ਪਹਾੜਾਂ ਤੋਂ ਮੈਦਾਨਾਂ ਤੱਕ ਜਲ-ਥਲ ਹੋਇਆ ਉੱਤਰ ਭਾਰਤ; ਪੰਜਾਬ, ਹਰਿਆਣਾ, ਦਿੱਲੀ ਸਮੇਤ ਹੋਰ ਰਾਜਾਂ 'ਚ ਹੜ੍ਹ ਵਰਗੇ ਹਾਲਾਤ
ਚੰਡੀਗੜ੍ਹ: ਵੈਸਟਰਨ ਡਿਸਟਰਬੈਂਸ ਅਤੇ ਮਾਨਸੂਨ ਹਵਾਵਾਂ ਦਾ ਅਸਰ ਪੂਰੇ ਉੱਤਰੀ ਭਾਰਤ ਵਿੱਚ ਦਿਖਾਈ ਦੇ ਰਿਹਾ ਹੈ। ਇਸ ਕਾਰਨ ਪਹਾੜਾਂ ਤੋਂ ਲੈ ਕੇ ਮੈਦਾਨੀ ਰਾਜਾਂ ਤੱਕ ਭਾਰੀ ਮੀਂਹ ਪੈ ਰਿਹਾ ਹੈ। ਕਈ ਰਾਜਾਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪਹਾੜਾਂ 'ਚ ਜਿੱਥੇ ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਧ ਗਈਆਂ ਹਨ। ਦਿੱਲੀ ਅਤੇ ਮੈਦਾਨੀ ਰਾਜਾਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰੀ ਮੀਂਹ ਦੀ ਚੇਤਾਵਨੀ
ਮੌਸਮ ਵਿਭਾਗ ਨੇ ਸੋਮਵਾਰ ਤੱਕ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ, ਜਦਕਿ ਜੰਮੂ-ਕਸ਼ਮੀਰ, ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਐਤਵਾਰ ਤੱਕ ਭਾਰੀ ਬਾਰਿਸ਼ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਵੱਡੇ ਪਰਦੇ 'ਤੇ ਨਜ਼ਰ ਆਏਗੀ ‘ਡਾਕੂ ਹਸੀਨਾ’ ਦੀ ਕਹਾਣੀ ,ਪੁਲਿਸ ਕਮਿਸ਼ਨਰ ਨੂੰ ਫ਼ੋਨ ਕਰ ਰਹੇ ਨੇ ਲੇਖਕ ,ਜਾਣੋ ਕੀ ਹੈ ਪੂਰੀ ਸਚਾਈ
ਉੱਤਰ ਭਾਰਤ ਲਈ ਜਾਰੀ ਹੋਇਆ ਆਰੇਂਜ ਅਲਰਟ
ਮੌਸਮ ਵਿਭਾਗ ਨੇ ਐਤਵਾਰ ਨੂੰ ਵੀ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਸੀ, ਜਿਸ ਨੂੰ ਭਾਰੀ ਬਾਰਿਸ਼ ਤੋਂ ਬਾਅਦ ਰੈੱਡ ਅਲਰਟ 'ਚ ਬਦਲ ਦਿੱਤਾ ਗਿਆ ਸੀ। ਜਿਸ ਮਗਰੋਂ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ ਅੱਠ ਡਿਗਰੀ ਸੈਲਸੀਅਸ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ 28.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਜੁਲਾਈ ਦੇ ਪਹਿਲੇ ਪੰਦਰਵਾੜੇ ਵਿੱਚ ਸ਼ਨਿੱਚਰਵਾਰ ਪਿਛਲੇ ਅੱਠ ਸਾਲਾਂ ਵਿੱਚ ਸਭ ਤੋਂ ਠੰਢਾ ਦਿਨ ਸੀ। ਇਸ ਤੋਂ ਪਹਿਲਾਂ ਸਾਲ 2015 ਵਿੱਚ 11 ਜੁਲਾਈ ਨੂੰ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਦਿੱਲੀ ਵਿੱਚ ਬਰਸਾਤ ਦਾ ਮੌਸਮ ਛੇ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰ ਸੂਬਿਆਂ 'ਚ ਹੜ੍ਹਾਂ ਵਰਗੀ ਸਥਿਤੀ
ਸ਼ਨਿੱਚਰਵਾਰ ਨੂੰ ਪੰਜਾਬ ਦੇ 16 ਜ਼ਿਲਿਆਂ 'ਚ ਭਾਰੀ ਮੀਂਹ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਸਤਲੁਜ ਸਮੇਤ ਦਰਿਆਵਾਂ ਅਤੇ ਨਾਲਿਆਂ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਚੁੱਕਿਆ ਹੈ। ਫਿਰੋਜ਼ਪੁਰ 'ਚ ਤਿੰਨ ਹਜ਼ਾਰ ਏਕੜ 'ਚ ਫਸਲ ਪਾਣੀ 'ਚ ਡੁੱਬਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸੂਬੇ ਦੇ ਕਈ ਇਲਾਕਿਆਂ ਵਿੱਚ ਖੇਤ ਪਾਣੀ ਨਾਲ ਭਰ ਚੁੱਕੇ ਹਨ। ਇੱਥੇ ਤੱਕ ਕੇ ਮਮਦੋਟ 'ਚ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੀ ਵੀ ਧਸਣ ਦੀ ਜਾਣਕਾਰੀ ਹੈ।
ਅੰਮ੍ਰਿਤਸਰ 'ਚ ਰੇਲਵੇ ਸਟੇਸ਼ਨ 'ਚ ਪਾਣੀ ਦਾਖਲ ਹੋ ਗਿਆ। ਸੂਬੇ ਦੀਆਂ ਕਈ ਸ਼ਹਿਰਾਂ 'ਚ ਸੜਕਾਂ ਪਾਣੀ 'ਚ ਡੁੱਬਣ ਕਾਰਨ ਆਵਾਜਾਈ 'ਚ ਵਿਘਨ ਪਿਆ। ਕਈ ਥਾਵਾਂ 'ਤੇ ਦਰੱਖਤ ਡਿੱਗਣ ਕਾਰਨ ਸੜਕਾਂ ਬੰਦ ਹੋ ਗਈਆਂ ਹਨ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਤੂਫ਼ਾਨ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਸੂਬੇ ਵਿੱਚ ਅਗਲੇ ਚਾਰ ਦਿਨਾਂ ਤੱਕ ਬਰਸਾਤ ਦਾ ਦੌਰ ਜਾਰੀ ਰਹੇਗਾ।
ਪੰਜਾਬ ਵਿੱਚ ਇਸ ਮਾਨਸੂਨ ਸੀਜ਼ਨ ਵਿੱਚ ਹੁਣ ਤੱਕ ਆਮ ਨਾਲੋਂ 44 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ ਹੈ। ਸ਼ਨਿੱਚਰਵਾਰ ਨੂੰ ਸੂਬੇ ਦੇ 16 ਜ਼ਿਲਿਆਂ 'ਚ ਭਾਰੀ ਮੀਂਹ ਪਿਆ। ਸ਼ੁੱਕਰਵਾਰ ਦੇਰ ਰਾਤ ਸ਼ੁਰੂ ਹੋਇਆ ਮੀਂਹ ਸ਼ਨਿੱਚਰਵਾਰ ਰਾਤ ਤੱਕ ਜਾਰੀ ਰਿਹਾ। ਇਸ ਕਾਰਨ ਤਾਪਮਾਨ ਆਮ ਨਾਲੋਂ 6.9 ਡਿਗਰੀ ਹੇਠਾਂ ਆ ਗਿਆ ਹੈ।
ਇਹ ਵੀ ਪੜ੍ਹੋ: CM ਮਾਨ ਨੇ ਲੋਕਾਂ ਤੋਂ ਮੰਗੇ ਉਦਯੋਗਾਂ ਲਈ ਸੁਝਾਅ, ਜਾਰੀ ਕੀਤਾ ਵ੍ਹਟਸਐਪ ਨੰਬਰ ਤੇ ਈਮੇਲ ਆਈਡੀ
ਭਾਖੜਾ ਡੈਮ ਦੇ ਪਾਣੀ ਦਾ ਪੱਧਰ 1603 ਫੁੱਟ ਤੋਂ ਉੱਪਰ ਪਹੁੰਚਿਆ
ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਦੇ ਪਾਣੀ ਦਾ ਪੱਧਰ ਬਰਸਾਤ ਤੋਂ ਬਾਅਦ ਲਗਾਤਾਰ ਵੱਧ ਰਿਹਾ ਹੈ। ਪਿਛਲੇ ਸਾਲ 8 ਜੁਲਾਈ ਦੇ ਮੁਕਾਬਲੇ ਸ਼ਨਿੱਚਰਵਾਰ ਨੂੰ 40 ਫੁੱਟ ਜ਼ਿਆਦਾ ਪਾਣੀ ਰਿਕਾਰਡ ਕੀਤਾ ਗਿਆ ਹੈ।
ਬੀ.ਬੀ.ਐਮ.ਬੀ ਦੇ ਅਧਿਕਾਰੀਆਂ ਮੁਤਾਬਕ ਭਾਖੜਾ ਡੈਮ ਦੇ ਪਿੱਛੇ ਬਣੀ ਵਿਸ਼ਾਲ ਗੋਬਿੰਦ ਸਾਗਰ ਝੀਲ ਵਿੱਚ 43,425 ਕਿਊਸਿਕ ਪਾਣੀ ਆਉਣ ਨਾਲ ਡੈਮ ਦੇ ਪਾਣੀ ਦਾ ਪੱਧਰ 1603.71 ਫੁੱਟ ਤੱਕ ਪਹੁੰਚ ਗਿਆ ਹੈ। ਡੈਮ ਤੋਂ ਟਰਬਾਈਨਾਂ ਰਾਹੀਂ 23,508 ਕਿਊਸਿਕ ਪਾਣੀ ਛੱਡ ਕੇ 175.52 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ। ਇਸ ਤਰ੍ਹਾਂ ਜੇਕਰ ਨੰਗਲ ਡੈਮ ਤੋਂ ਸਤਲੁਜ ਦਰਿਆ ਵਿੱਚ ਛੱਡੇ ਜਾ ਰਹੇ ਪਾਣੀ ਦੀ ਗੱਲ ਕਰੀਏ ਤਾਂ ਸਤਲੁਜ ਦਰਿਆ ਵਿੱਚ 1,140 ਕਿਊਸਿਕ, ਨੰਗਲ ਹਾਈਡਲ ਨਹਿਰ ਵਿੱਚ 12,500 ਕਿਊਸਿਕ ਅਤੇ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10,150 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਉੱਤਰਾਖੰਡ ਵਿੱਚ 60 ਤੋਂ ਵੱਧ ਲਿੰਕ ਸੜਕਾਂ ਜਾਮ
ਉੱਤਰਾਖੰਡ 'ਚ ਬੀਤੀ ਰਾਤ ਤੋਂ ਸ਼ੁਰੂ ਹੋਈ ਬਾਰਿਸ਼ ਸ਼ਨਿੱਚਰਵਾਰ ਨੂੰ ਦਿਨ ਭਰ ਜਾਰੀ ਰਹੀ। ਪਹਾੜੀ ਜ਼ਿਲ੍ਹਿਆਂ ਦੇ 60 ਤੋਂ ਵੱਧ ਸੰਪਰਕ ਮਾਰਗ ਬੰਦ ਹੋਣ ਕਾਰਨ ਕਈ ਪਿੰਡਾਂ ਦਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਸੰਪਰਕ ਟੁੱਟ ਗਿਆ ਹੈ।
ਹਿਮਾਚਲ 'ਚ 9 ਮਕਾਨ ਢਹਿ-ਢੇਰੀ
ਹਿਮਾਚਲ 'ਚ ਹੜ੍ਹ ਵਰਗੇ ਹਾਲਾਤਾਂ ਕਾਰਨ ਜ਼ਮੀਨ ਖਿਸਕਣ ਨਾਲ 9 ਮਕਾਨ ਢਹਿ-ਢੇਰੀ, ਸੜਕਾਂ ਡੁੱਬ ਗਈਆਂ। ਹਿਮਾਚਲ 'ਚ ਭਾਰੀ ਮੀਂਹ ਨੇ ਜਨਜੀਵਨ ਅਸਥਿਰ ਕਰ ਦਿੱਤਾ ਹੈ। ਸੜਕ, ਰੇਲ ਅਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਸ਼ਨਿੱਚਰਵਾਰ ਨੂੰ ਹੋਈ ਬਾਰਿਸ਼ ਕਾਰਨ ਚਾਰ ਥਾਵਾਂ 'ਤੇ ਹੜ੍ਹ ਅਤੇ ਪੰਜ ਥਾਵਾਂ 'ਤੇ ਦਰਖ਼ਤ ਡਿੱਗਣ ਕਾਰਨ ਨੌਂ ਘਰ ਅਤੇ ਪਸ਼ੂਆਂ ਦਾ ਸ਼ੈੱਡ ਢਹਿ ਗਿਆ।
ਇਹ ਵੀ ਪੜ੍ਹੋ: ਇਨ੍ਹਾਂ ਦੋ ਰਾਜਾਂ ਨੇ ਸਰਕਾਰੀ ਮੁਲਾਜ਼ਮਾਂ ਨੂੰ ਦਿੱਤਾ ਤੋਹਫ਼ਾ! ਮਹਿੰਗਾਈ ਭੱਤੇ 'ਚ 5 ਫੀਸਦੀ ਦਾ ਵਾਧਾ
- With inputs from agencies