ਪਾਲਘਰ 'ਚ ਮਨੁੱਖਤਾ ਹੋਈ ਸ਼ਰਮਸ਼ਾਰ ; ਕੈਬ 'ਚ ਔਰਤ ਨਾਲ ਛੇੜਛਾੜ, ਬੱਚੀ ਨੂੰ ਥੱਲੇ ਸੁੱਟ ਕੇ ਮਾਰਿਆ
ਪਾਲਘਰ : ਮਹਾਰਾਸ਼ਟਰ ਵਿਚ ਇਕ ਵਾਰ ਫਿਰ ਇਨਸਾਨੀਅਤ ਸ਼ਰਮਸ਼ਾਰ ਹੋ ਗਈ। ਪਾਲਘਰ ਜ਼ਿਲ੍ਹੇ 'ਚ ਮੁੰਬਈ-ਅਹਿਮਦਾਬਾਦ ਹਾਈਵੇਅ ਉਤੇ ਕੈਬ ਵਿਚ ਇਕ ਔਰਤ ਨਾਲ ਛੇੜਛਾੜ ਦੀ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਦੋਂ ਔਰਤ ਨੇ ਵਿਰੋਧ ਕੀਤਾ ਤਾਂ ਉਸ ਦੀ 10 ਮਹੀਨੇ ਦੀ ਬੱਚੀ ਨੂੰ ਚੱਲਦੀ ਕੈਬ ਵਿਚੋਂ ਹੇਠਾਂ ਸੁੱਟ ਦਿੱਤਾ ਗਿਆ, ਜਿਸ ਕਾਰਨ ਮਾਸੂਮ ਦੀ ਮੌਤ ਹੋ ਗਈ। ਮਹਾਰਾਸ਼ਟਰ ਪੁਲਿਸ ਨੇ ਇਸ ਮਾਮਲੇ ਵਿੱਚ ਮਾਮਲਾ ਦਰਜ ਕਰ ਲਿਆ ਹੈ।
ਸਵੇਰੇ ਮੁੰਬਈ-ਅਹਿਮਦਾਬਾਦ ਹਾਈਵੇਅ 'ਤੇ ਵਿਰਾਰ ਫਾਟਾ ਨੇੜੇ ਕੈਬ ਵਿਚੋਂ ਬਾਹਰ ਸੁੱਟਣ ਉਤੇ 10 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ, ਜਦੋਂਕਿ ਉਸਦੀ ਮਾਂ ਨਾਲ ਛੇੜਛਾੜ ਕੀਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਨੂੰ ਵੀ ਕੈਬ 'ਚੋਂ ਧੱਕਾ ਦੇ ਦਿੱਤਾ ਗਿਆ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੇ ਦੱਸਿਆ ਕਿ ਔਰਤ ਅਤੇ ਉਸ ਦੀ ਬੇਟੀ ਕੁਝ ਹੋਰ ਯਾਤਰੀਆਂ ਨਾਲ ਸ਼ੇਅਰਿੰਗ ਕੈਬ ਵਿੱਚ ਪੇਲਹਾਰ ਤੋਂ ਵਾਡਾ ਤਹਿਸੀਲ ਦੇ ਪੋਸ਼ੇਰੇ ਵੱਲ ਪਰਤ ਰਹੇ ਸਨ। ਘਟਨਾ 'ਚ ਮਾਸੂਮ ਦੀ ਮੌਤ ਹੋ ਗਈ ਹੈ, ਜਦਕਿ ਜ਼ਖਮੀ ਔਰਤ ਦਾ ਵਸਈ-ਵਿਰਾਰ ਨਗਰ ਨਿਗਮ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਸੁਖਵਿੰਦਰ ਸੁੱਖੂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼, ਅਗਨੀਹੋਤਰੀ ਬਣੇ ਉਪ ਮੁੱਖ ਮੰਤਰੀ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮਹਾਰਾਸ਼ਟਰ ਪੁਲਿਸ ਨੇ ਕਿਹਾ, ''ਮੁੰਬਈ-ਅਹਿਮਦਾਬਾਦ ਹਾਈਵੇਅ 'ਤੇ ਚੱਲਦੀ ਕੈਬ 'ਚ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਵਿਜੇ ਕੁਸ਼ਵਾਹਾ ਨਾਂ ਦੇ ਵਿਅਕਤੀ ਖਿਲਾਫ਼ ਪਾਲਘਰ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਮਾਂਡਵੀ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ 'ਚ ਔਰਤ ਦੀ 10 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ। ਔਰਤ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।" ਇਸ ਘਟਨਾ ਨਾਲ ਮਹਾਨਗਰ ਵਿਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਮੁੜ ਸਵਾਲੀਆਂ ਨਿਸ਼ਾਨ ਖੜ੍ਹੇ ਹੋ ਗਏ ਹਨ।
- PTC NEWS