Mansa News : ਪਿੰਡ ਲੇਲੇਵਾਲਾ 'ਚ ਪੁਲਿਸ ਤੇ ਕਿਸਾਨਾਂ ਵਿਚਾਲੇ ਤਿੱਖੀ ਝੜਪ, ਲਾਠੀਚਾਰਜ, SHO ਭੀਖੀ ਦੇ ਦੋਵੇਂ ਹੱਥ ਹੋਏ ਫਰੈਕਚਰ
clash between police and farmers : ਮਾਨਸਾ ਦੇ ਪਿੰਡ ਲੇਲੇਵਾਲਾ 'ਚ ਪੁਲਿਸ ਅਤੇ ਕਿਸਾਨਾਂ ਵਿਚਾਲੇ ਜ਼ਬਰਦਸਤ ਝੜਪ ਹੋਣ ਦੀ ਖ਼ਬਰ ਹੈ। ਝੜਪ ਦੌਰਾਨ ਕਈ ਕਿਸਾਨਾਂ ਸਮੇਤ ਪੁਲਿਸ ਮੁਲਾਜ਼ਮਾਂ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਹੈ। ਝੜਪ ਦਾ ਕਾਰਨ ਦੇਰ ਰਾਤ ਕਿਸਾਨਾਂ ਨੂੰ ਪਿੰਡ ਲੇਲੇਵਾਲਾ ਪਹੁੰਚਣ ਤੋਂ ਰੋਕਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਤਿੱਖੀ ਝੜਪ ਵਿੱਚ ਐਸਐਚਓ ਭੀਖੀ ਦੇ ਦੋਵੇਂ ਹੱਥ ਫਰੈਕਚਰ ਹੋਣ ਦੀ ਵੀ ਖ਼ਬਰ ਹੈ।
ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਖੇਤਾਂ ਹੇਠੋਂ ਲੰਘ ਰਹੀ ਗੁਜਰਾਤ ਗੈਸ ਪਾਈਪ ਲਾਈਨ ਦੇ ਮੁਆਵਜ਼ੇ ਨੂੰ ਲੈ ਸੰਘਰਸ਼ ਅਰੰਭਿਆ ਗਿਆ ਹੈ ਅਤੇ ਕਿਸਾਨ ਮਾਨਸਾ ਤੋਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿਖੇ ਰਾਤ ਸਮੇਂ ਪੁੱਜ ਰਹੇ ਸਨ। ਇਸ ਦੌਰਾਨ ਪੁਲਿਸ ਵੱਲੋਂ ਨਾਕੇ 'ਤੇ ਰੋਕਣ 'ਤੇ ਦੋਵਾਂ ਧਿਰਾਂ 'ਚ ਬਹਿਸ-ਬਾਜ਼ੀ ਸ਼ੁਰੂ ਹੋ ਗਈ, ਜੋ ਕਿ ਝੜਪ ਵਿੱਚ ਹੋ ਨਿਬੜੀ। ਝੜਪ ਦੌਰਾਨ ਕਈ ਕਿਸਾਨਾਂ ਸਮੇਤ ਪੁਲਿਸ ਦੇ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ, ਜਿਸ ਦੌਰਾਨ ਐਸਐਚਓ ਭੀਖੀ ਦੇ ਦੋਵੇਂ ਹੱਥ ਫਰੈਕਚਰ ਹੋ ਗਏ ਦੱਸੇ ਜਾ ਰਹੇ ਹਨ। ਝੜਪ ਦੌਰਾਨ ਦੋਵੇਂ ਧਿਰਾਂ ਦੀਆਂ ਗੱਡੀਆਂ ਵੀ ਭੰਨਤੋੜ ਹੋਣ ਦੀ ਜਾਣਕਾਰੀ ਹੈ।
ਜਾਣਕਾਰੀ ਦਿੰਦਿਆਂ ਸ਼ਿੰਗਾਰਾ ਸਿੰਘ ਮਾਨ ਸੂਬਾ ਆਗੂ ਬੀਕੇਯੂ ਉਗਰਾਹਾਂ ਨੇ ਕਿਹਾ ਕਿ ਮਾਮਲਾ ਪਿੰਡ ਲੇਲੇਵਾਲਾ ਵਿਖੇ ਗੈਸ ਪਾਈਪ ਲਾਈਨ ਦੇ ਮੁਆਵਜ਼ੇ ਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪ੍ਰਸ਼ਾਸਨ ਖਿਲਾਫ ਜ਼ਿਲ੍ਹਾ ਪੱਧਰੀ ਸੰਘਰਸ਼ ਤੋਂ ਬਾਅਦ 5 ਦਸੰਬਰ ਨੂੰ ਪਿੰਡ ਮਾਈਸਰ ਖਾਨਾ ਵਿਖੇ ਸੂਬਾ ਪੱਧਰੀ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਇਸ ਮਾਮਲੇ 'ਤੇ ਪੰਜ ਦਸੰਬਰ ਨੂੰ ਪਿੰਡ ਮਾਈਸਰਖਾਨਾ ਵਿਖੇ ਜਾਣ ਲਈ ਕਿਸਾਨ ਦੇਰ ਰਾਤ ਗੱਡੀਆਂ ਰਾਹੀਂ ਮਾਨਸਾ ਤੋਂ ਪਿੰਡ ਲੇਲੇਵਾਲਾ ਜਾ ਰਹੇ ਸਨ, ਜਿਸ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਫੋਰਸ ਲਗਾ ਕੇ ਗੈਸ ਪਾਈਪ ਲਾਈਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣ ਲਈ ਹੀ ਜਦੋਂ ਕਿਸਾਨ ਪਿੰਡ ਲੇਲੇਵਾਲਾ ਵੱਲ ਜਾ ਰਹੇ ਸਨ ਤਾਂ ਕਿਸਾਨਾਂ ਨੂੰ ਜ਼ਬਰਦਸਤੀ ਰੋਕਣ ਕਾਰਨ ਇਹ ਝੜਪ ਹੋਈ ਹੈ।
ਖਬਰ ਅਪਡੇਟ ਜਾਰੀ...
- PTC NEWS