Pastor Bajinder Singh Case : ਪਾਸਟਰ ਬਜਿੰਦਰ ਸਿੰਘ ਦੋਸ਼ੀ ਕਰਾਰ, ਮੋਹਾਲੀ ਅਦਾਲਤ ਨੇ ਪਾਸਟਰ ਦੇ 5 ਸਾਥੀ ਕੀਤੇ ਬਰੀ, ਜਾਣੋ 7 ਸਾਲ ਪੁਰਾਣਾ ਕੇਸ
Sexual Harassment Case : ਪੰਜਾਬ ਦੇ ਜਲੰਧਰ 'ਚ ਮਸ਼ਹੂਰ ਪਾਸਟਰ ਬਜਿੰਦਰ ਸਿੰਘ ਦੇ ਯੌਨ ਸ਼ੌਸ਼ਣ ਮਾਮਲੇ ਵਿੱਚ ਮੁਹਾਲੀ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਹੈ। ਮੁਹਾਲੀ ਅਦਾਲਤ ਨੇ 7 ਸਾਲ ਪੁਰਾਣੇ ਇਸ ਮਾਮਲੇ ਵਿੱਚ ਪਾਸਟਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਨਾਲ ਹੀ ਇਸ ਮਾਮਲੇ ਵਿੱਚ ਅਦਾਲਤ ਨੇ ਪਾਸਟਰ ਦੇ 5 ਸਾਥੀਆਂ ਨੂੰ ਰਿਹਾਅ ਕਰ ਦਿੱਤਾ ਹੈ। ਅਦਾਲਤ ਹੁਣ ਪਾਸਟਰ ਨੂੰ ਮਾਮਲੇ ਵਿੱਚ 1 ਅਪ੍ਰੈਲ ਨੂੰ ਸਜ਼ਾ ਸੁਣਾਵੇਗੀ।
ਪਾਸਟਰ ਬਜਿੰਦਰ ਸਿੰਘ ਦਾ ਯੌਨ ਸ਼ੌਸ਼ਣ ਮਾਮਲਾ ਕੀ ਹੈ ?
ਦੱਸ ਦਈਏ ਕਿ ਪੰਜਾਬ ਦੇ ਮਸ਼ਹੂਰ ਪਾਸਟਰ ਬਜਿੰਦਰ ਸਿੰਘ 'ਤੇ 2018 'ਚ ਇੱਕ 35 ਸਾਲਾ ਔਰਤ ਨੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਪੀੜਤਾ ਦਾ ਦਾਅਵਾ ਸੀ ਕਿ ਪਾਸਟਰ ਨੇ ਮੋਹਾਲੀ ਸਥਿਤ ਆਪਣੇ ਘਰ ਜਾ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਬਲੈਕਮੇਲ ਕਰਨ ਦੀ ਧਮਕੀ ਦਿੱਤੀ। ਸ਼ਿਕਾਇਤ ਮੁਤਾਬਕ ਅਪ੍ਰੈਲ 2018 'ਚ ਪੀੜਤਾ ਨੇ ਹਿੰਮਤ ਜਤਾਈ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਸਿੰਘ ਫਰਾਰ ਹੋ ਗਿਆ। ਬਾਅਦ ਵਿਚ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਲੰਡਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇੱਕ ਹੋਰ ਕੁੜੀ ਨੇ ਵੀ ਲਾਏ ਸਨ ਪਾਸਟਰ 'ਤੇ ਇਲਜ਼ਾਮ
ਕੁਝ ਦਿਨ ਪਹਿਲਾਂ ਹੀ ਬਜਿੰਦਰ ਸਿੰਘ 'ਤੇ ਜਲੰਧਰ ਦੀ ਇਕ ਹੋਰ 22 ਸਾਲਾ ਔਰਤ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ, ਜਿਸ ਦਾ ਮਾਮਲਾ ਵੀ ਕਾਨੂੰਨੀ ਪ੍ਰਕਿਰਿਆ ਵਿਚ ਹੈ। ਹਾਲ ਹੀ ਵਿੱਚ ਵਾਇਰਲ ਹੋਈ ਇੱਕ ਵੀਡੀਓ ਵਿੱਚ ਸਿੰਘ ਨੂੰ ਆਪਣੇ ਦਫ਼ਤਰ ਵਿੱਚ ਇੱਕ ਔਰਤ ਅਤੇ ਕਰਮਚਾਰੀਆਂ ਨਾਲ ਕੁੱਟਮਾਰ ਕਰਦੇ ਦੇਖਿਆ ਗਿਆ।
ਮੁਹਾਲੀ ਪੁਲਿਸ ਨੇ ਇਸ ਯੌਨ ਸ਼ੋਸ਼ਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤਾ ਨੇ ਹਾਲ ਹੀ ਵਿੱਚ ਮੁੱਲਾਂਪੁਰ ਪੁਲਿਸ ਸਟੇਸ਼ਨ ਵਿੱਚ ਆਪਣੇ ਬਿਆਨ ਦਰਜ ਕਰਵਾਏ ਹਨ। ਪੰਜਾਬ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਕੀਤੇ ਹਨ। ਜਿਨਸੀ ਪਰੇਸ਼ਾਨੀ, ਪਿੱਛਾ ਕਰਨਾ, ਅਪਰਾਧਿਕ ਧਮਕੀਆਂ ਅਤੇ ਸਰੀਰਕ ਹਮਲੇ ਸਮੇਤ।
ਦੱਸ ਦਈਏ ਕਿ 2018 ਦੇ ਇਸ ਕੇਸ ਵਿੱਚ ਉਹ ਫਿਲਹਾਲ ਜ਼ਮਾਨਤ 'ਤੇ ਬਾਹਰ ਸੀ ਪਰ ਮੋਹਾਲੀ ਅਦਾਲਤ ਵੱਲੋਂ ਜਾਰੀ ਗੈਰ-ਜ਼ਮਾਨਤੀ ਵਾਰੰਟ ਨੇ ਉਸ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਸਨ।
ਵੂਮੈਨ ਕਮਿਸ਼ਨ ਦੇ ਦਖਲ ਤੋਂ ਬਾਅਦ ਕਾਰਵਾਈ ਹੋਈ ਸੀ ਤੇਜ਼
ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਇਸ ਮਾਮਲੇ ਨੂੰ ਲੈ ਕੇ ਸਖਤ ਰੁਖ ਅਖਤਿਆਰ ਕੀਤਾ ਹੈ। NCW ਨੇ ਪੰਜਾਬ ਪੁਲਿਸ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਪੀੜਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
ਇਸ ਦੇ ਨਾਲ ਹੀ ਬਜਿੰਦਰ ਸਿੰਘ ਦੇ ਸਮਰਥਕ ਉਸ ਨੂੰ ਬੇਕਸੂਰ ਦੱਸ ਰਹੇ ਹਨ ਅਤੇ ਇਸ ਨੂੰ ਸਾਜ਼ਿਸ਼ ਕਰਾਰ ਦੇ ਰਹੇ ਹਨ, ਜਦਕਿ ਆਲੋਚਕ ਉਸ ਨੂੰ ਅੰਧਵਿਸ਼ਵਾਸ ਫੈਲਾਉਣ ਵਾਲਾ ਅਤੇ ਔਰਤਾਂ ਵਿਰੁੱਧ ਅਪਰਾਧੀ ਕਰਾਰ ਦੇ ਰਹੇ ਹਨ।
ਪਾਸਟਰ ਬਜਿੰਦਰ ਸਿੰਘ ਦੇ ਯੂਟਿਊਬ 'ਤੇ ਹਨ 37 ਲੱਖ ਸਬਸਕ੍ਰਾਈਬਰ ?
ਜਲੰਧਰ ਦੇ ਤਾਜਪੁਰ ਵਿੱਚ ‘ਚਰਚ ਆਫ਼ ਗਲੋਰੀ ਐਂਡ ਵਿਜ਼ਡਮ’ ਅਤੇ ਮੋਹਾਲੀ ਦੇ ਮਾਜਰੀ ਵਿੱਚ ਚਰਚ ਚਲਾਉਣ ਵਾਲਾ ਬਜਿੰਦਰ ਸਿੰਘ ਆਪਣੇ ਚਮਤਕਾਰੀ ਦਾਅਵਿਆਂ ਅਤੇ ਧਾਰਮਿਕ ਸਭਾਵਾਂ ਲਈ ਜਾਣਿਆ ਜਾਂਦਾ ਹੈ। ਉਸ ਦੇ ਯੂਟਿਊਬ ਚੈਨਲ 'ਤੇ 37 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ। ਹਾਲਾਂਕਿ, ਹੁਣ ਉਨ੍ਹਾਂ ਦੇ ਖਿਲਾਫ ਵੱਧ ਰਹੇ ਕਾਨੂੰਨੀ ਮਾਮਲੇ ਅਤੇ ਜਨਤਕ ਵਿਵਾਦ ਉਨ੍ਹਾਂ ਦੇ ਅਕਸ ਨੂੰ ਖਰਾਬ ਕਰ ਰਹੇ ਹਨ।
- PTC NEWS