ਵਿਜੀਲੈਂਸ ਦੀ ਟੀਮ ਵੱਲੋਂ ਓਮ ਪ੍ਰਕਾਸ਼ ਸੋਨੀ ਦੇ ਹੋਟਲ ਦੀ ਪੈਮਾਇਸ਼, ਰਿਕਾਰਡ ਖੰਗਾਲਿਆ
ਅੰਮ੍ਰਿਤਸਰ : ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਖਿਲਾਫ਼ ਜਾਂਚ ਤੇਜ਼ ਕਰ ਦਿੱਤੀ ਹੈ। ਚੰਡੀਗੜ੍ਹ ਤੋਂ ਵਿਜੀਲੈਂਸ ਵਿਭਾਗ ਦੀ ਟੀਮ ਜਾਂਚ ਲਈ ਅੰਮ੍ਰਿਤਸਰ ਪਹੁੰਚੀ ਹੈ। ਟੀਮ ਨੇ ਜਿੱਥੇ ਓ.ਪੀ.ਸੋਨੀ ਦੀ ਜਾਇਦਾਦ ਦੇ ਕਾਗਜ਼ਾਂ ਦੀ ਜਾਂਚ ਕੀਤੀ, ਉਥੇ ਜਾਇਦਾਦ ਦਾ ਮੁਲਾਂਕਣ ਵੀ ਕੀਤਾ ਹੈ।
ਵਿਜੀਲੈਂਸ ਦੀ ਟੀਮ ਨੇ ਓਮ ਪ੍ਰਕਾਸ਼ ਸੋਨੀ ਦੇ ਹੋਟਲ ਸਰੋਵਰ ਪੋਰਟੀਕੋ ਦੀ ਪੈਮਾਇਸ਼ ਕੀਤੀ। ਵਿਜੀਲੈਂਸ ਦੀ ਟੀਮ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ ਤਹਿਤ ਅਚੱਲ-ਚੱਲ ਜਾਇਦਾਦ ਦੀ ਜਾਂਚ ਕਰ ਰਹੀ ਹੈ। ਕਾਬਿਲੇਗੌਰ ਹੈ ਕਿ ਬੀਤੇ ਦਿਨ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੇ ਫਾਰਮ ਹਾਊਸ 'ਤੇ ਵਿਜੀਲੈਂਸ ਦੀ ਟੀਮ ਪੁੱਜੀ ਤੇ ਫਾਰਮ ਹਾਊਸ ਦੀ ਪੈਮਾਇਸ਼ ਕੀਤੀ ਸੀ।
ਦਸੰਬਰ 2022 ਨੂੰ ਸਾਬਕਾ ਉਪ ਮੁੱਖ ਮੰਤਰੀ ਦੇ ਘਰ ਵਿਜੀਲੈਂਸ ਬਿਊਰੋ ਵੱਲੋਂ ਨੋਟਿਸ ਦਿੱਤਾ ਗਿਆ ਸੀ। ਉਸ ਵਿੱਚ ਉਸ ਨੂੰ ਆਮਦਨ ਸਬੰਧੀ ਜਾਣਕਾਰੀ ਅਤੇ ਵੇਰਵੇ ਪੇਸ਼ ਕਰਨ ਲਈ ਕਿਹਾ ਗਿਆ ਸੀ। ਇਸ 'ਚ 2017 ਤੋਂ 2022 ਤੱਕ ਦੀ ਆਮਦਨ ਦੀ ਜਾਂਚ ਕਰਨ ਦੀ ਗੱਲ ਕਹੀ ਗਈ ਸੀ। ਇਸ ਦੌਰਾਨ ਉਸ ਤੋਂ ਉਸ ਦੀ ਜਾਇਦਾਦ ਦਾ ਵੇਰਵਾ ਵੀ ਪੁੱਛਿਆ ਗਿਆ।
2022 ਦੀਆਂ ਚੋਣਾਂ ਤੋਂ ਪਹਿਲਾਂ ਸੋਨੀ ਵੱਲੋਂ ਦਿੱਤੇ ਹਲਫਨਾਮੇ 'ਤੇ ਨਜ਼ਰ ਮਾਰੀਏ ਤਾਂ 2007 ਤੋਂ 2022 ਤੱਕ 15 ਸਾਲਾਂ 'ਚ ਉਨ੍ਹਾਂ ਦੀ ਚੱਲ ਅਤੇ ਅਚੱਲ ਜਾਇਦਾਦ 'ਚ 18 ਗੁਣਾ ਵਾਧਾ ਹੋਇਆ ਹੈ। ਓਮ ਪ੍ਰਕਾਸ਼ ਸੋਨੀ ਨੇ 2007 'ਚ ਹਲਫਨਾਮੇ 'ਚ ਆਪਣੀ 1 ਕਰੋੜ ਰੁਪਏ ਦੀ ਜਾਇਦਾਦ ਦਿਖਾਈ ਸੀ। ਜਦੋਂ ਕਿ 2017 'ਚ ਉਨ੍ਹਾਂ ਦੀ ਚੱਲ ਜਾਇਦਾਦ 48.56 ਲੱਖ ਰੁਪਏ ਤੇ ਪਤਨੀ ਦੀ ਚੱਲ ਜਾਇਦਾਦ 56.09 ਲੱਖ ਰੁਪਏ ਦਿਖਾਈ ਗਈ ਸੀ। ਇਸ ਸਾਲ ਉਸਦੀ ਚੱਲ ਜਾਇਦਾਦ 72.50 ਲੱਖ ਅਤੇ ਉਸਦੀ ਪਤਨੀ ਦੀ ਚੱਲ ਜਾਇਦਾਦ 1.02 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਅਚੱਲ ਜਾਇਦਾਦ ਦੀ ਗੱਲ ਕਰੀਏ ਤਾਂ 2017 'ਚ ਸੋਨੀ ਕੋਲ 11.74 ਕਰੋੜ ਰੁਪਏ ਅਤੇ ਉਨ੍ਹਾਂ ਦੀ ਪਤਨੀ ਕੋਲ 5.50 ਕਰੋੜ ਰੁਪਏ ਦੀ ਅਚੱਲ ਜਾਇਦਾਦ ਸੀ। ਇਸ ਦੇ ਨਾਲ ਹੀ ਇਸ ਸਾਲ ਉਨ੍ਹਾਂ ਦੀ ਅਚੱਲ ਜਾਇਦਾਦ 16.98 ਕਰੋੜ ਹੈ, ਜੋ ਜੱਦੀ ਹੈ ਅਤੇ ਉਨ੍ਹਾਂ ਦੀ ਪਤਨੀ ਦੀ ਚੱਲ ਜਾਇਦਾਦ 6 ਕਰੋੜ ਹੈ। ਪਤਨੀ ਕੋਲ ਆਪਣੀ ਜੱਦੀ ਜਾਇਦਾਦ ਵੀ ਹੈ, ਜਿਸ ਦੀ ਕੀਮਤ 2 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਬਾਰਡਰ ’ਤੇ ਮੁੜ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਕੀਤੀ 14 ਰਾਊਂਡ ਫਾਇਰਿੰਗ
2017 ਤੋਂ 2022 ਤੱਕ ਉਪ ਮੁੱਖ ਮੰਤਰੀ ਨੇ ਕੋਈ ਵੀ ਸੋਨਾ ਨਹੀਂ ਖਰੀਦਿਆ। ਜਦੋਂ ਕਿ ਉਸ ਦੀ ਪਤਨੀ ਕੋਲ 1.500 ਕਿਲੋ ਸੋਨਾ ਹੈ, ਜੋ ਕਿ 2017 ਦੀ ਤਰ੍ਹਾਂ ਉਸ ਕੋਲ ਖੁਦ 750 ਗ੍ਰਾਮ ਸੋਨਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਕੋਲ ਦੋ ਕੈਰੇਟ ਦੇ ਹੀਰੇ ਵੀ ਹਨ।
- PTC NEWS