ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸਖਤੀ ਨਹੀਂ, ਲੋਕਾਂ ਨੂੰ ਬਦਲ ਦੇਣ ਦੀ ਲੋੜ- ਰਾਜਪਾਲ
ਅੰਮ੍ਰਿਤਸਰ- ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਜੋ ਕਿ ਆਪਣੇ ਚਾਰ ਦਿਨਾਂ ਦੇ ਸਰਹੱਦੀ ਦੌਰੇ ਉੱਤੇ ਹਨ, ਨੇ ਅੱਜ ਬੀਤੀ ਸ਼ਾਮ ਅਟਾਰੀ ਸਰਹੱਦ ਵਿਖੇ ਪਹੁੰਚੇ ਅਤੇ ਸਰਹੱਦ ਉੱਤੇ ਹੁੰਦੀ ਰੀ ਟਰੀਟ ਸੈਰਾਮਨੀ ਦਾ ਆਨੰਦ ਮਾਣਿਆ। ਉਹਨਾਂ ਨੇ ਇਸ ਮੌਕੇ ਬੀਐਸਐਫ ਦੇ ਜਵਾਨਾਂ ਵੱਲੋਂ ਕੀਤੇ ਜਾ ਰਹੇ ਪਰੇਡ ਦਾ ਆਨੰਦ ਲਿਆ ਅਤੇ ਜਵਾਨਾਂ ਦੇ ਇਸ ਕਾਬਲ ਏ ਤਾਰੀਫ ਪ੍ਰਦਰਸ਼ਨ ਦੀ ਸਰਾਹਨਾ ਕੀਤੀ। ਕਟਾਰੀਆ ਨੇ ਜਵਾਨਾਂ ਵਲੋਂ ਅੰਤਰਰਾਸ਼ਟਰੀ ਸਰਹੱਦਾਂ ਦੀ ਦਿਨ ਰਾਤ ਰਾਖੀ ਕਰਨ ਲਈ ਕੀਤੀ ਜਾ ਰਹੀ ਡਿਊਟੀ ਲਈ ਉਨਾਂ ਦੀ ਪਿੱਠ ਥਾਪੜੀ। ਇਸ ਮੌਕੇ ਬੀ.ਐਸ.ਐਫ. ਦੇ ਜਵਾਨਾਂ ਵਲੋਂ ਰਾਜਪਾਲ ਪੰਜਾਬ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ।
ਇਸ ਮੌਕੇ ਪਹੁੰਚੇ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਪਾਲ ਪੰਜਾਬ ਨੇ ਇੱਕ ਸਵਾਲ ਦੇ ਉੱਤਰ ਵਿੱਚ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕੇਵਲ ਸਖਤੀ ਨਹੀਂ ਬਲਕਿ ਬਦਲ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਜਿਹੀ ਸਨਅਤ ਦੀ ਲੋੜ ਹੈ ਜੋ ਕਿ ਪਰਾਲੀ ਨੂੰ ਬਾਲਣ ਵਜੋਂ ਵਰਤੇ ਜਾਂ ਪਰਾਲੀ ਤੋਂ ਕੱਚਾ ਮਾਲ ਲੈ ਕੇ ਉਸ ਨੂੰ ਅੱਗੇ ਪ੍ਰੋਸੈਸ ਕਰੇ । ਸਰਹੱਦ ਪਾਰੋਂ ਹੁੰਦੀ ਨਸ਼ੇ ਦੀ ਸਮਗਲਿੰਗ ਸਬੰਧੀ ਪੁਛੇ ਜਾਣ ਉੱਤੇ ਉਹਨਾਂ ਨੇ ਕਿਹਾ ਕਿ ਸਰਹੱਦ ਪਾਰ ਤੋਂ ਆਉਂਦਾ ਨਸ਼ਾ ਜੋ ਕਿ ਹੁਣ ਡਰੋਨਾਂ ਦੀ ਸਹਾਇਤਾ ਨਾਲ ਬਹੁਤ ਆਸਾਨੀ ਨਾਲ ਪਹੁੰਚ ਰਿਹਾ ਹੈ, ਨੂੰ ਰੋਕਣ ਲਈ ਲੋਕਾਂ ਦੇ ਸਾਥ ਦੀ ਵੱਡੀ ਲੋੜ ਹੈ ਅਤੇ ਮੈਂ ਇਹ ਸਾਥ ਲੈਣ ਲਈ ਹੀ ਕੋਸ਼ਿਸ਼ ਕਰ ਰਿਹਾ ਹਾਂ।
ਇਸ ਮੌਕੇ ਉਹਨਾਂ ਨਾਲ ਪ੍ਰਿੰਸੀਪਲ ਸਕੱਤਰ ਵੀ ਕੇ ਮੀਨਾ, ਰਾਜਪਾਲ ਪੰਜਾਬ ਦੇ ਵਧੀਕ ਮੁੱਖ ਸਕੱਤਰ ਕੇ ਸਿ਼ਵਾ ਪ੍ਰਸ਼ਾਦ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਜਿਲਾ ਪੁਲਿਸ ਮੁਖੀ ਚਰਨਜੀਤ ਸਿੰਘ, ਐਸਡੀਐਮ ਮਨਕੰਵਲ ਸਿੰਘ ਚਾਹਲ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।
- PTC NEWS