'IC 814' ਵੈਬ ਸੀਰੀਜ਼ ਨੂੰ ਲੈ ਕੇ ਵਿਵਾਦ, ਸੂਚਨਾ ਮੰਤਰਾਲੇ ਨੇ NETFLIX ਕੰਟੈਂਟ ਹੈਡ ਨੂੰ ਜਾਰੀ ਕੀਤਾ ਸੰਮਨ
Netflix ਦੀ ਨਵੀਂ ਵੈੱਬ ਸੀਰੀਜ਼ 'IC 814' ਇਨ੍ਹੀਂ ਦਿਨੀਂ ਚਰਚਾ ਅਤੇ ਵਿਵਾਦਾਂ 'ਚ ਹੈ। ਜਿੱਥੇ ਇੱਕ ਪਾਸੇ ਨਿਰਦੇਸ਼ਕ ਅਨੁਭਵ ਸਿਨਹਾ ਦੀ ਇਸ ਵੈੱਬ ਸੀਰੀਜ਼ ਨੂੰ ਲੋਕਾਂ ਵੱਲੋਂ ਪ੍ਰਸ਼ੰਸਾ ਮਿਲ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸ਼ੋਅ ਨੂੰ ਲੈ ਕੇ ਵਿਵਾਦ ਵੀ ਚੱਲ ਰਿਹਾ ਹੈ। ਹੁਣ ਇਸ ਵਿਵਾਦ ਵਿੱਚ ਵੱਡਾ ਮੋੜ ਆ ਗਿਆ ਹੈ। ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ Netflix ਦੀ ਕੰਟੈਂਟ ਹੈੱਡ Monika Shergill ਨੂੰ ਦਿੱਲੀ ਤਲਬ ਕੀਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੰਤਰਾਲੇ ਨੇ ਮੰਗਲਵਾਰ ਨੂੰ Netflix ਇੰਡੀਆ ਦੇ ਕੰਟੈਂਟ ਹੈੱਡ ਨੂੰ ਤਲਬ ਕੀਤਾ ਅਤੇ 'IC 814' ਦੇ ਕਥਿਤ ਵਿਵਾਦਪੂਰਨ ਪਹਿਲੂਆਂ 'ਤੇ ਉਸ ਤੋਂ ਸਪੱਸ਼ਟੀਕਰਨ ਮੰਗਿਆ।
'IC 814' 'ਤੇ ਕਈ ਲੋਕ ਆਰੋਪ ਲਗਾ ਰਹੇ ਹਨ ਕਿ ਸ਼ੋਅ 'ਚ ਅੱਤਵਾਦੀਆਂ ਦੇ ਅਸਲੀ ਨਾਮ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਾਰਨ ਲੋਕ ਸ਼ੋਅ ਦਾ ਵਿਰੋਧ ਕਰ ਰਹੇ ਹਨ ਅਤੇ ਨੈੱਟਫਲਿਕਸ-ਬਾਲੀਵੁੱਡ ਦੇ ਬਾਈਕਾਟ ਦੇ ਹੈਸ਼ਟੈਗ ਨਾਲ ਸੋਸ਼ਲ ਮੀਡੀਆ 'ਤੇ ਪੋਸਟ ਵੀ ਕਰ ਰਹੇ ਹਨ।
ਕੀ ਹੈ 'IC 814' ਵਿਵਾਦ ?
ਨਿਰਦੇਸ਼ਕ ਅਨੁਭਵ ਸਿਨਹਾ ਦਾ Netflix ਸ਼ੋਅ 'IC 814' ਦਸੰਬਰ 1999 'ਚ ਵਾਪਰੀ ਅਸਲ ਘਟਨਾ 'ਤੇ ਆਧਾਰਿਤ ਹੈ। ਕਾਠਮੰਡੂ, ਨੇਪਾਲ ਤੋਂ ਨਵੀਂ ਦਿੱਲੀ ਜਾ ਰਹੀ ਇੰਡੀਅਨ ਏਅਰਲਾਈਨਜ਼ ਦੀ ਫਲਾਈਟ ਨੰਬਰ IC 814 ਨੂੰ ਅੱਤਵਾਦੀਆਂ ਨੇ ਹਾਈਜੈਕ ਕਰ ਲਿਆ। ਇਸ ਜਹਾਜ਼ ਨੂੰ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਅਫਗਾਨਿਸਤਾਨ ਦੇ ਕੰਧਾਰ ਲਿਜਾਇਆ ਗਿਆ ਸੀ।
ਭਾਰਤ ਸਰਕਾਰ ਨੂੰ ਗੱਲਬਾਤ ਦੇ ਰਸਤੇ ਰਾਹੀਂ ਆਪਣੇ ਮੁਸਾਫਰਾਂ ਦੀਆਂ ਜਾਨਾਂ ਦੇ ਬਦਲੇ ਅੱਤਵਾਦੀਆਂ ਦੀਆਂ ਮੰਗਾਂ ਮੰਨਣੀਆਂ ਪਈਆਂ ਸਨ। ਇਨ੍ਹਾਂ ਮੰਗਾਂ ਵਿੱਚੋਂ ਇੱਕ ਸੀ ਤਿੰਨ ਅੱਤਵਾਦੀਆਂ- ਮੌਲਾਨਾ ਮਸੂਦ ਅਜ਼ਹਰ, ਉਮਰ ਸਈਦ ਸ਼ੇਖ ਅਤੇ ਮੁਸ਼ਤਾਕ ਅਹਿਮਦ ਜ਼ਰਗਰ ਨੂੰ ਰਿਹਾਅ ਕਰਨਾ, ਜੋ ਉਸ ਸਮੇਂ ਭਾਰਤੀ ਜੇਲ੍ਹਾਂ ਵਿੱਚ ਸਨ। ਆਪਣੀ ਰਿਹਾਈ ਤੋਂ ਲੈ ਕੇ ਹੁਣ ਤੱਕ ਇਹ ਤਿੰਨੇ ਭਾਰਤ ਵਿੱਚ ਵਾਪਰ ਰਹੀਆਂ ਅੱਤਵਾਦੀ ਘਟਨਾਵਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ।
ਵੈਬ ਸੀਰੀਜ਼ 'IC 814' 'ਚ ਪੂਰੀ ਘਟਨਾ ਦੌਰਾਨ ਹਾਈਜੈਕਰ ਆਪਣੇ ਅਸਲੀ ਨਾਮ ਦੀ ਬਜਾਏ ਕੋਡ ਨੇਮ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ। ਇਹ ਨਾਂ ਹਨ- ਬਰਗਰ, ਚੀਫ਼, ਸ਼ੰਕਰ ਅਤੇ ਭੋਲਾ। ਇਸ ਲਈ ਲੋਕ ਸੋਸ਼ਲ ਮੀਡੀਆ 'ਤੇ ਆਰੋਪ ਲਗਾ ਰਹੇ ਹਨ ਕਿ ਇਹ ਅੱਤਵਾਦੀਆਂ ਦੇ ਅਸਲੀ ਨਾਮ ਛੁਪਾਉਣ ਦੀ ਕੋਸ਼ਿਸ਼ ਹੈ। ਇਸ ਨੂੰ ਲੈ ਕੇ ਨਾ ਸਿਰਫ ਵੈਬ ਸੀਰੀਜ਼ ਅਤੇ ਨਿਰਦੇਸ਼ਕ ਅਨੁਭਵ ਸਿਨਹਾ ਦਾ ਵਿਰੋਧ ਹੋ ਰਿਹਾ ਹੈ, ਸਗੋਂ ਲੋਕ ਨੈੱਟਫਲਿਕਸ-ਬਾਲੀਵੁੱਡ ਦਾ ਬਾਈਕਾਟ ਕਰਨ ਦੇ ਹੈਸ਼ਟੈਗ ਨਾਲ ਪੋਸਟ ਵੀ ਕਰ ਰਹੇ ਹਨ।
ਇਹ ਹਨ ਤੱਥ
ਵਿਦੇਸ਼ ਮੰਤਰਾਲੇ ਦੀ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਹਾਈਜੈਕ ਕੀਤੇ ਗਏ ਜਹਾਜ਼ ਵਿੱਚ ਸਵਾਰ ਯਾਤਰੀਆਂ ਲਈ, ਹਾਈਜੈਕਰਾਂ ਨੇ ਖੁਦ ਨੂੰ ਕੋਡਨੇਮ ਦਿੱਤੇ ਸਨ - ਚੀਫ, ਡਾਕਟਰ, ਬਰਗਰ, ਭੋਲਾ ਅਤੇ ਸ਼ੰਕਰ। ਉਨ੍ਹਾਂ ਨੇ ਅਗਵਾ ਕਰਨ ਸਮੇਂ ਇੱਕ-ਦੂਜੇ ਨੂੰ ਬੁਲਾਉਣ ਲਈ ਇਨ੍ਹਾਂ ਨਾਵਾਂ ਦੀ ਵਰਤੋਂ ਕੀਤੀ।
- PTC NEWS