MP ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਸ਼ਹਿਰੀ ਦੇ ਵਿਕਾਸ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਵੰਡੇ ਚੈੱਕ
MP Harsimrat Kaur Badal : ਸਾਬਕਾ ਕੇਂਦਰੀ ਮੰਤਰੀ ਅਤੇ MP ਹਰਸਿਮਰਤ ਕੌਰ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਵਿਕਾਸ ਲਈ ਖਜ਼ਾਨੇ ਦਾ ਮੂੰਹ ਖੋਲਦਿਆਂ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਵਿੱਚ ਵਿਕਾਸ ਕਾਰਜਾਂ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਚੈੱਕ ਵੰਡੇ ਗਏ ਹਨ।
ਬਬਲੀ ਢਿੱਲੋਂ ਨੇ ਦੱਸਿਆ ਕਿ ਸੁਸ਼ਾਂਤ ਸਿਟੀ ਵੈਲਫੇਅਰ ਸੋਸਾਇਟੀ ਨੂੰ ਪਾਣੀ ਦੀ ਟੈਂਕੀ ਲਈ 4.50 ਲੱਖ ਰੁਪਏ, ਗਊਸ਼ਾਲਾ ਨੂੰ ਐਬੂਲੈਂਸ ਲਈ 14 ਲੱਖ ਰੁਪਏ, ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਸੁਧਾਰ ਟਰਸਟ ਨੂੰ ਗੇਟ ਬਣਾਉਣ ਅਤੇ ਕਾਓ ਕੈਚਰ ਲਈ 5 ਲੱਖ ਰੁਪਏ, ਨਾਮਦੇਵ ਭਵਨ ਦੇ ਨਵੀਨੀਕਰਨ ਲਈ 5 ਲੱਖ ਰੁਪਏ, ਰਵਿਦਾਸ ਸਭਾ ਨੂੰ 5 ਲੱਖ ਰੁਪਏ, ਬ੍ਰਾਹਮਣ ਸਭਾ ਨੂੰ ਭਵਨ ਬਣਾਉਣ ਲਈ 10 ਲੱਖ ਰੁਪਏ, ਨਹਿਰ ਦੇ ਨਾਲ ਪਾਰਕ ਵਿਖੇ ਨਵੇਂ ਬੈਂਚ ਜਿਮ ਸੋਲਰ ਲਾਈਟਾਂ ਤੇ ਝੂਲੇ ਲਾਉਣ ਲਈ 4 ਲੱਖ ਰੁਪਏ, ਅੰਬੇਦਕਰ ਭਵਨ ਦੀ ਉਸਾਰੀ ਲਈ 5 ਲੱਖ ਰੁਪਏ ਦੇ ਚੈੱਕ ਦਿੱਤੇ ਗਏ, ਇਸਦੇ ਨਾਲ ਟਰੀ ਲ਼ਵਰ ਸੋਸਾਇਟੀ ਨੂੰ ਵੀ ਪੌਦਿਆਂ ਦੀ ਸਾਂਭ ਸੰਭਾਲ ਲਈ 2 ਲੱਖ ਰੁਪਏ ਦਾ ਚੈੱਕ ਕੁੱਲ ਕਰੀਬ 55 ਲੱਖ ਰੁਪਏ ਦੇ ਚੈੱਕ ਦਿੱਤੇ ਗਏ।
ਇਸ ਮੌਕੇ ਆਈਆਂ ਸੰਸਥਾਵਾਂ ਨੂੰ ਚੈੱਕ ਦਿੰਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿੱਥੇ ਪੰਜਾਬ ਅਤੇ ਬਠਿੰਡਾ ਸ਼ਹਿਰ ਦੀ ਤਰੱਕੀ ਲਈ ਵੱਡੇ ਪ੍ਰੋਜੈਕਟ ਉਲੀਕੇ ਗਏ ਉੱਥੇ ਹੀ ਆਉਂਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਰਹਿੰਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਬਬਲੀ ਢਿਲੋ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿੱਥੇ ਪੰਜਾਬ ਅਤੇ ਸ਼ਹਿਰ ਬਠਿੰਡਾ ਦਾ ਚੌ-ਮੁਖੀ ਵਿਕਾਸ ਹੋਇਆ ਉੱਥੇ ਹੀ ਹੁਣ ਵੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸ਼ਹਿਰ ਦੇ ਵਿਕਾਸ ਲਈ ਯਤਨਸ਼ੀਲ ਹਨ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵਿਕਾਸ ਕਾਰਜਾਂ ਲਈ ਲਗਾਤਾਰ ਲੱਖਾਂ ਰੁਪਏ ਦੇ ਚੈੱਕ ਵੰਡੇ ਜਾ ਰਹੇ ਹਨ।
ਬਬਲੀ ਢਿੱਲੋ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਯਤਨਸ਼ੀਲ ਰਹੇਗਾ ਤੇ ਲੋਕਾਂ ਨੂੰ ਕਿਸੇ ਵੀ ਤਰਹਾਂ ਨਾਲ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
- PTC NEWS