ਜ਼ਿਲ੍ਹੇ ਵਿੱਚ ਵੱਧ ਰਹੇ ਡੇਂਗੂ ਅਤੇ ਚਿਕਨਗੁਨੀਆ ਨਾਲ ਸਖਤੀ ਨਾਲ ਨਿਜੱਠਣ ਦੀ ਲੋੜ: ਡਿਪਟੀ ਕਮਿਸ਼ਨਰ
ਐਸਏਐਸ ਨਗਰ, 31 ਅਕਤੂਬਰ: ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਅੱਜ ਸਿਹਤ ਵਿਭਾਗ, ਨਗਰ ਨਿਗਮ, ਨਗਰ ਕੌਸਲਾਂ ਅਤੇ ਪੇਂਡੂ ਖੇਤਰਾਂ ਨਾਲ ਸਬੰਧਤ ਬਲਾਕ ਪੰਚਾਇਤ ਅਫਸਰਾਂ ਨਾਲ ਜ਼ਿਲ੍ਹੇ ਵਿੱਚ ਵੱਧ ਰਹੇ ਡੇਂਗੂ ਅਤੇ ਚਿਕਨਗੁਨੀਆ ਆਦਿ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ. ਨਗਰ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਜਿਲ੍ਹਾ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਡੇਂਗੂ ਸਬੰਧੀ ਵੱਧ ਰਹੇ ਕੇਸਾਂ ਦੀ ਬਾਰੇ ਜਾਣਕਾਰੀ ਹਾਸਿਲ ਕੀਤੀ ਗਈ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਅਤੇ ਚਿਕੁਨਗੁਨੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਪੇਂਡੂ ਵਿਕਾਸ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਇਸ ਸਬੰਧੀ ਵੱਧ ਤੋਂ ਵੱਧ ਫੋਗਿੰਗ ਅਤੇ ਚਲਾਨਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਸਮੂਹ ਕਾਰਜ ਸਾਧਕ ਅਫਸਰਾਂ ਨੂੰ ਉਨ੍ਹਾਂ ਅਧੀਨ ਪੈਂਦੇ ਖੇਤਰ ਵਿੱਚ ਜਿਹੜੀਆਂ ਥਾਵਾਂ ਤੇ ਡੇਂਗੂ ਬਾਰੇ ਵੱਧ ਕੇਸ ਸਾਹਮਣੇ ਆ ਰਹੇ ਹਨ, ਉਨ੍ਹਾਂ ਥਾਵਾਂ ਤੇ ਘਰ-ਘਰ ਜਾ ਕੇ ਸਰਵੇ ਕਰ ਚੈਕਿੰਗ ਕਰਨ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਊ ਅਤੇ ਰੋਕਥਾਮ ਲਈ ਜਾਗਰੂਕ ਕਰਨ ਦੀ ਹਦਾਇਤ ਦਿੱਤੀ।
ਇਸ ਤੋਂ ਇਲਾਵਾ ਅਮਿਤ ਤਲਵਾੜ ਵੱਲੋਂ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਡੇਂਗੂ ਦੇ ਕੇਸ ਵੱਧਣ ਦੇ ਮੱਦੇਨਜ਼ਰ ਸਮੂਹ ਐਸਐਮਓਜ਼ ਅਤੇ ਬਲਾਕ ਪੰਚਾਇਤ ਅਫਸਰਾਂ ਨੂੰ ਉਨ੍ਹਾਂ ਅਧਿਨ ਪੈਂਦੇ ਖੇਤਰ ਵਿੱਚ ਚੈਕਿੰਗ ਕਰਨ ਅਤੇ ਖੜੇ ਪਾਣੀ ਵਿਚਲੇ ਪੈਦਾ ਹੋ ਰਹੇ ਡੇਂਗੂ ਦੇ ਲਾਰਵੇ ਨੂੰ ਵੀ ਚੈਕ ਕਰਨ ਅਤੇ ਜੇਕਰ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਥਾਂ ਨਾਲ ਸਬੰਧਤਾਂ ਦਾ ਚਾਲਾਨ ਕਰਨ ਦੀ ਸਖਤ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਮੀਟਿੰਗ ਵਿੱਚ ਹਾਜ਼ਰ ਨਗਰ ਨਿਗਮ, ਨਗਰ ਕੌਂਸਲ ਅਤੇ ਪੇਂਡੂ ਵਿਕਾਸ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਦੀ ਰੋਕਥਾਮ ਲਈ ਵੱਧ ਤੋਂ ਵੱਧ ਫੋਗਿੰਗ ਕਰਵਾਈ ਜਾਵੇ।
ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆਂ ਦੇ ਖਾਤਮੇ ਲਈ ਸਾਂਝੇ ਤੋਂਰ ਸਹਿਯੋਗ ਦੇਣ। ਉਨਾਂ ਕਿਹਾ ਕਿ ਟਾਈਰਾਂ, ਫਰੀਜਾਂ ਦੀ ਟਰੇਆਂ, ਗਮਲਿਆਂ ਅਤੇ ਟੁਟੀਆਂ ਫੁਂਟੀਆਂ ਵਸਤਾਂ ਵਿੱਚ ਮੱਛਰਾਂ ਦਾ ਵੱਧ ਪ੍ਰਜਣਨ ਹੁੰਦਾ ਹੈ ਇਸ ਲਈ ਇਹਨਾਂ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ।
ਇਹ ਵੀ ਪੜ੍ਹੋ: ਸਰਦੀਆਂ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਦਾ ਬਦਲਿਆ ਸਮਾਂ
ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਬਰਾੜ, ਵਧੀਕ ਡਿਪਟੀ ਕਮਿਸਨਰ (ਸ਼ਹਿਰੀ ਵਿਕਾਸ) ਪੂਜਾ ਐਸ.ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਵਨੀਤ ਕੌਰ , ਐਸ.ਡੀ.ਐਮ ਖਰੜ ਰਵਿੰਦਰ ਸਿੰਘ, ਐਸ.ਡੀ.ਐਮ ਡੇਰਾਬਸੀ ਹਿਮਾਂਸੂ ਗੁਪਤਾ, ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਤੋਂ ਇਲਾਵਾ ਐਸਐਮਓਜ਼, ਬੀਡੀਪੀਓਜ਼ ਅਤੇ ਕਾਰਜ ਸਾਧਕ ਅਫਸਰਾਂ ਦੇ ਨਾਲ ਨਾਲ ਵੱਖ ਵੱਖ ਵਿਭਾਗਾਂ ਅਧਿਕਾਰੀ ਹਾਜ਼ਰ ਸਨ।
- PTC NEWS