ਅੰਮ੍ਰਿਤਸਰ ਜੇਲ੍ਹ 'ਚ NIA ਦੀ ਛਾਪੇਮਾਰੀ
ਅੰਮ੍ਰਿਤਸਰ: ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਦੇਰ NIA ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਦੱਸ ਦਈਏ ਕਿ ਬੀਤੇ ਦਿਨ NIA ਵੱਲੋਂ ਸਰਹੱਦ ਪਾਰ ਨਾਰਕੋ ਅੱਤਵਾਦ ਨੂੰ ਰੋਕਣ ਲਈ ਉੱਤਰੀ ਭਾਰਤ ਦੇ 14 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ। NIA ਦੀਆਂ ਟੀਮਾਂ ਨੇ ਜੰਮੂ-ਕਸ਼ਮੀਰ ਤੋਂ ਇਲਾਵਾ ਅੰਮ੍ਰਿਤਸਰ, ਫਿਰੋਜ਼ਪੁਰ, ਤਰਨਤਾਰਨ 'ਚ ਵੀ ਛਾਪੇਮਾਰੀ ਕੀਤੀ ਸੀ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਹੋਇਆ ਹੈ ਜਦੋਂ NIA ਨੇ ਪੰਜਾਬ ਦੀਆਂ ਜੇਲ੍ਹਾਂ ਦਾ ਰੁਖ ਕੀਤਾ ਹੈ।
NIA ਦੀ ਟੀਮ ਨੇ ਤਲਾਸ਼ੀ ਮੁਹਿੰਮ ਦੌਰਾਨ ਕੇਂਦਰੀ ਜੇਲ੍ਹ ਵਿੱਚੋਂ ਦੋ ਮੋਬਾਈਲ ਜ਼ਬਤ ਕੀਤੇ ਹਨ, ਜਿਸ ਨੂੰ NIA ਦੀ ਟੀਮ ਆਪਣੇ ਨਾਲ ਲੈ ਗਈ। NIA ਕੋਲ ਇਸ ਗੱਲ ਦੇ ਪੁਖਤਾ ਸਬੂਤ ਸਨ ਕਿ ਪਾਕਿਸਤਾਨ ਤੋਂ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦਾ ਨੈੱਟਵਰਕ ਜੇਲ੍ਹ ਤੋਂ ਚੱਲ ਰਿਹਾ ਸੀ। ਨਵੰਬਰ ਵਿੱਚ 30 ਦਿਨਾਂ ਵਿੱਚੋਂ 25 ਦਿਨ ਮੋਬਾਈਲ ਅਤੇ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਹੋਈਆਂ ਹਨ।
ਦੱਸ ਦਈਏ ਕਿ ਪਾਕਿਸਤਾਨ ਵੱਲੋਂ ਲਗਾਤਾਰ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ਿਆਂ ਦੀ ਖੇਪ ਭੇਜੀ ਜਾ ਰਹੀ ਹੈ। ਨਾਰਕੋ ਟੈਰਰ ਫੰਡਿੰਗ ਜ਼ਰੀਏ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਸੂਚਨਾਵਾਂ ਖੂਫੀਆ ਏਜੰਸੀਆਂ ਹੱਥ ਲੱਗੀਆਂ ਹਨ, ਜਿਸਦੇ ਚੱਲਦਿਆਂ ਇਹ ਛਾਪੇਮਾਰੀ ਕੀਤੀ ਗਈ।
- PTC NEWS