Viral Chat Case : ਵਾਇਰਲ ਚੈਟ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਖੰਨਾ ਦਾ ਮਾਂਸ ਕਾਰੋਬਾਰੀ ਕਾਬੂ
Viral Chat Case : 'ਵਾਰਿਸ ਪੰਜਾਬ ਦੇ' ਜਥੇਬੰਦੀ (Waris Punjab de) ਦੇ ਨਾਮ ਵਾਲੇ ਕਥਿਤ ਇੱਕ ਗਰੁੱਪ ਦੀ ਚੈਟ ਵਾਇਰਲ ਮਾਮਲੇ ਵਿੱਚ ਪੰਜਾਬ ਪੁਲਿਸ (Punjab Police) ਨੇ ਵੱਡੀ ਕਾਰਵਾਈ ਕੀਤੀ ਹੈ। ਖੰਨਾ ਤੇ ਮੋਗਾ ਪੁਲਿਸ (Moga Police) ਨੇ ਖੰਨਾ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਸ ਵਿਅਕਤੀ ਦਾ ਨਾਮ ਬਲਕਾਰ ਸਿੰਘ ਦੱਸਿਆ ਜਾ ਰਿਹਾ ਹੈ।
ਖੰਨਾ ਦੇ ਬਲਕਾਰ ਸਿੰਘ ਨੂੰ ਵਾਰਿਸ ਪੰਜਾਬ ਦੇ ਅਕਾਲੀ ਦਲ ਮੋਗਾ ਜਥੇਬੰਦੀ ਦੇ ਬੈਨਰ ਹੇਠ ਵਾਇਰਲ ਹੋਈ ਇੱਕ ਚੈਟ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਬਲਕਾਰ ਸਿੰਘ ਕਈ ਸਾਲਾਂ ਤੋਂ ਅਨਾਜ ਮੰਡੀ ਦੇ ਬਾਹਰ ਮੀਟ ਦੀ ਗੱਡੀ ਚਲਾਉਂਦਾ ਸੀ। ਮੋਗਾ ਅਤੇ ਖੰਨਾ ਪੁਲਿਸ ਨੇ ਬਲਕਾਰ ਸਿੰਘ ਨੂੰ ਉਸਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰਾਂ ਨੂੰ ਮਾਰਨ ਦੀ ਸੀ ਸਾਜਿਸ਼ ?
ਦੱਸ ਦਈਏ ਕਿ ਦੋ ਦਿਨ ਪਹਿਲਾਂ ਸੋਸ਼ਲ ਐਕਟੀਵਿਸਟ ਭਗਤ ਸਿੰਘ ਦੁਆਬੀ ਨੇ ਦਾਅਵਾ ਕਰਦਿਆਂ ਚੈਟ ਰਾਹੀਂ ਖਦਸ਼ਾ ਪ੍ਰਗਟਾਇਆ ਸੀ ਕਿ ਇਹ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਸੰਗੀਆਂ-ਸਾਥੀਆਂ ਦਾ ਗਰੁੱਪ ਹੈ, ਜਿਸਦੇ ਇਹ ਸਕ੍ਰੀਨ ਸ਼ਾਟ ਹਨ। ਉਸ ਨੇ ਦਾਅਵੇ ਵਿੱਚ ਕਿਹਾ ਸੀ ਕਿ ਇਸ ਗਰੁੱਪ ਵਿੱਚ ਲਗਭਗ 600 ਤੋਂ ਵੱਧ ਲੋਕ ਹਨ ਅਤੇ ਅਤੇ ਇਸ ਗਰੁੱਪ ਵਿੱਚ ਵੱਡੇ ਲੀਡਰਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਅਤੇ ਪਲਵਿੰਦਰ ਸਿੰਘ ਤਲਵਾੜਾ ਦੇ ਕਤਲ ਦੀ ਤਿਆਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ।
ਵਾਇਰਲ ਚੈਟ 'ਤੇ ਬਿਕਰਮ ਸਿੰਘ ਮਜੀਠੀਆ ਨੇ ਕੀਤੇ ਸਨ ਖੁਲਾਸੇ
ਉਪਰੰਤ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਚੰਡੀਗੜ੍ਹ ਪਾਰਟੀ ਦਫਤਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਹੈਰਾਨੀਜਨਕ ਖੁਲਾਸੇ ਕੀਤੇ। ਮਜੀਠੀਆ ਨੇ ਕਿਹਾ ਕਿ ਗਰੁੱਪ ਦਾ ਐਡਮਿਨ ਮਹਾਂ ਸਿੰਘ ਹੈ, ਜੋ ਕੁਲਵੰਤ ਸਿੰਘ ਦਾ ਭਰਾ ਹੈ। ਦੱਸ ਦਈਏ ਕਿ ਕੁਲਵੰਤ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ’ਚ ਸ਼ਿਫਟ ਕੀਤਾ ਗਿਆ ਹੈ। ਆਗੂ ਨੇ ਦਾਅਵਾ ਕੀਤਾ ਸੀ ਕਿ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਕਿ ਅੰਮ੍ਰਿਤਪਾਲ ਸਿੰਘ ਇੱਕ ਸ਼ੈਤਾਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਕੀ ਗਿੱਲ ਤੇ ਗੁਰਪ੍ਰੀਤ ਹਰੀਨੌਂ ਦਾ ਪਰਿਵਾਰ ਵੀ ਨਿਸ਼ਾਨੇ ’ਤੇ ਹੈ। ਅੰਮ੍ਰਿਤਪਾਲ ਸਿੰਘ ਦਾ ਪਰਦਾਫਾਸ਼ ਕਰਨ ਵਾਲੇ ਲੋਕ ਇਨ੍ਹਾਂ ਦੇ ਨਿਸ਼ਾਨੇ ’ਤੇ ਹਨ।
'MP Amritpal Singh ਦਾ ਪਰਦਾਫਾਸ਼ ਕਰਨ ਵਾਲੇ ਨਿਸ਼ਾਨੇ ’ਤੇ; ਅੰਮ੍ਰਿਤਪਾਲ ਦੇ ਗੈਂਗਸਟਰ ਤੇ ISI ਨਾਲ ਲਿੰਕ', ਬਿਕਰਮ ਸਿੰਘ ਮਜੀਠੀਆ ਵੱਲੋਂ ਵੱਡੇ ਖੁਲਾਸੇ...ਪੜ੍ਹੋ ਪੂਰੀ ਖ਼ਬਰ...
ਬਲਕਾਰ ਸਿੰਘ ਦੀ ਗ੍ਰਿਫ਼ਤਾਰੀ 'ਤੇ ਪਰਿਵਾਰ ਨੇ ਕੀ ਕਿਹਾ ?
ਪੁਲਿਸ ਵੱਲੋਂ ਬਲਕਾਰ ਸਿੰਘ ਨੂੰ ਗ੍ਰਿਫ਼ਤਾਰ ਕਰਨ 'ਤੇ ਪਰਿਵਾਰ ਨੇ ਕਿਹਾ ਉਹ ਇਥੇ ਘਰ ਵਿੱਚ ਆਪਣੇ ਤਿੰਨ ਹੋਰ ਭਰਾਵਾਂ ਨਾਲ ਰਹਿੰਦਾ ਹੈ। ਪੂਰਾ ਪਰਿਵਾਰ ਲਗਭਗ 50 ਸਾਲਾਂ ਤੋਂ ਮਾਸ ਵੇਚਣ ਦੇ ਕਾਰੋਬਾਰ ਵਿੱਚ ਹੈ। ਬਲਕਾਰ ਦੀ ਪਤਨੀ ਅਤੇ ਭਰਾ ਨੇ ਦੱਸਿਆ ਕਿ ਉਸਦਾ ਮੋਬਾਈਲ ਗੁੰਮ ਹੋ ਗਿਆ ਸੀ ਅਤੇ ਅੱਜ ਜਦੋਂ ਉਹ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਗਿਆ ਤਾਂ ਉਦੋਂ ਹੀ ਪੁਲਿਸ ਆਈ। ਬਲਕਾਰ ਦਾ ਕਿਸੇ ਵੀ ਸਮੂਹ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
- PTC NEWS