Nepal Floods Death : ਨੇਪਾਲ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਦਰਜਨਾਂ ਪੁਲ ਰੁੜ੍ਹੇ, 100 ਤੋਂ ਵੱਧ ਮੌਤਾਂ
Nepal Floods Death : ਨੇਪਾਲ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨੇ ਆਪਣੇ ਨਾਲ ਵੱਡੇ ਪੱਧਰ 'ਤੇ ਤਬਾਹੀ ਮਚਾਈ ਹੈ। ਜਾਣਕਾਰੀ ਮੁਤਾਬਕ ਇਸ ਜ਼ਮੀਨ ਖਿਸਕਣ ਅਤੇ ਹੜ੍ਹ 'ਚ ਹੁਣ ਤੱਕ 112 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਕਈ ਲੋਕ ਲਾਪਤਾ ਹਨ। ਪੂਰਬੀ ਅਤੇ ਮੱਧ ਨੇਪਾਲ ਦਾ ਵੱਡਾ ਹਿੱਸਾ ਸ਼ੁੱਕਰਵਾਰ ਤੋਂ ਪਾਣੀ ਵਿੱਚ ਡੁੱਬ ਗਿਆ ਹੈ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਅਚਾਨਕ ਹੜ੍ਹ ਆ ਗਏ ਹਨ।
ਆਰਮਡ ਪੁਲਿਸ ਫੋਰਸ ਦੇ ਸੂਤਰਾਂ ਅਨੁਸਾਰ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 64 ਲੋਕ ਲਾਪਤਾ ਹਨ ਜਦਕਿ 45 ਲੋਕ ਜ਼ਖ਼ਮੀ ਹੋਏ ਹਨ। ਕਾਠਮੰਡੂ ਘਾਟੀ ਵਿੱਚ ਸਭ ਤੋਂ ਵੱਧ 48 ਲੋਕਾਂ ਦੀ ਮੌਤ ਹੋ ਗਈ ਹੈ। ਘੱਟੋ-ਘੱਟ 195 ਘਰ ਅਤੇ ਅੱਠ ਪੁਲ ਨੁਕਸਾਨੇ ਗਏ ਹਨ। ਸੁਰੱਖਿਆ ਕਰਮਚਾਰੀਆਂ ਨੇ ਲਗਭਗ 3,100 ਲੋਕਾਂ ਨੂੰ ਬਚਾਇਆ।
ਚਸ਼ਮਦੀਦਾਂ ਮੁਤਾਬਕ ਉਨ੍ਹਾਂ ਨੇ ਪਿਛਲੇ 40-45 ਸਾਲਾਂ ਵਿੱਚ ਕਾਠਮੰਡੂ ਘਾਟੀ ਵਿੱਚ ਇੰਨਾ ਭਿਆਨਕ ਹੜ੍ਹ ਨਹੀਂ ਦੇਖਿਆ। ਹਥਿਆਰਬੰਦ ਪੁਲਿਸ ਬਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 112 ਤੱਕ ਪਹੁੰਚ ਗਈ ਹੈ।
ਕਾਬਿਲੇਗੌਰ ਹੈ ਕਿ ਨੇਪਾਲ ਦੇ ਕਈ ਹਿੱਸਿਆਂ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਜਨਜੀਵਨ ਠੱਪ ਹੋ ਗਿਆ ਹੈ। ਕਈ ਹਾਈਵੇਅ ਅਤੇ ਸੜਕਾਂ ਬੰਦ ਹਨ, ਸੈਂਕੜੇ ਘਰ ਅਤੇ ਪੁਲ ਰੁੜ੍ਹ ਗਏ ਹਨ ਅਤੇ ਸੈਂਕੜੇ ਪਰਿਵਾਰ ਬੇਘਰ ਹੋ ਗਏ ਹਨ। ਸੜਕ ਜਾਮ ਹੋਣ ਕਾਰਨ ਹਜ਼ਾਰਾਂ ਯਾਤਰੀ ਵੱਖ-ਵੱਖ ਥਾਵਾਂ 'ਤੇ ਫਸੇ ਹੋਏ ਹਨ।
ਇਹ ਵੀ ਪੜ੍ਹੋ : Vande Bharat : ਛੱਤੀਸਗੜ੍ਹ 'ਚ ਵੰਦੇ ਭਾਰਤ ਐਕਸਪ੍ਰੈੱਸ 'ਤੇ ਪਥਰਾਅ, ਵਿਸ਼ਾਖਾਪਟਨਮ ਤੋਂ ਦੁਰਗ ਜਾ ਰਹੀ ਸੀ ਟਰੇਨ
- PTC NEWS