Punjab News : ਬੇਰੁਜ਼ਗਾਰਾਂ ਦੀ ਸਿਹਤ ਸਕੱਤਰ ਨਾਲ ਹੋਈ ਮੀਟਿੰਗ ,ਉਮਰ ਹੱਦ ਛੋਟ ਉੱਤੇ ਫ਼ਸਿਆ ਪੇਚ
Punjab News : ਸਿਹਤ ਵਿਭਾਗ ਵਿੱਚ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ 270 ਪੋਸਟਾਂ ਉੱਤੇ ਉਮਰ ਹੱਦ ਛੋਟ ਸਮੇਤ ਭਰਤੀ ਦੀ ਮੰਗ ਕਰਦੇ ਬੇਰੁਜ਼ਗਾਰਾਂ ਦੀ ਮੀਟਿੰਗ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਫ਼ਤਰ ਸੈਕਟਰ -34 ਵਿਖੇ ਹੋਈ। ਜਿੱਥੇ ਸਿਹਤ ਸਕੱਤਰ ਕੁਮਾਰ ਰਾਹੁਲ ਅਤੇ ਸਿਹਤ ਡਾਇਰੈਕਟਰ ਮੈਡਮ ਜਸਵਿੰਦਰ ਹਾਜ਼ਰ ਸਨ।
ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਮੰਗ ਕੀਤੀ ਕਿ ਸਿਹਤ ਵਿਭਾਗ ਵੱਲੋਂ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦਾ ਡੇਢ ਸਾਲਾ ਕੋਰਸ ਕਰਵਾਇਆ ਜਾਂਦਾ ਹੈ। ਜਿਹੜਾ ਕਿ ਤਿੰਨ ਸੰਸਥਾਵਾਂ ਖਰੜ,ਨਾਭਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੁੰਦਾ ਸੀ ਪ੍ਰੰਤੂ ਇਹ ਕੋਰਸ 2011 ਤੋਂ ਬੰਦ ਪਿਆ ਹੈ। ਪੰਜਾਬ ਅੰਦਰ ਕੁੱਲ 3200 ਕੋਰਸ ਪਾਸ ਬੇਰੁਜ਼ਗਾਰ ਹਨ।ਸਾਲ 2020 ਵਿੱਚ ਆਖ਼ਰੀ ਭਰਤੀ ਕੁੱਲ 200 ਪੋਸਟਾਂ ਹੋਈ ਸੀ। ਜਿਸ ਮੌਕੇ ਵੱਡੀ ਬੇਰੁਜ਼ਗਾਰ ਓਵਰ ਏਜ਼ ਹੋ ਜਾਣ ਕਰਕੇ ਅਪਲਾਈ ਨਹੀਂ ਕਰ ਸਕੇ।
ਇਸ ਉਪਰੰਤ ਪੰਜ ਸਾਲਾਂ ਵਿੱਚ ਹੋਰ ਹਜ਼ਾਰਾਂ ਬੇਰੁਜ਼ਗਾਰ ਓਵਰ ਏਜ਼ ਹੋ ਚੁੱਕੇ ਹਨ। ਅੱਜ ਪੰਜਾਬ ਵਿੱਚ ਮਹਿਜ਼ 300 - 400 ਉਮੀਦਵਾਰ ਹੀ ਅਜਿਹੇ ਬਚੇ ਹਨ, ਜਿਹੜੇ ਉਮਰ ਹੱਦ ਦੀ ਸ਼ਰਤ 37 ਸਾਲ ਤੋ ਘੱਟ ਵਾਲੀ ਪੂਰੀ ਕਰਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਰਜਨਾਂ ਵਾਰ ਕਿਹਾ ਕਿ ਪਿਛਲੀਆਂ ਸਰਕਾਰਾਂ ਮੌਕੇ ਧਰਨੇ ਲਾਉਂਦੇ ਓਵਰ ਏਜ਼ ਹੋ ਚੁੱਕੇ ਉਮੀਦਵਾਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਉਮਰ ਹੱਦ ਵਧਾ ਕੇ ਅਪਲਾਈ ਕਰਨ ਦਾ ਭਰੋਸਾ ਦੇਵੇਗੀ। ਖਾਸ ਕਰਕੇ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਲਾਜ਼ਮੀ ਹੋਵੇਗਾ।
ਇਸ ਲਈ ਹੁਣ ਜਦੋਂ 270 ਪੋਸਟਾਂ ਦੀ ਪ੍ਰਵਾਨਗੀ ਪੰਜਾਬ ਸਰਕਾਰ ਨੇ ਦਿੱਤੀ ਹੈ ਤਾਂ ਸੇਵਾ ਨਿਯਮਾਂ ਵਿੱਚ ਸੋਧ ਕਰਕੇ ਉਮਰ ਏਜ਼ ਹੋ ਚੁਕੇ ਉਮੀਦਵਾਰਾਂ ਨੂੰ ਇੱਕ ਮੌਕਾ ਲਾਜ਼ਮੀ ਦਿੱਤਾ ਜਾਵੇ। ਜੇਕਰ ਸਰਕਾਰ ਚੋਣ ਵਾਅਦਾ ਪੂਰਾ ਨਹੀਂ ਕਰਦੀ ਤਾਂ ਇਹਨਾ 270 ਪੋਸਟਾਂ ਲਈ ਸਿਰਫ 300 - 400 ਉਮੀਦਵਾਰ ਹੀ ਅਪਲਾਈ ਕਰਨਗੇ ।ਕਿਉਕਿ ਬਾਕੀ ਓਵਰ ਏਜ਼ ਹਨ। ਉਹਨਾਂ ਐਲਾਨ ਕੀਤਾ ਕਿ ਜੇਕਰ ਜਲਦੀ ਫੈਸਲਾ ਨਾ ਕੀਤਾ ਤਾਂ 20 ਅਪ੍ਰੈਲ ਨੂੰ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਪਟਿਆਲਾ ਵਿਖੇ ਕੋਠੀ ਦਾ ਘਿਰਾਓ ਕੀਤਾ ਜਾਵੇਗਾ।
- PTC NEWS