ਪਟਿਆਲਾ ਜ਼ਿਲ੍ਹੇ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 338 ਪਹੁੰਚੀ
ਪਟਿਆਲਾ, 1 ਨਵੰਬਰ: ਪਟਿਆਲਾ ਜ਼ਿਲ੍ਹੇ 'ਚ ਸਿਹਤ ਵਿਭਾਗ ਦੀ ਚਿੰਤਾ ਵਧਦੀ ਜਾ ਰਹੀ ਹੈ। ਸ਼ਹਿਰ ਦੇ ਨਾਲ ਨਾਲ ਜ਼ਿਲ੍ਹੇ 'ਚ ਵੱਡੇ ਪੱਧਰ 'ਤੇ ਲੋਕ ਡੇਂਗੂ ਤੇ ਚਿਕਨਗੁਨੀਆ ਦੇ ਸ਼ਿਕਾਰ ਹੋ ਰਹੇ ਹਨ ਜਿਸ ਤੋਂ ਬਾਅਦ ਚਿੰਤਤ ਪ੍ਰਸ਼ਾਸਨ ਲੋਕਾਂ ਨੂੰ ਜਾਗਰੂਕ ਕਰਨ ਲਈ ਸੜਕਾਂ 'ਤੇ ਉਤਰ ਆਇਆ ਹੈ। ਸੋਮਵਾਰ ਨੂੰ ਜ਼ਿਲ੍ਹੇ ਵਿੱਚ ਡੇਂਗੂ ਦੇ 32 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਤਾਜ਼ਾ ਕੇਸਾਂ ਨਾਲ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 338 ਹੋ ਗਈ ਹੈ। ਇਕੱਲੇ ਪਟਿਆਲਾ ਸ਼ਹਿਰ ਵਿਚ ਹੁਣ ਤੱਕ 152 ਕੇਸ ਸਾਹਮਣੇ ਆ ਚੁੱਕੇ ਹਨ।
ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲੇ ਸਾਹਮਣੇ ਆਉਣ 'ਤੇ ਸਿਹਤ ਵਿਭਾਗ ਨੇ ਇਕ ਵਾਰ ਫਿਰ ਜਲਦਬਾਜ਼ੀ 'ਚ ਐਡਵਾਈਜ਼ਰੀ ਜਾਰੀ ਕੀਤੀ ਹੈ। ਦੂਜੇ ਪਾਸੇ ਡੀਸੀ ਪਟਿਆਲਾ ਸਾਕਸ਼ੀ ਸਾਹਨੀ ਵੱਲੋਂ ਵੀ ਬੀਤੇ ਦਿਨੀਂ ਡੇਂਗੂ ਮੱਛਰ ਦੇ ਲਾਰਵੇ ਦੀ ਚੈਕਿੰਗ ਲਈ ਸਿਹਤ ਵਿਭਾਗ, ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨਾਲ ਸਵੈ ਚੈਕਿੰਗ ਕੀਤੀ।
ਇਨ੍ਹਾਂ ਟੀਮਾਂ ਨੇ ਦਾਰੂ ਕੁਟੀਆ ਮੁਹੱਲਾ, ਸੰਜੇ ਕਲੋਨੀ, ਤਫ਼ਜਲਪੁਰਾ ਅਤੇ ਸ਼ਹਿਰ ਦੀਆਂ ਹੋਰ ਡੇਂਗੂ ਪ੍ਰਭਾਵਿਤ ਕਲੋਨੀਆਂ ਦਾ ਨਿਰੀਖਣ ਕੀਤਾ। ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਡੇਂਗੂ ਬੁਖਾਰ ਦੀ ਸਥਿਤੀ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਅਤੇ ਡੇਂਗੂ ਦੇ ਟੈਸਟ ਦੇ ਪ੍ਰਬੰਧ ਕੀਤੇ ਗਏ ਹਨ, ਜਦਕਿ ਡਾਇਰੈਕਟਰ ਸਿਹਤ ਸੇਵਾਵਾਂ, ਪੰਜਾਬ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਸਮੂਹ ਐਸ.ਐਮ.ਓਜ਼ ਨੂੰ ਦਿਨ ਵਿਚ ਇਕ ਵਾਰ ਟੈਲੀਫੋਨ ਰਾਹੀਂ ਫਾਲੋਅੱਪ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਡੇਂਗੂ ਅਤੇ ਚਿਕਨਗੁਨੀਆ ਬੁਖਾਰ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੇਕਰ ਤੇਜ਼ ਬੁਖਾਰ ਦੇ ਨਾਲ ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ, ਉਲਟੀਆਂ, ਥਕਾਵਟ ਅਤੇ ਸਰੀਰ 'ਤੇ ਲਾਲ ਧੱਬੇ ਵਰਗੇ ਨਿਸ਼ਾਨ ਹਨ ਤਾਂ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ। ਜੋ ਕਿ ਸਰਕਾਰੀ ਹਸਪਤਾਲ, ਰਜਿੰਦਰਾ ਹਸਪਤਾਲ, ਮਾਤਾ ਕੌਸ਼ੱਲਿਆ ਹਸਪਤਾਲ, ਸਿਵਲ ਹਸਪਤਾਲ ਰਾਜਪੁਰਾ ਅਤੇ ਨਾਭਾ ਦੇ ਸਿਵਲ ਹਸਪਤਾਲ ਵਿੱਚ ਮੁਫ਼ਤ ਹੋਵੇਗਾ।
ਮਾਹਿਰਾਂ ਦੀ ਸਲਾਹ
ਡੇਂਗੂ ਬੁਖਾਰ ਵਿੱਚ ਪਾਣੀ, ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਹੋਰ ਪੀਣ ਵਾਲੇ ਪਾਣੀ ਵਰਗੇ ਤਰਲ ਪਦਾਰਥਾਂ ਦਾ ਵੱਧ ਤੋਂ ਵੱਧ ਸੇਵਨ ਕੀਤਾ ਜਾ ਸਕਦਾ ਹੈ ਅਤੇ ਬੁਖਾਰ ਨੂੰ ਕੰਟਰੋਲ ਕਰਨ ਲਈ ਪੈਰਾਸੀਟਾਮੋਲ ਦਵਾਈ ਦਾ ਸੇਵਨ ਕਰੋ। ਜੇਕਰ ਬੁਖਾਰ ਦੇ ਨਾਲ ਅਚਾਨਕ ਪੇਟ ਵਿੱਚ ਦਰਦ, ਘੱਟ ਬਲੱਡ ਪ੍ਰੈਸ਼ਰ, ਚੱਕਰ ਆਉਣੇ, ਕਾਲੇ ਰੰਗ ਦੀ ਮਲ ਅਤੇ ਸਰੀਰ ਦੇ ਕਿਸੇ ਹਿੱਸੇ ਵਿੱਚ ਖੂਨ ਵਹਿਣਾ ਹੋਵੇ ਤਾਂ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਜ਼ਰੂਰੀ ਹੈ।
- ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ
- PTC NEWS