32 ਸਾਲ ਬਾਅਦ ਇਨਸਾਫ਼ ! ਝੂਠੇ ਪੁਲਿਸ ਮੁਕਾਬਲੇ 'ਚ ਤਰਨਤਾਰਨ ਦੇ ਸਾਬਕਾ SHO ਸਮੇਤ 4 ਅਧਿਕਾਰੀਆਂ ਨੂੰ ਸਜ਼ਾ...ਜਾਣੋ ਪੂਰਾ ਮਾਮਲਾ
Fake Encounter in Punjab : ਮੋਹਾਲੀ ਸਥਿਤ ਸੀਬੀਆਈ ਅਦਾਲਤ ਨੇ ਸੋਮਵਾਰ ਨੂੰ 1992 'ਚ ਦੋ ਨੌਜਵਾਨਾਂ ਨੂੰ ਅਗ਼ਵਾ ਕਰ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਅਤੇ ਲਾਸ਼ ਨੂੰ ਅਣਪਛਾਤਾ ਦੱਸ ਕੇ ਸਸਕਾਰ ਕਰਨ ਦੇ ਮਾਮਲੇ ਵਿੱਚ ਸਾਬਕਾ ਐਸਐਚਓ ਸਮੇਤ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਬੀਤੇ ਦਿਨ ਦੋਸ਼ੀ ਕਰਾਰ ਦਿੱਤਾ ਸੀ, ਜਿਸ 'ਚ ਅੱਜ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ।
ਮੋਹਾਲੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅਗਵਾ, ਗੈਰ-ਕਾਨੂੰਨੀ ਹਿਰਾਸਤ, ਲਾਪਤਾ ਅਤੇ ਕਤਲ ਦੇ ਇਨ੍ਹਾਂ ਦੋ ਮਾਮਲਿਆਂ 'ਚ ਸੁਣਵਾਈ ਕਰਦਿਆਂ ਪਹਿਲੇ ਕੇਸ ਵਿੱਚ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ ਦੇ ਸਾਬਕਾ ਐਸਐਚਓ ਸੁਰਿੰਦਰਪਾਲ ਸਿੰਘ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਦਕਿ ਦੂਜੇ ਮਾਮਲੇ ਵਿੱਚ ਸਾਬਕਾ ਐਸਐਚਓ ਅਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ।
ਅਦਾਲਤ ਨੇ ਸੁਰਿੰਦਰਪਾਲ ਸਿੰਘ ਵੱਖ-ਵੱਖ ਧਾਰਾਵਾਂ ਤਹਿਤ ਸਖ਼ਤ ਸਜ਼ਾਵਾਂ ਸੁਣਾਈਆ ਹਨ, ਜਿਸ ਤਹਿਤ ਧਾਰਾ 120-ਬੀ (ਸਾਜ਼ਿਸ਼) 10 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਧਾਰਾ 364 (ਅਗਵਾ) 10 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜੁਰਮਾਨਾ, ਧਾਰਾ 365 (ਲਾਪਤਾ ਵਿਅਕਤੀ) 7 ਸਾਲ ਦੀ ਕੈਦ ਅਤੇ 70 ਹਜ਼ਾਰ ਰੁਪਏ ਜੁਰਮਾਨਾ, ਧਾਰਾ 342 (ਗੈਰ-ਕਾਨੂੰਨੀ ਨਜ਼ਰਬੰਦੀ) 3 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਲਾਇਆ ਹੈ। ਇਸ ਦੇ ਨਾਲ ਹੀ ਜੇਕਰ ਦੋਸ਼ੀ ਜੁਰਮਾਨਾ ਅਦਾ ਨਹੀਂ ਕਰਦਾ, ਤਾਂ ਉਸਨੂੰ 2 ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ।
ਦੂਜੇ ਕੇਸ 'ਚ ਗੁਰਨਾਮ ਸਿੰਘ ਪਾਲੀ (SPO Home Gaurds Punjab Police) ਨੂੰ ਉਸ ਸਮੇਂ ਦੇ ਏਐਸਆਈ ਗੁਰਬਚਨ ਸਿੰਘ ਨੇ 1992 ਵਿੱਚ ਚੁੱਕ ਕੇ ਨਜਾਇਜ ਹਿਰਾਸਤ ਵਿੱਚ ਰੱਖ ਕੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਅਦਾਲਤ ਨੇ ਇਸ ਕੇਸ ਵਿੱਚ ਗੁਰਬਚਨ ਸਿੰਘ, ਐਸਆਈ ਰੇਸ਼ਮ ਸਿੰਘ ਅਤੇ ਏਐਸਆਈ ਹੰਸ ਰਾਜ ਸਾਬਕਾ ਪੁਲਿਸ ਅਧਿਕਾਰੀ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਅਤੇ ਦੋ-ਦੋ ਲੱਖ ਰੁਪਏ ਜੁਰਮਾਨੇ ਦਾ ਫੈਸਲਾ ਸੁਣਾਇਆ ਹੈ।
ਸੀਬੀਆਈ ਵਲੋਂ ਅਦਾਲਤ ’ਚ ਦਾਇਰ ਚਾਰਜਸ਼ੀਟ ਅਨੁਸਾਰ ਜਗਦੀਪ ਸਿੰਘ ਉਰਫ਼ ਮੱਖਣ ਨੂੰ ਐਸਐਚਉ ਗੁਰਬਚਨ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਪਹਿਲਾਂ ਪੁਲਿਸ ਨੇ ਘਰ ਵਿਚ ਗੋਲੀ ਚਲਾ ਦਿਤੀ ਅਤੇ ਮੱਖਣ ਦੀ ਸੱਸ ਸਵਿੰਦਰ ਕੌਰ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।
ਇਹ ਘਟਨਾ 18 ਨਵੰਬਰ 1992 ਦੀ ਹੈ। ਇਸ ਤਰ੍ਹਾਂ ਗੁਰਨਾਮ ਸਿੰਘ ਉਰਫ਼ ਪਾਲੀ ਨੂੰ 21 ਨਵੰਬਰ 1992 ਨੂੰ ਐਸ.ਐਚ.ਉ ਗੁਰਬਚਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਘਰੋਂ ਅਗਵਾ ਕਰ ਲਿਆ ਸੀ। ਇਨ੍ਹਾਂ ਦੋਨੋਂ ਨੌਜਵਾਨਾਂ ਨੂੰ 30 ਨਵੰਬਰ 1992 ਨੂੰ ਗੁਰਬਚਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਝੂਠੇ ਮੁਕਾਬਲੇ ਵਿਚ ਮਾਰ ਦਿਤਾ ਸੀ।
- PTC NEWS