New Year 2025 Weather Update : ਮੀਂਹ ਤੋਂ ਬਾਅਦ ਹੁਣ ਸੀਤ ਲਹਿਰ ਦਾ ਅਟੈਕ, ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਕਿਹੋ ਜਿਹਾ ਰਹੇਗਾ ਨਵੇਂ ਸਾਲ ਮੌਕੇ ਮੌਸਮ?
New Year 2025 Weather Update : ਉੱਤਰੀ ਭਾਰਤ ਦੇ ਕਈ ਸੂਬੇ ਠੰਢ ਦੀ ਲਪੇਟ 'ਚ ਹਨ। ਦੋ ਦਿਨਾਂ ਦੀ ਬਰਸਾਤ ਤੋਂ ਬਾਅਦ ਹੁਣ ਸੀਤ ਲਹਿਰ ਚੱਲ ਰਹੀ ਹੈ। ਸਵੇਰ ਅਤੇ ਸ਼ਾਮ ਨੂੰ ਹਲਕੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਆਉਣ ਵਾਲੇ ਦਿਨਾਂ ਵਿੱਚ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਵਿੱਚ ਗੰਭੀਰ ਸੀਤ ਲਹਿਰ ਅਤੇ ਸੰਘਣੀ ਧੁੰਦ ਦੀ ਚਿਤਾਵਨੀ ਜਾਰੀ ਕੀਤੀ ਹੈ।
ਹੁਣ ਸੀਤ ਲਹਿਰ ਦਾ ਹਮਲਾ
ਮੌਸਮ ਵਿਭਾਗ ਨੇ 30 ਦਸੰਬਰ (ਸੋਮਵਾਰ), 31 ਦਸੰਬਰ (ਮੰਗਲਵਾਰ) ਅਤੇ 1 ਜਨਵਰੀ (ਬੁੱਧਵਾਰ) ਨੂੰ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਸੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ 'ਚ ਵੀ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਨਵੇਂ ਸਾਲ ਯਾਨੀ ਬੁੱਧਵਾਰ ਨੂੰ ਵੀ ਇਨ੍ਹਾਂ ਸਾਰੇ ਸੂਬਿਆਂ 'ਚ ਸ਼ੀਤ ਲਹਿਰ ਆਵੇਗੀ। ਤਾਪਮਾਨ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ।
ਇਨ੍ਹਾਂ ਰਾਜਾਂ ਵਿੱਚ ਬਣੀ ਰਹੇਗੀ ਸੰਘਣੀ ਧੁੰਦ
ਅਗਲੇ ਤਿੰਨ ਦਿਨ ਯਾਨੀ ਨਵੇਂ ਸਾਲ (ਬੁੱਧਵਾਰ) ਤੱਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹੋਰ ਰਾਜਾਂ ਵਿੱਚ ਦੇਰ ਰਾਤ ਅਤੇ ਸਵੇਰ ਦੇ ਸਮੇਂ ਦੌਰਾਨ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਉੱਤਰ-ਪੱਛਮੀ, ਪੱਛਮ ਅਤੇ ਮੱਧ ਭਾਰਤ ਵਿੱਚ ਤਾਪਮਾਨ 3-5 ਡਿਗਰੀ ਸੈਲਸੀਅਸ ਹੇਠਾਂ ਆਉਣ ਦੀ ਸੰਭਾਵਨਾ ਹੈ। ਇਸ ਕਾਰਨ ਅਗਲੇ ਕੁਝ ਦਿਨਾਂ ਵਿੱਚ ਕੜਾਕੇ ਦੀ ਠੰਢ ਪੈ ਸਕਦੀ ਹੈ।
ਕਸ਼ਮੀਰ 'ਚ ਭਾਰੀ ਬਰਫਬਾਰੀ ਕਾਰਨ ਜਨਜੀਵਨ ਪ੍ਰਭਾਵਿਤ
ਕਸ਼ਮੀਰ ਵਿੱਚ ਮੌਸਮ ਦੀ ਸਭ ਤੋਂ ਭਾਰੀ ਬਰਫ਼ਬਾਰੀ ਕਾਰਨ ਹਵਾਈ, ਰੇਲ ਅਤੇ ਸੜਕੀ ਆਵਾਜਾਈ ਵਿੱਚ ਵਿਘਨ ਪਿਆ ਹੈ। ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਰੀ ਬਰਫ਼ਬਾਰੀ ਕਾਰਨ ਜੰਮੂ-ਸ੍ਰੀਨਗਰ ਨੈਸ਼ਨਲ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਬਨਿਹਾਲ ਅਤੇ ਬਾਰਾਮੂਲਾ ਵਿਚਾਲੇ ਰੇਲ ਸੇਵਾ ਮੁਅੱਤਲ ਕਰ ਦਿੱਤੀ ਗਈ ਹੈ। ਸ੍ਰੀਨਗਰ ਤੋਂ ਹਵਾਈ ਆਵਾਜਾਈ ਠੱਪ ਹੋ ਗਈ ਹੈ।
- PTC NEWS