ਪਟਿਆਲਾ 'ਚ ਭਿਆਨਕ ਹਾਦਸਾ, ਟਰਾਲੀ ਦੀ ਫੇਟ ਨਾਲ ਘਰ ਜਾ ਰਹੇ ਮੋਟਰਸਾਈਕਲ ਸਵਾਰ ਦੀ ਮੌਤ
Patiala News : ਪਟਿਆਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦੇਵੀਗੜ੍ਹ ਬਾਈਪਾਸ 'ਤੇ ਵਾਪਰੇ ਹਾਦਸੇ 'ਚ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ। ਹਾਦਸਾ ਟ੍ਰੈਕਟਰ ਟਰਾਲੀ ਦੀ ਫੇਟ ਕਾਰਨ ਵਾਪਰਿਆ
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਰੇਸ਼ਮ ਸਿੰਘ ਇਥੇ ਸਟੇਡੀਅਮ 'ਚ ਕ੍ਰਿਕਟ ਖੇਡਣ ਲਈ ਆਇਆ ਸੀ। ਕ੍ਰਿਕਟ ਖੇਡਣ ਤੋਂ ਬਾਅਦ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਘਰ ਜਾ ਰਿਹਾ ਸੀ ਤਾਂ ਇਸ ਦੌਰਾਨ ਦੇਵੀਗੜ੍ਹ ਬਾਈਪਾਸ 'ਤੇ ਟ੍ਰੈਕਟਰ ਟਰਾਲੀ ਨੇ ਫੇਟ ਮਾਰ ਦਿੱਤੀ। ਨਤੀਜੇ ਵੱਜੋਂ ਰੇਸ਼ਮ ਸਿੰਘ ਮੋਟਰਸਾਈਕਲ ਸਮੇਤ ਲੋਹੇ ਦੀ ਗਰਿੱਲ ਨਾਲ ਜਾ ਵੱਜਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।
ਮੌਕੇ 'ਤੇ ਨੌਜਵਾਨ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ, ਜਿਨ੍ਹਾਂ ਦਾ ਰੋ -ਰੋ ਕੇ ਬੁਰਾ ਹਾਲ ਸੀ। ਪਰਿਵਾਰਕ ਮੈਂਬਰਾਂ ਨੇ ਟਰਾਲੀ ਚਾਲਕ 'ਤੇ ਆਰੋਪ ਲਾਇਆ ਕਿ ਤੇਜ਼ ਰਫਤਾਰ ਹੋਣ ਕਾਰਨ ਹੀ ਟਰਾਲੀ ਦੀ ਫੇਟ ਕਾਰਨ ਰੇਸ਼ਮ ਸਿੰਘ ਦੀ ਮੌਤ ਹੋ ਗਈ ਹੈ।
ਆਸ ਪਾਸ ਦੇ ਲੋਕਾਂ ਵੱਲੋਂ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚੀ ਹੋਈ ਸੀ ਅਤੇ ਜਾਂਚ ਕੀਤੀ ਜਾ ਰਹੀ ਸੀ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ। ਪੁਲਿਸ ਕਰਮਚਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓਵਰ ਸਪੀਡ ਆ ਰਹੀ ਟਰਾਲੀ ਕਾਰਨ ਇਹ ਹਾਦਸਾ ਵਾਪਰਿਆ ਹੈ।
- PTC NEWS