ਨਿਊਜ਼ੀਲੈਂਡ: ਕਤਲ ਸਾਬਤ ਹੋਣ ਮਗਰੋਂ ਬੋਲਿਆ ਪੰਜਾਬੀ ਨੌਜਵਾਨ 'ਜ਼ਿੰਦਗੀ ਜੇਲ੍ਹ 'ਚ ਬਿਤਾਉਣ ਲਾਇਕ ਨਹੀਂ'
ਆਕਲੈਂਡ (ਨਿਊਜ਼ੀਲੈਂਡ): ਇੱਕ ਵਿਅਕਤੀ ਨੂੰ ਪਿਛਲੇ ਸਾਲ ਦੇ ਅਖੀਰ ਵਿੱਚ ਪੱਛਮੀ ਆਕਲੈਂਡ ਵਿੱਚ 21 ਸਾਲਾ ਲਾਅ ਵਿਦਿਆਰਥਣ ਫਰਜ਼ਾਨਾ ਯਾਕੂਬੀ ਦੀ ਹੱਤਿਆ ਦਾ ਮੁਲਜ਼ਮ ਠਹਿਰਾਇਆ ਗਿਆ ਸੀ। ਆਕਲੈਂਡ ਨਿਵਾਸੀ ਕੰਵਰਪਾਲ ਸਿੰਘ (30) ਨੂੰ 20 ਦਸੰਬਰ 2022 ਨੂੰ ਫਰਜ਼ਾਨਾ ਦੇ ਕਤਲ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਗਿਆ। ਉਸ ਨੇ ਮੁਕੱਦਮੇ ਦੌਰਾਨ ਇਸ ਸਾਲ ਅਪ੍ਰੈਲ ਦੇ ਮਹੀਨੇ ਕਤਲ ਦੀ ਗੱਲ ਕਬੂਲ ਕੀਤੀ ਅਤੇ ਉਸ ਨੂੰ ਹੁਣ ਅਗਸਤ ਵਿੱਚ ਸਜ਼ਾ ਸੁਣਾਈ ਜਾਣੀ ਸੀ।
ਨਿਊਜ਼ੀਲੈਂਡ ਹੈਰਲਡ ਦੀ ਰਿਪੋਰਟ ਮੁਤਾਬਕ ਕੰਵਰਪਾਲ ਨੇ ਕੋਰਟ ਵਿੱਚ ਕਿਹਾ, "ਮੈਂ ਕਿਸੇ ਦੀ ਧੀ ਨੂੰ ਮਾਰ ਦਿੱਤਾ ਭਾਵੇਂ ਉਹ ਮੇਰੇ ਲਈ ਜਾਵਰ ਸਮਾਨ ਸੀ ਪਰ ਮੈਂ ਇੱਕ ਚੰਗਾ ਮੁੰਡਾ ਹਾਂ। ਮੈਂ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਬਿਤਾਉਣ ਦੇ ਲਾਇਕ ਨਹੀਂ ਹਾਂ।”
ਜੱਜ ਨੇ ਵੇਖਿਆ ਕਿ ਅਪਰਾਧੀ ਨੂੰ ਆਪਣੇ ਅਪਰਾਧ ਲਈ ਕੋਈ ਪਛਤਾਵਾ ਨਹੀਂ ਸੀ। ਜਿਸ ਮਗਰੋਂ ਕੰਵਰਪਾਲ ਸਿੰਘ ਨੂੰ ਘੱਟੋ-ਘੱਟ ਅਗਲੇ 17 ਸਾਲ ਜੇਲ੍ਹ ਕੱਟਣ ਦੀ ਸਜ਼ਾ ਸੁਣਾਈ ਗਈ। ਕੰਵਰਪਾਲ ਵੱਲੋਂ ਪਿਛਲੇ ਸਾਲ ਦਸੰਬਰ ਵਿੱਚ 21 ਸਾਲਾ ਫਰਜ਼ਾਨਾ ਨੂੰ ਉਸਦੇ ਮੈਸੀ, ਵੈਸਟ ਆਕਲੈਂਡ ਸਥਿਤ ਘਰ ਦੇ ਨੇੜੇ ਉਸ ਵੇਲੇ ਚਾਕੂ ਮਾਰ ਬੇਹਰਿਹਮੀ ਨਾਲ ਕਤਲ ਕਰ ਦਿੱਤਾ, ਜਦੋਂ ਉਹ ਕੰਮ ਤੋਂ ਘਰ ਜਾ ਰਹੀ ਸੀ।
ਇਹ ਹਮਲਾ ਦੋ ਸਾਲਾਂ ਤੋਂ ਵੱਧ ਪ੍ਰੇਸ਼ਾਨ ਕਰਨ ਵਾਲੇ ਪਿੱਛਾ ਕਰਨ ਦੇ ਮਾਮਲਿਆਂ ਅਤੇ ਉਸਦੇ ਚਿਹਰੇ 'ਤੇ ਤੇਜ਼ਾਬ ਸੁੱਟਣ ਦੀ ਧਮਕੀ ਦੇ ਮਾਮਲੇ ਤੋਂ ਬਾਅਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੰਵਰਪਾਲ ਸਿੰਘ ਨਿਊਜ਼ੀਲੈਂਡ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ ਅਤੇ ਉਸਨੂੰ ਦੇਸ਼ ਨਿਕਾਲੇ ਦਾ ਨੋਟਿਸ ਵੀ ਦਿੱਤਾ ਗਿਆ ਸੀ।
ਸਿੰਘ ਦੇ ਵਕੀਲ ਸੁਮਦੂ ਥੋਡੇ ਨੇ ਦਲੀਲ ਦਿੱਤੀ ਕਿ ਉਸਦੇ ਮੁਵੱਕਿਲ ਨੂੰ ਪਛਤਾਵਾ ਸੀ ਪਰ ਜਸਟਿਸ ਡੇਵਿਡ ਜੌਹਨਸਟੋਨ ਨੇ ਦੋਵਾਂ ਵਿਚਾਰਾਂ ਨੂੰ ਰੱਦ ਕਰ ਦਿੱਤਾ। ਪਰਿਵਾਰ ਅਤੇ ਦੋਸਤਾਂ ਨੇ ਯਾਕੂਬੀ ਨੂੰ ਚੋਟੀ ਦੀ ਵਿਦਿਆਰਥਣ ਦਸਦਿਆਂ ਕਿਹਾ ਕਿ ਉਹ ਸਕਾਲਰਸ਼ਿਪ 'ਤੇ ਸੀ ਅਤੇ ਉਸ ਕੋਲ ਪਹਿਲਾਂ ਹੀ ਨੌਕਰੀ ਦੀ ਪੇਸ਼ਕਸ਼ ਸੀ।
ਫਰਜ਼ਾਨਾ ਦਾ ਜਨਮ ਉਸ ਦੇ ਪਿਤਾ ਦੇ ਅਫਗਾਨਿਸਤਾਨ ਤੋਂ ਸ਼ਰਨਾਰਥੀ ਵਜੋਂ ਤਾਲਿਬਾਨ ਦੇ ਜ਼ੁਲਮਾਂ ਤੋਂ ਭੱਜਣ ਤੋਂ ਥੋੜ੍ਹੀ ਦੇਰ ਬਾਅਦ ਨਿਊਜ਼ਏਲੈਂਡ ਪਹੁੰਚ ਹੋਇਆ ਸੀ। ਇੱਕ ਨਿਰੀਖਕ ਸ਼ੀਆ ਮੁਸਲਮਾਨ ਵਜੋਂ ਉਹ ਆਪਣੇ ਪਰਿਵਾਰ ਨਾਲ ਇਰਾਕ ਦੀ ਧਾਰਮਿਕ ਯਾਤਰਾ ਦੀ ਤਿਆਰੀ ਕਰ ਰਹੀ ਸੀ।
ਯਾਕੂਬੀ ਦੇ ਭਰਾ ਨੇ ਆਪਣੇ ਪਿਤਾ, ਜੋ ਕਿ ਕੋਨੇ 'ਚ ਸਿਰ ਝੁਕਾ ਕੇ ਬੈਠੇ ਰਹੇ, ਦੇ ਪੀੜ ਭਰੇ ਬਿਆਨ ਨੂੰ ਕੋਰਟ 'ਚ ਦੱਸਦਿਆਂ ਸੁਣਾਇਆ, "ਇੱਕ ਜੰਗ-ਗ੍ਰਸਤ ਦੇਸ਼ ਵਿੱਚ ਹੋਣ ਦੇ ਬਾਵਜੂਦ ਅਸੀਂ ਇੱਕ ਖੁਸ਼ਹਾਲ ਪਰਿਵਾਰ ਸੀ। ਬੱਚਿਆਂ ਨੂੰ ਵਧਦੇ ਦੇਖਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਪਲ ਸੀ। ਮੈਂ ਬਹੁਤ ਦੁਖੀ ਹਾਂ ਕਿ ਮੈਂ ਆਪਣੇ ਬੱਚੇ ਦੀ ਰੱਖਿਆ ਨਹੀਂ ਕਰ ਸਕਿਆ। ਉਹ ਸਿਰਫ਼ 21 ਸਾਲ ਦੀ ਸੀ ਅਤੇ ਉਸ ਦੇ ਅੱਗੇ ਇੱਕ ਵਧੀਆ ਭਵਿੱਖ ਸੀ। ਔਖੇ ਬਚਪਨ ਅਤੇ ਇੱਕ ਸ਼ਰਨਾਰਥੀ ਦੇ ਰੂਪ ਵਿੱਚ ਆਪਣੀ ਜ਼ਿੰਦਗੀ ਨੂੰ ਦੁਬਾਰਾ ਬਣਾਉਣ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੋਇਆ। ਪਰ ਇਸ ਘਟਨਾ ਨੇ ਮੈਨੂੰ ਤਬਾਹ ਕਰ ਦਿੱਤਾ।”
ਪਿਤਾ ਨੇ ਕੋਰਟ ਨੂੰ ਦੱਸਿਆ ਕਿ ਉਹ ਹੁਣ ਸੌਂ ਨਹੀਂ ਸਕਦਾ ਅਤੇ ਹਰ ਸਮੇਂ ਆਪਣੀ ਧੀ ਬਾਰੇ ਸੋਚਦਾ ਰਹਿੰਦਾ ਹੈ।
ਪਹਿਲੀ ਅਦਾਲਤੀ ਪੇਸ਼ੀ ਦੌਰਾਨ ਦੋਸ਼ੀ ਦੇ ਵਕੀਲ ਨੇ ਉਸਦੇ ਅੰਤਰਿਮ ਨਾਮ ਨੂੰ ਦਬਾਉਣ ਲਈ ਕਿਹਾ ਸੀ ਤਾਂ ਜੋ ਭਾਰਤ ਵਿੱਚ ਉਸਦੇ ਮਾਪਿਆਂ ਨੂੰ ਦੋਸ਼ਾਂ ਬਾਰੇ ਨਾ ਪਤਾ ਲੱਗ ਸਕੇ। ਹੁਣ ਪਹਿਲੀ ਵਾਰ ਜਨਤਕ ਕੀਤੇ ਗਏ ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਗਿਆ ਕਿ ਕੰਵਰਪਾਲ ਸਿੰਘ ਨੇ ਸ਼੍ਰੀਮਤੀ ਯਾਕੂਬੀ ਕੋਲ ਪਹੁੰਚ ਕੇ ਉਸ ਦੇ ਪੇਟ ਅਤੇ ਛਾਤੀ 'ਚ ਚਾਕੂ ਨਾਲ ਕਈ ਵਾਰ ਹਮਲਾ ਕੀਤਾ। ਸ਼੍ਰੀਮਤੀ ਯਾਕੂਬੀ ਚੀਕਦੀ ਹੋਈ ਜ਼ਮੀਨ 'ਤੇ ਡਿੱਗ ਪਈ ਪਰ ਕੰਵਰਪਾਲ ਉਸ ਕੋਲ ਖੜ੍ਹਾ ਪੀੜਤ 'ਤੇ ਚਾਕੂ ਨਾਲ ਵਾਰ ਕਰਦਾ ਰਿਹਾ ਜਿਸ ਕਾਰਨ ਫਰਜ਼ਾਨਾ ਯਾਕੂਬੀ ਦੀ ਮੌਤ ਹੋ ਗਈ।
ਹੋਰ ਖ਼ਬਰਾਂ ਪੜ੍ਹੋ:
- ਸਿੱਖ ਭਾਈਚਾਰੇ ਲਈ ਆਈ ਵੱਡੀ ਖਬਰ, ਆਸਟ੍ਰੇਲੀਆ ’ਚ ਸਿਰੀ ਸਾਹਿਬ ਨੂੰ ਲੈ ਕੇ ਸੁਣਾਇਆ ਇਹ ਫੈਸਲਾ
- 1984 ਸਿੱਖ ਨਸਲਕੁਸ਼ੀ ਮਾਮਲਾ: ਦਿੱਲੀ ਦੀ ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਦਿੱਤੀ ਅਗਾਊਂ ਜ਼ਮਾਨਤ
- ਨੂੰਹ ਹਿੰਸਾ ਦੇ ਗੁਨਾਹਗਾਰਾਂ ਖਿਲਾਫ ਹਰਿਆਣਾ ਸਰਕਾਰ ਸਖ਼ਤ
- With inputs from agencies