Akali Dal Waris Punjab De : ਵਟਸਐਪ ਚੈਟ ਵਾਇਰਲ ਹੋਣ ਮਗਰੋਂ ਮੋਗਾ ਪੁਲਿਸ ਨੇ 2 ਲੋਕਾਂ ਨੂੰ ਕੀਤਾ ਰਾਊਂਡਅੱਪ , 25 ਤੋਂ ਵੱਧ ਅਣਪਛਾਤੇ ਲੋਕਾਂ ਵਿਰੁੱਧ FIR ਦਰਜ
Akali Dal Waris Punjab De : ਵਟਸਐਪ 'ਅਕਾਲੀ ਦਲ ਵਾਰਿਸ ਪੰਜਾਬ ਦੇ ਟੀਮ ਜ਼ਿਲ੍ਹਾ ਮੋਗਾ' ਦੇ ਨਾਂ 'ਤੇ ਬਣੇ ਇੱਕ ਗਰੁੱਪ ਵਿੱਚ ਸੰਸਦ ਮੈਂਬਰ ਅਮ੍ਰਿਤਪਾਲ ਉੱਤੇ NSA ਵਧਾਉਣ ਨੂੰ ਲੈ ਕੇ ਕਈ ਕੇਂਦਰੀ ਮੰਤਰੀਆਂ ਅਤੇ ਪੰਜਾਬ ਦੇ ਕੁਝ ਨੇਤਾਵਾਂ ਨੂੰ ਧਮਕਾਉਣ ਦੇ ਦੋਸ਼ਾਂ 'ਚ ਮੋਗਾ ਪੁਲਿਸ ਨੇ ਦੋ ਲੋਕਾਂ ਨੂੰ ਰਾਊਂਡਅੱਪ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਫਰੀਦਕੋਟ ਰੇਂਜ ਅਸ਼ਵਨੀ ਕਪੂਰ ਨੇ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿੱਚ 4 ਲੋਕਾਂ ਦੀ ਪਹਿਚਾਣ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 2 ਲੋਕਾਂ ਨੂੰ ਰਾਊਂਡਅੱਪ ਕਰ ਲਿਆ ਗਿਆ ਹੈ।
ਡੀਆਈਜੀ ਨੇ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਮੋਗਾ ਦਾ ਰਹਿਣ ਵਾਲਾ ਹੈ ਅਤੇ ਦੂਜਾ ਖੰਨੇ ਨਾਲ ਸਬੰਧਤ ਹੈ। ਇਹ ਆਪਸ 'ਚ ਕਿਵੇਂ ਇਕੱਠੇ ਹੋਏ ,ਇਸ ਬਾਰੇ ਜਾਂਚ ਤੋਂ ਬਾਅਦ ਪਤਾ ਲੱਗੇਗਾ। ਇਸਦੇ ਨਾਲ ਹੀ ਇਸ ਮਾਮਲੇ ਵਿੱਚ 25 -30 ਤੋਂ ਵੱਧ ਅਣਪਛਾਤੇ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਹੈ ਅਤੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ।
ਉਨ੍ਹਾਂ ਦੱਸਿਆ ਕਿ ਮੋਗਾ ਸਾਇਬਰ ਥਾਣੇ ਵਿੱਚ ਅੱਜ ਸਵੇਰੇ FIR ਨੰਬਰ 2 ਦਰਜ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ UAPA, IT ਐਕਟ ਅਤੇ ਵੱਖ-ਵੱਖ BNS ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਰੁੱਪ 'ਚ ਜੋ-ਜੋ ਲੋਕ ਹਨ ,ਉਨ੍ਹਾਂ ਦੀ ਵੀਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹੋਰ ਗ੍ਰਿਫਤਾਰੀਆਂ ਹੋਣਗੀਆਂ।
ਦਰਅਸਲ 'ਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਨਾਮ ਵਾਲੇ ਕਥਿਤ ਇੱਕ ਗਰੁੱਪ ਦੀ ਚੈਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਈ ਵੱਡੇ ਸਿਆਸੀ ਲੀਡਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਇਹ ਜਥੇਬੰਦੀ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ (MP Amritpal Singh) ਨਾਲ ਸਬੰਧਤ ਹੈ, ਜਿਸ ਨੂੰ ਲੈ ਕੇ ਪਿਛਲੇ ਦਿਨੀ ਵੀ ਇੱਕ ਸੋਸ਼ਲ ਐਕਟੀਵਿਸਟ ਨੇ ਸਾਂਸਦ ਅਤੇ ਉਸ ਦੇ ਸਾਥੀਆਂ 'ਤੇ ਇਲਜ਼ਾਮ ਲਾਏ ਸਨ। ਸੋਸ਼ਲ ਐਕਟੀਵਿਸਟ ਭਗਤ ਸਿੰਘ ਦੁਆਬੀ ਵੱਲੋਂ ਵਾਇਰਲ ਕੀਤੀ ਗਈ ਹੈ, ਜਿਸ ਤਹਿਤ ਉਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amti Shah) ਸਮੇਤ ਚਾਰ ਪ੍ਰਮੁੱਖ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਕਿਹਾ ਹੈ।
ਭਗਤ ਸਿੰਘ ਦੁਆਬੀ ਨੇ ਚੈਟ ਵਿਖਾਉਂਦਿਆਂ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਅੰਮ੍ਰਿਤਪਾਲ ਸਿੰਘ ਦੇ ਸੰਗੀਆਂ-ਸਾਥੀਆਂ ਦਾ ਗਰੁੱਪ ਹੈ, ਜਿਸਦੇ ਇਹ ਸਕ੍ਰੀਨ ਸ਼ਾਟ ਹਨ। ਉਸ ਨੇ ਕਿਹਾ ਕਿ ਇਸ ਗਰੁੱਪ ਵਿੱਚ ਲਗਭਗ 600 ਤੋਂ ਵੱਧ ਲੋਕ ਹਨ ਅਤੇ ਅਤੇ ਇਸ ਗਰੂਪ ਵਿੱਚ ਵੱਡੇ ਲੀਡਰ ਸਾਹਿਬਾਨਾਂ ਦੇ ਕਤਲ ਦੀ ਸਾਜੀਸ ਰੱਚੀ ਜਾ ਰਹੀ ਹੈ। ਉਸ ਨੇ ਸਕਰੀਨ ਸ਼ਾਟ ਦੇ ਨਾਲ ਕੁੱਝ ਕੁੱਝ ਰਿਕਾਰਡਿੰਗਾਂ ਦਾ ਵੀ ਜ਼ਿਕਰ ਕੀਤਾ ਹੈ।
ਕੌਣ-ਕੌਣ ਹੈ ਨਿਸ਼ਾਨੇ 'ਤੇ
ਸ਼ੋਸ਼ਲ ਐਕਟੀਵਿਸਟ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਸ ਕਤਲ ਦੀ ਸਾਜ਼ਸ਼ ਵਿਚ ਹੇਠ ਲਿਖੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਅਤੇ ਪਲਵਿੰਦਰ ਸਿੰਘ ਤਲਵਾੜਾ ਦੇ ਕਤਲ ਦੀ ਤਿਆਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਉਸ ਨੇ ਇਹ ਵੀ ਖਦਸ਼ਾ ਪ੍ਰਗਟਾਇਆ ਕਿ ਕਥਿਤ ਗਰੁੱਪ ਵਿਚਲੇ ਵਿਅਕਤੀਆਂ ਵੱਲੋਂ ਇਸ ਕੰਮ ਨੂੰ ਛੇਤੀ ਤੋਂ ਪਹਿਲਾਂ ਕਰਨ ਦੀ ਗੱਲ ਹੋ ਰਹੀ ਹੈ। ਹਾਲੇ ਇਹਨਾਂ ਕੋਲ ਕੀ ਹਥਿਆਰ ਹਨ ਅਤੇ ਕੀ ਇਨ੍ਹਾਂ ਦੀ ਤਿਆਰੀ ਹੈ ? ਉਸ ਦਾ ਪਤਾ ਨਹੀਂ ਲੱਗ ਸਕਿਆ ਹੈ।
ਜ਼ਿਕਰਯੋਗ ਹੈ ਕਿ ਸੋਸ਼ਲ ਐਕਟੀਵਿਸਟ ਭਗਤ ਸਿੰਘ ਦੁਆਬੀ ਨੇ ਪਿਛਲੇ ਕੁੱਝ ਦਿਨਾਂ ਦੌਰਾਨ ਵੀ ਸਾਂਸਦ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨੂੰ ਖਤਰਾ ਪ੍ਰਗਟਾਇਆ ਸੀ।
(Note : ਪੀਟੀਸੀ ਨਿਊਜ਼ ਇਸ ਵਾਇਰਲ ਚੈਟ ਦੀ ਤਸਦੀਕ ਨਹੀਂ ਕਰਦਾ ਹੈ)
- PTC NEWS