹ ਦੇ ਅੰਦਰ ਮਾਰ ਕੇ ਸੁੱਟੇ ਮਨਦੀਪ ਤੂਫਾਨ ਅਤੇ ਮਨਮੋਹਨ ਮੋਹਨਾ ਦੀਆਂ ਲਾਸ਼ਾਂ ਦਿਖਾ ਰਿਹਾ ਸੀ। ਪਰ ਸਚਿਨ ਭਿਵਾਨੀ ਅਤੇ ਉਸ ਦੇ ਸਾਥੀ ਗੈਂਗਸਟਰ ਖੁੱਲ੍ਹੇਆਮ ਦੋਵਾਂ ਦੀਆਂ ਲਾਸ਼ਾਂ ਦਿਖਾ ਕੇ ਆਪਣੀ ਪਿੱਠ ਥਪਥਪਾ ਰਹੇ ਸੀ। ਜਦਿਕ ਦੂਜੀ ਵੀਡੀਓ ’ਚ ਲਾਰੈਂਸ ਦੇ ਬਾਕੀ ਸਾਥੀ ਸਚਿਨ ਭਿਵਾਨੀ ਦੇ ਨਾਲ ਇਕੱਠੇ ਹੋਏ ਸੀ। ਜਿਸ ਵਿੱਚ ਉਹ ਤੂਫਾਨ ਅਤੇ ਮੋਹਨਾ ਨੂੰ ਮਾਰਨ ਦਾ ਜਸ਼ਨ ਮਨਾ ਰਹੇ ਸੀ। ਉਹ ਧਮਕੀਆਂ ਵੀ ਦੇ ਰਹੇ ਸੀ ਕਿ ਜੇਕਰ ਅਸੀਂ ਮੂਸੇਵਾਲਾ ਨੂੰ ਮਾਰਿਆ ਤਾਂ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ।

May 29, 2023 10:59 AM

ਸਿੱਧੂ ਮੂਸੇਵਾਲਾ ਯੂਟਿਊਬ ਰਾਇਲਟੀ, ਵਿਗਿਆਪਨ ਸੌਦੇ

ਯੂਟਿਊਬ ਨੀਤੀਆਂ ਦੇ ਅਨੁਸਾਰ ਕਲਾਕਾਰਾਂ ਨੂੰ ਉਹਨਾਂ ਦੇ ਵਿਚਾਰਾਂ ਦੇ ਆਧਾਰ 'ਤੇ ਰਾਇਲਟੀ ਮਿਲਦੀ ਹੈ। YouTube ਕਿਸੇ ਵੀ ਵੀਡੀਓ ਜਾਂ ਗੀਤ ਦੇ ਪ੍ਰਤੀ 1 ਮਿਲੀਅਨ ਵਿਯੂਜ਼ 'ਤੇ ਲਗਭਗ USD 1000 ਦਿੰਦਾ ਹੈ। ਇਸ ਦੌਰਾਨ ਕੁਝ ਹਫਤਿਆਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾ' ਯੂਟਿਊਬ 'ਤੇ ਰਿਲੀਜ਼ ਹੋਇਆ ਸੀ।

ਦੋ ਦਿਨਾਂ ਵਿੱਚ ਸਿੱਧੂ ਮੂਸੇਵਾਲਾ ਦੇ ਗੀਤ 'ਮੇਰੇ ਨਾ' ਨੂੰ 18 ਮਿਲੀਅਨ ਵਿਊਜ਼ ਮਿਲੇ, ਜਿਸ ਦੀ ਕਮਾਈ ਲਗਭਗ 14.3 ਲੱਖ ਰੁਪਏ ਹੋ ਗਈ। ਜਦੋਂ ਉਸਦੇ ਹੋਰ ਸਾਰੇ ਗੀਤਾਂ ਦੀ ਗੱਲ ਆਉਂਦੀ ਹੈ ਤਾਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਹਨਾਂ ਨੇ ਉਸਦੀ ਮੌਤ ਤੋਂ ਬਾਅਦ ਰਾਇਲਟੀ ਵਿੱਚ 50 ਲੱਖ ਰੁਪਏ ਤੋਂ ਵੱਧ ਕਮਾਏ ਹਨ।

May 29, 2023 10:57 AM

ਆਪਣੀ ਮੌਤ ਤੋਂ ਬਾਅਦ ਵੀ ਕਿੰਨੇ ਪੈਸੇ ਕਮਾ ਰਿਹਾ ਮੂਸੇਵਾਲਾ?

ਸਿੱਧੂ ਮੂਸੇਵਾਲਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਸ਼ਹੂਰ ਪੰਜਾਬੀ ਗਾਇਕਾਂ ਵਿੱਚੋਂ ਇੱਕ ਸੀ, ਜਿਸਦੇ ਗੀਤਾਂ ਨੂੰ ਉਸਦੇ ਮਰਨ ਉਪਰੰਤ ਵੀ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਅਜੇ ਵੀ ਉਸਦੇ ਗਾਣਿਆਂ ਨੂੰ YT 'ਤੇ ਲੱਖਾਂ ਵਿਊਜ਼ ਮਿਲਦੇ ਹਨ। ਇੱਕ ਵੱਡੀ ਫਾਲੋਇੰਗ ਦੇ ਨਾਲ ਮੂਸੇਵਾਲੇ ਨੇ ਅਜੇ ਵੀ ਆਪਣੀ YouTube ਰਾਇਲਟੀ ਅਤੇ ਸੌਦਿਆਂ ਦੁਆਰਾ ਕਰੋੜਾਂ ਦੀ ਕਮਾਈ ਕਰਨੀ ਜਾਰੀ ਰੱਖੀ ਹੋਈ ਹੈ।

May 29, 2023 10:26 AM

ਮੂਸੇਵਾਲਾ ਦੇ ਕਤਲ 'ਚ ਨਾਮਜ਼ਦ 35 ਗੈਂਗਸਟਰਾਂ 'ਚੋਂ 4 ਦਾ ਕਤਲ

ਬਦਨਾਮ ਗੈਂਗਸਟਰ ਲਾਰੈਂਸ ਦੇ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ। ਜਿਸ 'ਚ ਲਾਰੈਂਸ ਦਾ ਭਰਾ ਅਨਮੋਲ ਅਤੇ ਭਤੀਜਾ ਸਚਿਨ ਥਾਪਨ ਵੀ ਸ਼ਾਮਲ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 35 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ 'ਚੋਂ 4 ਦੀ ਮੌਤ ਹੋ ਚੁੱਕੀ ਹੈ। 4 ਮੁਲਜ਼ਮ ਵਿਦੇਸ਼ ਬੈਠੇ ਹਨ। 

ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਪੂਰੀ ਕਰ ਲਈ ਗਈ ਹੈ। ਅਦਾਲਤ ਵਿੱਚ 1850 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਮੂਸੇਵਾਲਾ ਦਾ ਪਰਿਵਾਰ ਇਸ ਤੋਂ ਨਾਖੁਸ਼ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾੜੇ ਦੇ ਕਾਤਲ ਹੀ ਫੜੇ ਗਏ। ਜਿਨ੍ਹਾਂ ਦੀ ਮੂਸੇਵਾਲਾ ਨਾਲ ਦੁਸ਼ਮਣੀ ਸੀ, ਜਿਨ੍ਹਾਂ ਨੇ ਸਾਰੀ ਸਾਜ਼ਿਸ਼ ਰਚੀ, ਉਹ ਚਿਹਰੇ ਅਜੇ ਤੱਕ ਫੜੇ ਨਹੀਂ ਗਏ। 


May 29, 2023 10:23 AM

ਵਿਦੇਸ਼ਾਂ ‘ਚ ਸਿੱਧੂ ਮੂਸੇਵਾਲਾ ਦੇ ਫੈਨ ਇੰਝ ਕਰ ਰਹੇ ਯਾਦ

ਸਿੱਧੂ ‘ਚ ਕੁਝ ਤਾਂ ਖਾਸ ਸੀ ਜੋ ਜਾਂਦੇ ਜਾਂਦੇ ਵੀ ਦੇਸ਼ਾਂ ਵਿਦੇਸ਼ਾਂ 'ਚ ਉਹ ਬਹੁਤੀਆਂ ਦੇ ਦਿੱਲ 'ਤੇ ਆਪਣੀ ਨਾਮ ਦੀ ਛਾਪ ਛੱਡ ਗਿਆ।


May 29, 2023 09:59 AM

ਕਾਤਲਾਂ ਦੀਆਂ ਗੱਡੀਆਂ ਕਬਾੜ ਬਣ ਮਾਨਸਾ ਥਾਣੇ 'ਚ ਯਾਦ ਕਰਵਾ ਰਹੀਆਂ ਮੂਸੇਵਾਲੇ ਦੀ "Last Ride"

ਜਦੋਂ ਸਿੱਧੂ ਮੂਸੇਵਾਲਾ ਘਰੋਂ ਨਿਕਲੇ ਤਾਂ ਸੰਦੀਪ ਕੇਕੜਾ ਨੇ ਬੋਲੈਰੋ ਅਤੇ ਕਰੋਲਾ ਗੱਡੀਆਂ ਵਿੱਚ ਬੈਠੇ ਸ਼ੂਟਰਾਂ ਨੂੰ ਜਾਣਕਾਰੀ ਦਿੱਤੀ। ਮਨਪ੍ਰੀਤ ਮੰਨੂ ਨੇ ਪਹਿਲਾਂ ਮੂਸੇਵਾਲਾ ਦੀ ਥਾਰ ਗੱਡੀ ਨੂੰ ਓਵਰਟੇਕ ਕਰਕੇ ਫਾਇਰ ਕੀਤਾ ਅਤੇ ਫ਼ਿਰ ਕਰੋਲਾ ਗੱਡੀ ਤੋਂ ਦੂਜੀ ਟੀਮ ਨਿਕਲੀ ਅਤੇ ਛੇ ਸ਼ੂਟਰਾਂ ਨੇ ਸਿੱਧੂ ਮੂਸੇਵਾਲੇ ਉੱਤੇ ਫਾਇਰ ਕੀਤੇ। ਬੋਲੈਰੋ ਗੱਡੀ ਵਾਲੀ ਟੀਮ ਨੂੰ ਪ੍ਰਿਅਵ੍ਰੱਤ ਫੌਜੀ ਹੈੱਡ ਕਰ ਰਿਹਾ ਸੀ। ਕਰੋਲਾ ਗੱਡੀ ਨੂੰ ਜਗਰੂਪ ਰੂਪਾ ਚਲਾ ਰਿਹਾ ਸੀ ਅਤੇ ਨਾਲ ਮਨਪ੍ਰੀਤ ਮੰਨੂ ਬੈਠਾ ਸੀ ਅਤੇ ਮਨਪ੍ਰੀਤ ਨੇ ਹੀ ਥਾਰ ਨੂੰ ਓਵਰਟੇਕ ਕਰਨ ਲਈ ਏਕੇ-47 ਨਾਲ ਫਾਇਰ ਕੀਤਾ ਸੀ।ਵਾਰਦਾਤ ਨੂੰ ਅੰਜਾਮ ਦੇਣ ਲਈ ਇਹ ਬਹੁਤ ਦਿਨਾਂ ਤੋਂ ਲੱਗੇ ਹੋਏ ਸਨ ਅਤੇ ਇਨ੍ਹਾਂ ਨੇ ਕਈ ਰੈਕੀਆਂ ਕੀਤੀਆਂ। 

May 29, 2023 09:51 AM

ਪਿੰਡ ਮੂਸੇ ਪੁਹੰਚਣ ਲੱਗੇ ਸਿੱਧੂ ਨੂੰ ਪਿਆਰ ਕਰਨ ਵਾਲੇ, ਦੇਖੋ ਕੀ ਬੋਲੇ ਭਾਵੁਕ ਹੋਏ ਲੋਕ

ਦੂਰ ਦੁਰਾਡੇ ਤੋਂ ਲੋਕ ਮੂਸੇਵਾਲੇ ਦੀ ਸਮਾਧ 'ਤੇ ਪਹੁੰਚ ਰਹੇ ਹਨ। ਮਰਹੂਮ ਗਾਇਕ ਦੇ ਮਾਤਾ, ਚਰਨ ਕੌਰ ਪਹਿਲਾਂ ਹੀ ਉਨ੍ਹਾਂ ਦੀ ਸਮਾਧ 'ਤੇ ਪਹੁੰਚ ਉਨ੍ਹਾਂ ਦੇ ਦਰਸ਼ਨ ਕਰ ਚੁਕੇ ਹਨ। ਦੱਸ ਦੇਈਏ ਕਈ ਸਿੱਧੂ ਮੂਸੇਵਾਲੇ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ। ਸਿੱਧੂ ਦੇ ਪਰਿਵਾਰ ਦੀ ਆਪਣੇ ਪਿੰਡ ਨਾਲ ਕਾਫੀ ਸਾਂਝ ਹੈ ਅਤੇ ਇਸੇ ਸਾਂਝ ਕਾਰਨ ਹੀ ਸ਼ੁਭਦੀਪ ਸਿੰਘ ਸਿੱਧੂ ਨੇ ਪਿੰਡ ਦਾ ਨਾਂ ਆਪਣੇ ਨਾਂ ਨਾਲ ਜੋੜਿਆ ਸੀ ਅਤੇ ਹੁਣ ਉਹ ਪੂਰੀ ਦੁਨੀਆ 'ਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।


May 29, 2023 09:40 AM

ਪਹਿਲੀ ਬਰਸੀ ਮੌਕੇ ਆਪਣੇ ਪੁੱਤ ਦੀ ਸਮਾਧ 'ਤੇ ਪਹੁੰਚੀ ਮਾਤਾ ਚਰਨ ਕੌਰ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ 29 ਮਈ ਨੂੰ ਪੂਰਾ ਇੱਕ ਸਾਲ ਹੋ ਗਿਆ। ਪਰ ਅਜੇ ਵੀ ਉਸ ਦੇ ਮਾਪਿਆਂ ਵੱਲੋਂ ਇਨਸਾਫ ਲਈ ਸੰਘਰਸ਼ ਜਾਰੀ ਹੈ। ਬੇਸ਼ੱਕ ਅੱਜ ਸਿੱਧੂ ਮੂਸੇਵਾਲਾ ਦੁਨੀਆ ਚ ਨਹੀਂ ਪਰ ਅੱਜ ਵੀ ਉਹ ਆਪਣੇ ਗੀਤਾਂ ਰਾਹੀਂ ਹਰ ਕਿਸੇ ਦੇ ਦਿਲਾਂ ‘ਤੇ ਰਾਜ ਕਰ ਰਿਹਾ। ਉੱਥੇ ਹੀ ਦੂਜੇ ਪਾਸੇ ਮੂਸੇਵਾਲਾ ਦੇ ਮਾਪਿਆਂ ਦੀਆਂ ਅੱਖਾਂ ਅੱਜ ਵੀ ਆਪਣੇ ਪੁੱਤ ਨੂੰ ਯਾਦ ਕਰ ਨਮ ਹੋ ਜਾਂਦੀਆਂ ਹਨ। 


May 29, 2023 08:59 AM

ਮੂਸੇਵਾਲਾ ਕਤਲ ਕਾਂਡ ਸੁਲਝਾਉਣ ਵਾਲੇ ਦਿੱਲੀ ਪੁਲਿਸ ਦੇ 12 ਅਧਿਕਾਰੀਆਂ ਨੂੰ ਦੇਣੀ ਪਈ 'ਵਾਈ ਸ਼੍ਰੇਣੀ' ਸੁਰੱਖਿਆ

ਪਿਛਲੇ ਸਾਲ 14 ਦਿਸੰਬਰ ਨੂੰ ਦਿੱਲੀ ਪੁਲਿਸ ਨੇ ਦੱਸਿਆ ਸੀ ਕਿ ਪੰਜਾਬ ਦੇ ਰੈਪਰ ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਸੁਲਝਾਉਣ ਵਿੱਚ ਲੱਗੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ 12 ਅਧਿਕਾਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਅਤੇ ਉਨ੍ਹਾਂ ਨੂੰ ਵਾਈ-ਸ਼੍ਰੇਣੀ ਦੀ ਸੁਰੱਖਿਆ ਦੇਣੀ ਪਈ। 

ਰਿਪੋਰਟਾਂ ਦੇ ਅਨੁਸਾਰ, ਇਹ ਕਦਮ ਪੰਜਾਬ ਦੇ ਗੈਂਗਸਟਰ ਹਰਵਿੰਦਰ ਰਿੰਦਾ ਦੇ ਇੱਕ ਸਾਥੀ ਲਖਬੀਰ ਲੰਡਾ ਵੱਲੋਂ ਸੋਸ਼ਲ ਮੀਡੀਆ 'ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਧਮਕੀ ਦੇਣ ਤੋਂ ਬਾਅਦ ਲਿਆ ਗਿਆ ਸੀ। ਦਰਅਸਲ ਗੈਂਗਸਟਰ ਨੇ ਇਸ ਕੇਸ ਨੂੰ ਸੁਲਝਾਉਣ ਵਿਚ ਲੱਗੇ ਸਪੈਸ਼ਲ ਸੈੱਲ ਦੇ ਉਨ੍ਹਾਂ ਸਾਰੇ ਅਧਿਕਾਰੀਆਂ ਦੀਆਂ ਫੋਟੋਆਂ ਹੋਣ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਇਨ੍ਹਾਂ ਅਫਸਰਾਂ ਦਾ ਸੜਕਾਂ 'ਤੇ ਨਜ਼ਰ ਆਉਣਾ ਚੰਗੀ ਗੱਲ ਨਹੀਂ। ਲੰਡਾ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਸਪੈਸ਼ਲ ਸੈੱਲ ਦਾ ਕੋਈ ਵੀ ਅਧਿਕਾਰੀ ਪੰਜਾਬ ਵਿੱਚ ਦਾਖਲ ਨਾ ਹੋਵੇ।

ਸਿੱਧੂ ਕਤਲ ਕਾਂਡ ਦੇ ਮੁੱਖ ਸਾਜ਼ਿਸ਼ਕਾਰਤਾਵਾਂ ਵਿਚੋਂ ਇੱਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਹਰਵਿੰਦਰ ਰਿੰਦਾ ਅਤੇ ਉਸਦੇ ਸਾਥੀ ਲਖਬੀਰ ਲੰਡਾ ਨਾਲ ਵੀ ਸਬੰਧ ਸਾਹਮਣੇ ਆਏ ਹਨ। 



May 29, 2023 08:49 AM

Sidhu Moosewala ਨੇ ਇੰਜੀਨੀਅਰਿੰਗ ਕਰਦੇ ਸਮੇਂ ਆਪਣੇ ਹੱਥਾਂ ਨਾਲ ਤਿਆਰ ਕੀਤੀ ਸੀ ਇਹ ਗੱਡੀ

ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਸ਼ੁਭਦੀਪ ਪੜ੍ਹ ਕੇ ਵੱਡਾ ਇਨਸਾਨ ਬਣੇ ਅਤੇ ਪੜ੍ਹਾਈ ਵੱਲ ਵੱਧ ਧਿਆਨ ਦੇਵੇ ਕਿਉਂਕਿ ਹਰ ਮਾਂ-ਪਿਓ ਇਹੀ ਚਾਹੁੰਦੇ ਹਨ। ਪਰ ਸ਼ੁਭਦੀਪ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਸਿੱਧੂ ਨੇ ਆਪਣੀ ਸਕੂਲੀ ਪੜ੍ਹਾਈ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਤੋਂ ਕੀਤੀ। ਸਕੂਲ ਮਾਨਸਾ ਤੋਂ ਹੀ ਗਾਇਕੀ ਮੁਕਾਬਲੇ ਵਿੱਚ ਭਾਗ ਲੈਣ ਤੋਂ ਇਲਾਵਾ ਸ਼ੁਭਦੀਪ ਸਕੂਲ ਵਿੱਚ ਹੀ ਗਾਇਕੀ ਅਤੇ ਅਦਾਕਾਰੀ ਵਿੱਚ ਬਹੁਤ ਖੁਸ਼ ਰਹਿੰਦਾ ਸੀ। ਸਿੱਧੂ ਨੂੰ ਅਦਾਕਾਰੀ ਨਾਲੋਂ ਗਾਉਣ ਦਾ ਵਧੇਰਾ ਸ਼ੌਕ ਸੀ, ਇਸੇ ਕਰਕੇ ਉਸ ਦਾ ਝੁਕਾਅ ਗਾਇਕੀ ਵੱਧ ਗਿਆ।

ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਿੱਧੂ ਮੂਸੇਵਾਲਾ ਇੰਜੀਨੀਅਰ ਬਣਨ ਦਾ ਸੁਪਨਾ ਲੈ ਕੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਚਲਾ ਗਿਆ। ਸਿੱਧੂ ਨੇ ਇਲੈਕਟ੍ਰੀਕਲ ਇੰਜਨੀਅਰਿੰਗ ਵਿੱਚ B.Tech ਕੀਤੀ। ਉਹ ਕਾਲਜ ਦੀ ਫਰੈਸ਼ਰ ਪਾਰਟੀ ਤੋਂ ਲੈ ਕੇ ਹਰ ਸਮਾਗਮ ਵਿੱਚ ਗੀਤ ਗਾ ਕੇ ਨਾ ਸਿਰਫ਼ ਆਪਣੇ ਸਾਥੀਆਂ ਦਾ ਸਗੋਂ ਅਧਿਆਪਕਾਂ ਦਾ ਵੀ ਦਿਲ ਜਿੱਤ ਲੈਂਦਾ ਸੀ। ਆਪਣੇ ਕਾਲਜ ਦੌਰਾਨ ਸਿੱਧੂ ਵਲੋਂ ਇੱਕ ਗੱਡੀ ਵੀ ਤਿਆਰ ਕੀਤੀ ਗਈ ਸੀ, ਸੋ ਕਰੋ ਉਸ ਗੱਡੀ ਦੇ ਦਰਸ਼ਨ ....

 

May 29, 2023 08:41 AM

Sidhu Moosewala ਦੀ 30 ਫੁੱਟ ਦੀ ਮੂਰਤੀ ਕਿਵੇਂ ਹੋ ਰਹੀ ਤਿਆਰ

ਪੰਜਾਬੀ ਨੌਜਵਾਨ ਸਿੱਧੂ ਦੇ ਗੀਤਾਂ ਅਤੇ ਉਸਦੀ ਸ਼ਖਸੀਅਤ ਦੇ ਇੰਨੇ ਦੀਵਾਨੇ ਹਨ ਕਿ ਜਦੋਂ ਵੀ ਉਸਦਾ ਨਵਾਂ ਗੀਤ ਆਉਂਦਾ ਹੈ ਤਾਂ ਸੋਸ਼ਲ ਮੀਡਿਆ 'ਤੇ ਇੱਕ ਵੱਖਰੀ ਕਿਸਮ ਦਾ ਨਸ਼ਾ ਛਾਇਆ ਰਹਿੰਦਾ ਹੈ। ਉਸ ਦੀ ਫੈਨ ਫਾਲੋਇੰਗ ਜ਼ਬਰਦਸਤ ਹੈ, ਕੁਝ ਸੁਣਨ 'ਤੇ ਉਸ ਦੇ ਖਿਲਾਫ ਲੜਨ ਅਤੇ ਬਹਿਸ ਕਰਨ ਲਈ ਤਿਆਰ ਰਹਿੰਦੇ ਹਨ, ਪਿਆਰ ਇਨ੍ਹਾਂ ਕਿ ਆਪਣੇ ਹਰਮ ਪਿਆਰੇ ਖਿਲਾਫ ਇੱਕ ਸ਼ਬਦ ਨਹੀਂ ਜਰ ਸਕਦੇ।

ਇਸੀ ਵਿਚਕਾਰ ਪਿੰਡ ਮੂਸਾ ਨੇੜੇ ਰੇਤ ਦੇ ਢੇਰ 'ਤੇ ਦਿਖੇਗਾ ਮੂਸੇਵਾਲਾ, ਟਿੱਬਿਆਂ ਦੀ ਧਰਤੀ ਚ ਸਿੱਧੂ ਦੀ ਮੂੰਹ ਬੋਲਦੀ ਤਸਵੀਰ ਕਰੀਬ 30 ਫੁੱਟ ਦਾ ਬੁੱਤ ਬੀਤੀ ਰਾਤ ਤੋਂ ਤਿਆਰ ਕੀਤਾ ਜਾ ਰਿਹਾ ਜੋ ਕਿ ਸਿੱਧੂ ਨੂੰ ਇੱਕ ਨਵੇਕਲੀ ਸ਼ਰਧਾਂਜਲੀ ਦੇਣ ਦੀ ਭਾਵਨਾ ਨਾਲ ਬਣਾਇਆ ਜਾ ਰਿਹਾ। ਬੁਤਸਾਜ਼ਾਂ ਦਾ ਕਹਿਣਾ ਕਿ ਉਹ ਚਾਹੁੰਦੇ ਨੇ ਕਿ ਜਦੋਂ ਇੱਥੇ ਇੱਕਠ ਹੋਵੇ ਤਾਂ ਕੋਈ ਵੀ ਇਹ ਨਾ ਸਮਝੇ ਵੀ ਸਿੱਧੂ ਅੱਜ ਸਾਡੇ ਵਿਚਕਾਰ ਨਹੀਂ, ਇਹ ਮੂਰਤੀ ਸਾਰਿਆਂ ਨੂੰ ਉਸਦੀ ਮੌਜੂਦਗੀ ਦਾ ਇਹਸਾਸ ਕਰਵਾਉਂਦੀ ਰਹੇਗੀ। ਦੇਖੋ ਪੂਰੀ ਵੀਡੀਓ....


May 29, 2023 08:35 AM

ਸਿੱਧੂ ਮੂਸੇਵਾਲਾ ਦੀ ਸੱਚੀ ਮਸ਼ੂਕ

ਸਿੱਧੂ ਮੂਸੇਵਾਲਾ ਦਾ ਇੱਕ ਗੀਤ ਆਇਆ ਸੀ ''ਮੈਂ ਅਤੇ ਮੇਰੀ ਸਹੇਲੀ'' ਇਸ ਗੀਤ ਤੋਂ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਕੀ ਸਿੱਧੂ ਇਸ ਗੀਤ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਰਹੇ ਹਨ। ਆਪਣੀ ਪ੍ਰੇਮਿਕਾ ਦਾ ਨਾਂ ਦੱਸ ਰਹੇ ਹਨ। ਸਾਰਾ ਗੁਰਪਾਲ ਨੇ ਇਸ ਗੀਤ 'ਚ ਉਨ੍ਹਾਂ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ। ਗੀਤ 'ਚ ਮੂਸੇਵਾਲਾ ਅਤੇ ਸਾਰਾ ਦੀ ਕੈਮਿਸਟਰੀ ਹੈ ਪਰ ਗੀਤ 'ਚ ਇੱਕ ਦਿਲਚਸਪ ਟਵਿਸਟ ਸੀ ਕਿਉਂਕਿ ਸਿੱਧੂ ਦਾ ਕਹਿਣਾ ਸੀ ਕਿ ਉਸ ਦੀ ਗਰਲਫ੍ਰੈਂਡ ਕੁੜੀ ਨਹੀਂ ਸਗੋਂ ਰਾਈਫਲ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਸਿੱਧੂ ਮੂਸੇਵਾਲਾ ਨੇ ਆਪਣੀ ਕਿਸੇ ਵੀ ਗਰਲਫ੍ਰੈਂਡ ਬਾਰੇ ਕਿਤੇ ਵੀ ਨਹੀਂ ਦੱਸਿਆ ਸੀ। ਸਿੱਧੂ ਉਵੇਂ ਵੀ ਬੰਦੂਕਾਂ ਦਾ ਬਹੁਤ ਸ਼ੌਕੀਨ ਸੀ। 


May 29, 2023 08:31 AM

ਐਮਬੂਲੈਂਸ ਹੀ ਸਿੱਧੂ ਨੂੰ ਕਰ ਦਿੱਤੀ ਸਮਰਪਿਤ

ਜਲੰਧਰ ਦੇ ਸੁਖਦੇਵ ਸਿੰਘ ਚਾਹਲ ਜੋ ਕਿ ਇੱਕ ਐਮਬੂਲੈਂਸ ਚਾਲਕ ਹਨ, ਉਨ੍ਹਾਂ ਵਲੋਂ ਨਵੇਕਲੀ ਸ਼ਰਧਾਂਜਲੀ ਉਨ੍ਹਾਂ ਦੇ ਹਰਮਨ ਪਿਆਰੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਦਿੱਤੀ ਗਈ ਹੈ। ਉਹ ਸਿੱਧੂ ਦੀ ਮੌਤ ਤੋਂ ਬਾਅਦ ਇਨ੍ਹੇ ਸਦਮੇ 'ਚ ਚਲੇ ਗਏ ਕਿ ਉਨ੍ਹਾਂ ਮੂਸੇਵਾਲਾ ਦੀ ਯਾਦ 'ਚ ਤਸਵੀਰਾਂ ਨਾਲ ਭਰੀ ਇੱਕ ਐਮਬੂਲੈਂਸ ਤਿਆਰ ਕਰਵਾਈ ਅਤੇ ਪਿਛਲੇ ਇੱਕ ਸਾਲ ਤੋਂ ਉਹ ਇਹ ਐਮਬੂਲੈਂਸ ਚਲਾ ਰਹੇ ਹਨ। ਸਿੱਧੂ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਹੋਰ ਕੀ ਕੁਝ ਕਿਹਾ ਤੁਸੀਂ ਆਪਣੇ ਸੁਣ ਲਵੋ


May 29, 2023 08:23 AM

ਸਿੱਧੂ ਦੀ ਲਾਸਟ ਰਾਈਡ ਜਿਥੇ ਹੋਈ ਸਮਾਪਤ ਉਥੇ ਵੀ ਸਮਾਗਮ

ਸਿੱਧੂ ਮੂਸੇਵਾਲਾ ਦੀ 'Last Ride' ਪਿੰਡ ਜਵਾਹਰਕੇ ਵਿਖੇ ਵੀ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ। ਜਵਾਹਰਕੇ ਦੇ ਸਾਬਕਾ ਸਰਪੰਚ ਰਜਿੰਦਰ ਸਿੰਘ ਜਵਾਹਰਕੇ ਦਾ ਕਹਿਣਾ ਕਿ ਹਰ ਰੋਜ਼ ਦੇਸ਼-ਵਿਦੇਸ਼ ਅਤੇ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਮੂਸੇਵਾਲਾ ਦੇ ਅੰਤਿਮ ਸਸਕਾਰ ਸਥਾਨ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਥਾਨ ’ਤੇ ਮੂਸੇਵਾਲਾ ਦੀ ਯਾਦਗਾਰ ਬਣਾਉਣ ਦੀ ਵੀ ਯੋਜਨਾ ਹੈ। 


May 29, 2023 08:22 AM

ਪੂਰਾ ਪਿੰਡ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਸਜਾਇਆ

ਪੂਰੇ ਪਿੰਡ ਨੂੰ ਮੂਸੇਵਾਲਾ ਦੀਆਂ ਤਸਵੀਰਾਂ ਅਤੇ ਸਟਿੱਕਰਾਂ ਨਾਲ ਸਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਲਈ ਕਈ ਗਾਇਕਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਇਸ ਦੇ ਨਾਲ ਹੀ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਮਾਨਸਾ ਦੇ ਗੁਰਦੁਆਰਾ ਚੌਕ ਤੋਂ ਬੱਸ ਸਟੈਂਡ ਚੌਕ ਤੱਕ ਅਰਥੀ ਫੂਕ ਮਾਰਚ ਕੱਢਿਆ ਜਾਵੇਗਾ ਅਤੇ ਹੋਰ ਮੰਗਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਵੀ ਕੀਤੀ ਜਾਵੇਗੀ।

May 29, 2023 08:15 AM

ਮੂਸੇਵਾਲਾ ਦੀ ਪਹਿਲੀ ਬਰਸੀ 'ਤੇ ਦੇਸ਼-ਵਿਦੇਸ਼ 'ਚ ਵੀ ਸਮਾਗਮ

ਮੂਸੇਵਾਲਾ ਦੀ ਬਰਸੀ 'ਤੇ ਦੇਸ਼-ਵਿਦੇਸ਼ 'ਚ ਵੀ ਸਮਾਗਮ ਕਰਾਏ ਜਾ ਰਹੇ ਹਨ। ਮੂਸੇਵਾਲਾ ਨੂੰ ਯਾਦ ਕਰਦਿਆਂ ਕਈ ਕਲੱਬਾਂ ਅਤੇ ਸੰਸਥਾਵਾਂ ਵਲੋਂ ਪੰਛੀਆਂ ਲਈ ਆਲ੍ਹਣੇ, ਲੋਕਾਂ ਲਈ ਮਿੱਠੇ ਜਲ ਦੀ ਛਬੀਲ, ਖੂਨਦਾਨ ਕੈਂਪ ਅਤੇ ਹੋਰ ਸਮਾਜ ਸੇਵਾ ਦੇ ਕੰਮ ਦੀਆਂ ਖਬਰਾਂ ਹਨ।



Moosewala First Death Anniversary: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਪਹਿਲੀ ਬਰਸੀ ਹੈ। ਇਸ ਸਬੰਧੀ ਐਤਵਾਰ ਨੂੰ ਪਿੰਡ ਜਵਾਹਰਕੇ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ। ਇਸੇ ਪਿੰਡ ਵਿੱਚ ਹੀ ਪਿਛਲੇ ਸਾਲ 29 ਮਈ ਨੂੰ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮੌਕੇ ਦੇਸ਼-ਵਿਦੇਸ਼ ਤੋਂ ਸੰਗਤਾਂ ਨੇ ਪਹੁੰਚ ਕੇ ਮੱਥਾ ਟੇਕਿਆ। ਇਸ ਦੌਰਾਨ ਮੂਸੇਵਾਲਾ ਦੀ ਮਾਤਾ ਵੀ ਪਿੰਡ ਜਵਾਹਰਕੇ ਪਹੁੰਚੀ ਅਤੇ ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋ ਗਈ।


- With inputs from our correspondent

Top News view more...

Latest News view more...

PTC NETWORK