Bharat Jodo Yatra: ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਪੰਜਾਬ ਤੋਂ ਰਵਾਨਾ ਹੋ ਕੇ ਹਿਮਾਚਲ ਪ੍ਰਦੇਸ਼ ਦੇ ਰਸਤੇ ਜੰਮੂ-ਕਸ਼ਮੀਰ ਵਿੱਚ ਐਂਟਰੀ ਕਰ ਗਈ ਹੈ। ਭਾਰਤ ਜੋੜੋ ਯਾਤਰਾ ਕਰੀਬ 10 ਦਿਨ ਪੰਜਾਬ 'ਚ ਰਹੀ। ਇਸ ਦੌਰਾਨ ਰਾਹੁਲ ਗਾਂਧੀ ਨਾਲ ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂ ਨਜ਼ਰ ਆਏ। ਪਰ ਨਵਜੋਤ ਸਿੰਘ ਸਿੱਧੂ ਇਸ ਯਾਤਰਾ ’ਚ ਨਜ਼ਰ ਨਹੀਂ ਆਏ। ਦਰਅਸਲ ਨਵਜੋਤ ਸਿੰਘ ਸਿੱਧੂ ਰੋਡ ਰੇਜ ਮਾਮਲੇ 'ਚ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਿਸ ਤੋਂ ਬਾਅਦ ਉਹ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਹਨ। ਪਰ ਸੂਤਰਾਂ ਤੋਂ ਸਾਹਮਣੇ ਆਇਆ ਹੈ ਕਿ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ’ਚ ਸ਼ਾਮਲ ਹੋ ਸਕਦੇ ਹਨ। ਜਿਸ ਤੋਂ ਬਾਅਦ 26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਦੀ ਅਫਵਾਹਾਂ ਵੀ ਤੇਜ਼ ਹੋ ਗਈਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਸੇ ਨੈਸ਼ਨਲ ਆਗੂ ਦੇ ਜ਼ਰੀਏ ਸਿੱਧੂ ਨੂੰ ਸੱਦਾ ਵੀ ਭੇਜਿਆ ਹੈ। ਕਾਬਿਲੇਗੌਰ ਹੈ ਕਿ ਪੰਜਾਬ 'ਚ ਕਾਂਗਰਸ ਦਾ ਇਹ ਪਹਿਲਾ ਅਜਿਹਾ ਵੱਡਾ ਪ੍ਰੋਗਰਾਮ ਸੀ, ਜਿਸ 'ਚ ਨਵਜੋਤ ਸਿੰਘ ਸਿੱਧੂ ਨਜ਼ਰ ਨਹੀਂ ਆਏ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੇ ਸੱਦੇ ’ਤੇ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਏ ਸੀ। ਇਹ ਵੀ ਪੜ੍ਹੋ: ਲੁਧਿਆਣਾ ਕੋਰਟ ਬਲਾਸਟ ਮਾਮਲੇ ਨੂੰ ਲੈ ਕੇ NIA ਦੀ ਛਾਪੇਮਾਰੀ