Mrs Chandigarh Arrest : 3 ਕਰੋੜ ਦੀ ਧੋਖਾਧੜੀ ਮਾਮਲੇ 'ਚ ਮਿਸਿਜ਼ ਚੰਡੀਗੜ੍ਹ ਪੁੱਤਰ ਸਣੇ ਗ੍ਰਿਫਤਾਰ, ਜੇਲ੍ਹ ’ਚ ਹੈ ਪਤੀ
Mrs Chandigarh Arpna Sagotra Arrest : ਪੰਜਾਬ ਪੁਲਿਸ ਨੇ ਧੋਖਾਧੜੀ ਦੇ ਮਾਮਲੇ ਵਿੱਚ ਚੰਡੀਗੜ੍ਹ ਦੀ ਰਹਿਣ ਵਾਲੀ ਅਰਪਨਾ ਸਗੋਤਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅਰਪਨਾ ਦੇ ਨਾਲ-ਨਾਲ ਉਸ ਦੇ ਪੁੱਤਰ ਕੁਨਾਲ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਅਰਪਨਾ ਸਗੋਤਰਾ ਪੇਸ਼ੇ ਤੋਂ ਵਕੀਲ ਹੈ। ਉਸਨੇ 2019 ਵਿੱਚ 40 ਸਾਲ ਤੋਂ ਉਪਰ ਉਮਰ ਵਰਗ ਵਿੱਚ ਮਿਸਿਜ਼ ਚੰਡੀਗੜ੍ਹ ਦਾ ਖਿਤਾਬ ਜਿੱਤਿਆ।
ਸੋਨੇ ਦੇ ਬਿਸਕੁਟ, ਨਕਦੀ-ਕਾਰ ਬਰਾਮਦ
ਪੁਲਿਸ ਨੇ ਇਨ੍ਹਾਂ ਕੋਲੋਂ 500 ਗ੍ਰਾਮ ਸੋਨੇ ਦੇ ਬਿਸਕੁਟ, 7 ਲੱਖ ਰੁਪਏ ਨਕਦ ਅਤੇ ਇੱਕ ਫੋਰਡ ਕਾਰ ਵੀ ਬਰਾਮਦ ਕੀਤੀ ਹੈ। ਪੁਲਿਸ ਅਰਪਨਾ ਦੇ ਪਤੀ ਸੰਜੇ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਮੁਹਾਲੀ ਦੀ ਫੇਜ਼ 11 ਪੁਲਿਸ ਅਨੁਸਾਰ ਉਸ ਖ਼ਿਲਾਫ਼ ਧੋਖਾਧੜੀ ਦੇ 25 ਕੇਸ ਦਰਜ ਹਨ। ਜਿਸ ਵਿੱਚ ਉਸ ਨੇ 2.5 ਤੋਂ 3 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਐਸ.ਐਚ.ਓ ਗਗਨਦੀਪ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਧੋਖਾਧੜੀ ਦੇ ਮਾਮਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਇਮੀਗ੍ਰੇਸ਼ਨ ਦਫਤਰ
ਮੁਹਾਲੀ ਪੁਲਿਸ ਅਨੁਸਾਰ ਮਿਸਿਜ਼ ਚੰਡੀਗੜ੍ਹ ਨੇ ਆਪਣੇ ਪਤੀ ਸੰਜੇ ਨਾਲ ਮਿਲ ਕੇ ਸੈਕਟਰ 105 ਵਿੱਚ ਇਮੀਗ੍ਰੇਸ਼ਨ ਦਫ਼ਤਰ ਖੋਲ੍ਹਿਆ ਹੋਇਆ ਸੀ। ਜਿੱਥੇ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਉੱਤੇ ਠੱਗੀ ਕਰਦੇ ਸਨ। ਇਹ ਲੋਕਾਂ ਤੋਂ ਪੈਸੇ ਲੈ ਲੈਂਦੇ ਸਨ, ਪਰ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਜਾਂਦਾ ਸੀ। ਕਈ ਲੋਕਾਂ ਨੇ ਇਹਨਾਂ ਖਿਲਾਫ ਮਾਮਲੇ ਦਰਜ ਕਰਵਾਏ ਹਨ।
ਸੋਸ਼ਲ ਮੀਡੀਆ ਜ਼ਰੀਏ ਫਸਾਏ ਜਾਂਦੇ ਸਨ ਲੋਕ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਿਸਿਜ਼ ਚੰਡੀਗੜ੍ਹ ਅਰਪਨਾ ਸਗੋਤਰਾ ਅਤੇ ਉਸ ਦੇ ਪਤੀ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਬਾਹਰ ਦਾ ਝਾਂਸਾ ਦੇ ਕਿ ਆਪਣੇ ਜਾਲ ਵਿੱਚ ਫਸਾ ਲੈਂਦੇ ਸਨ। ਪਹਿਲਾਂ ਇਹ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਫਸਾ ਲੈਂਦੇ ਸਨ ਤੇ ਫਿਰ ਉਹਨਾਂ ਨੂੰ ਦਫ਼ਤਰ ਬੁਲਾ ਪੈਸੇ ਲੈਂਦੇ ਸਨ ਤੇ ਬਾਅਦ ਵਿੱਚ ਉਹ ਸਾਰੇ ਪੈਸੇ ਗਬਨ ਕਰ ਜਾਂਦੇ ਸਨ।
ਜੇਕਰ ਕੋਈ ਪੈਸੇ ਮੰਗਦਾ ਤਾਂ ਉਸ ਨੂੰ ਧਮਕੀ ਦਿੰਦੇ
ਮੁਹਾਲੀ ਪੁਲਿਸ ਅਨੁਸਾਰ ਜੇਕਰ ਕੋਈ ਪੈਸੇ ਹੜੱਪਣ ਤੋਂ ਬਾਅਦ ਮੁਲਜ਼ਮ ਅਰਪਨਾ ਸਗੋਤਰਾ ਤੋਂ ਪੈਸੇ ਮੰਗਣ ਜਾਂਦਾ ਤਾਂ ਉਹ ਉਸਨੂੰ ਧਮਕੀਆਂ ਦਿੰਦੇ ਸਨ। ਕਿਉਂਕਿ ਉਹ ਪੇਸ਼ੇ ਤੋਂ ਵਕੀਲ ਹੈ, ਇਸ ਲਈ ਉਹ ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਧਮਕੀਆਂ ਦਿੰਦਾ ਸੀ ਕਿ ਉਹ ਉਨ੍ਹਾਂ ਵਿਰੁੱਧ ਕੇਸ ਦਰਜ ਕਰਵਾ ਦੇਵੇਗਾ। ਹਾਲਾਂਕਿ ਜਦੋਂ ਧੋਖਾਧੜੀ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਵਧੀ ਤਾਂ ਉਹ ਥਾਣੇ ਪਹੁੰਚ ਗਏ ਅਤੇ ਮਿਸਿਜ਼ ਚੰਡੀਗੜ੍ਹ ਅਰਪਨਾ ਸਗੋਤਰਾ ਦਾ ਰਾਜ਼ ਖੁੱਲ੍ਹ ਗਿਆ।
ਧੋਖਾਧੜੀ ਦੇ ਪੈਸੇ ਨੂੰ ਸੋਨੇ ਦੇ ਬਿਸਕੁਟ ਵਿੱਚ ਬਦਲਿਆ
ਮੁਹਾਲੀ ਪੁਲਿਸ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਿਸਿਜ਼ ਚੰਡੀਗੜ੍ਹ ਅਰਪਨਾ ਸਗੋਤਰਾ ਨੇ ਧੋਖਾਧੜੀ ਦੇ ਪੈਸਿਆਂ ਨਾਲ ਸੋਨੇ ਦੇ ਬਿਸਕੁਟ ਖਰੀਦੇ ਸਨ। ਪੁਲਿਸ ਨੇ ਜਦੋਂ ਉਸ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ 100 ਗ੍ਰਾਮ ਸੋਨੇ ਦੇ ਬਿਸਕੁਟ ਬਰਾਮਦ ਹੋਏ। ਉਸ ਕੋਲੋਂ 7 ਲੱਖ ਦੀ ਨਕਦੀ ਅਤੇ ਕਾਰ ਵੀ ਬਰਾਮਦ ਹੋਈ ਹੈ ਜੋ ਕਿ ਫਰਾਡ ਦੇ ਪੈਸਿਆਂ ਦੀ ਹੈ।
ਬੈਂਕ ਖਾਤਿਆਂ ਦੀ ਜਾਂਚ ਕਰੇਗੀ ਪੁਲਿਸ
ਮੁਹਾਲੀ ਪੁਲਿਸ ਨੇ ਦੱਸਿਆ ਕਿ ਧੋਖਾਧੜੀ ਦੀ ਰਕਮ ਬਹੁਤ ਜ਼ਿਆਦਾ ਹੈ। ਇਸ ਕਾਰਨ ਪੁਲਿਸ ਉਸ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਦਾ ਪਤਾ ਲਗਾ ਰਹੀ ਹੈ। ਪੁਲਿਸ ਅਦਾਲਤ ਰਾਹੀਂ ਉਸ ਦੀ ਜਾਇਦਾਦ ਵੀ ਜ਼ਬਤ ਕਰਵਾਵੇਗੀ ਤਾਂ ਜੋ ਧੋਖਾਧੜੀ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਇਨਸਾਫ਼ ਮਿਲ ਸਕੇ। ਗ੍ਰਿਫ਼ਤਾਰ ਮੁਲਜ਼ਮ ਅਰਪਨਾ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਜ਼ਿਆਦਾਤਰ ਕੇਸ ਦਰਜ ਹੋਏ ਹਨ। ਇਹ ਸਭ ਇਮੀਗ੍ਰੇਸ਼ਨ ਧੋਖਾਧੜੀ ਹੈ। ਜ਼ਿਆਦਾਤਰ ਪੀੜਤ ਪੰਜਾਬ ਦੇ ਜ਼ਿਲ੍ਹਿਆਂ ਦੇ ਹਨ।
ਇਹ ਵੀ ਪੜ੍ਹੋ : Amritsar News : ਗੁਰੂ ਨਗਰੀ ’ਚ 1 ਕਰੋੜ ਦੀ ਡਰੱਗ ਮਨੀ ਸਣੇ 2 ਗ੍ਰਿਫਤਾਰ, ਪਾਕਿਸਤਾਨ ਤਸਕਰਾਂ ਨਾਲ ਲਿੰਕ
- PTC NEWS