ਪ੍ਰੇਮਿਕਾ ਦੇ ਕਤਲ ਮਗਰੋਂ ਲਾਸ਼ ਨੂੰ ਇੰਝ ਲਗਾਇਆ ਟਿਕਾਣੇ, 5 ਮਹੀਨਿਆਂ ਬਾਅਦ ਹੋਇਆ ਪਰਦਾਫਾਸ਼
Shraddha Murder Case: ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਸ਼ਰਧਾ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਨੇ ਆਫਤਾਬ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਆਫਤਾਬ ਸ਼ਰਧਾ ਦਾ ਲਿਵ-ਇਨ ਪਾਰਟਨਰ ਸੀ, ਕਤਲ ਤੋਂ ਬਾਅਦ ਆਫਤਾਬ ਨੇ ਪ੍ਰੇਮਿਕਾ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ। ਬਦਬੂ ਨਾ ਆਵੇ ਇਸ ਲਈ ਉਸਨੇ ਇੱਕ ਫਰਿੱਜ ਖਰੀਦਿਆ ਅਤੇ ਉਸ ਵਿੱਚ ਲਾਸ਼ ਦੇ ਟੁਕੜੇ ਰੱਖੇ ਸਨ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਰੋਜ਼ਾਨਾ ਹੀ ਪਲਾਸਟਿਕ ਦੀਆਂ ਥੈਲੀਆਂ ਵਿੱਚ ਲਾਸ਼ ਦੇ ਟੁਕੜੇ ਮਹਿਰੌਲੀ ਦੇ ਜੰਗਲ ਵਿੱਚ ਲਿਜਾ ਕੇ ਵੱਖ-ਵੱਖ ਦਿਸ਼ਾਵਾਂ ਵਿੱਚ ਸੁੱਟ ਦਿੰਦਾ ਸੀ ਤਾਂ ਜੋ ਸਾਰੀ ਰਾਤ ਜੰਗਲ ਵਿੱਚ ਘੁੰਮਦੇ ਜਾਨਵਰ ਉਨ੍ਹਾਂ ਟੁਕੜਿਆਂ ਨੂੰ ਖਾ ਜਾਣ ਅਤੇ ਕਿਸੇ ਨੂੰ ਸ਼ਰਾਧ ਦੇ ਕਤਲ ਬਾਰੇ ਪਤਾ ਨਾ ਲੱਗੇ।
ਇੰਝ ਹੋਇਆ ਖ਼ੁਲਾਸਾ
ਜਦੋਂ ਸ਼ਰਧਾ ਨੇ ਕਾਫੀ ਦਿਨਾਂ ਤੱਕ ਫੇਸਬੁੱਕ 'ਤੇ ਕੋਈ ਪੋਸਟ ਸਾਂਝੀ ਨਾ ਕੀਤੀ ਤਾਂ ਉਸ ਦੇ ਦੋਸਤਾਂ ਨੂੰ ਸ਼ੱਕ ਹੋਇਆ। ਉਨ੍ਹਾਂ ਨੇ ਇਸ ਬਾਰੇ ਸ਼ਰਧਾ ਦੇ ਮਾਤਾ-ਪਿਤਾ ਨੂੰ ਸੂਚਿਤ ਕੀਤਾ। ਜਦੋਂ ਸ਼ਰਧਾ ਦੇ ਰਿਸ਼ਤੇਦਾਰ ਮੁੰਬਈ ਪੁਲਿਸ ਕੋਲ ਪਹੁੰਚੇ ਤਾਂ ਮੁੰਬਈ ਪੁਲਿਸ ਨੇ ਕਿਹਾ ਕਿ ਇਹ ਉਨ੍ਹਾਂ ਦਾ ਨਹੀਂ ਦਿੱਲੀ ਪੁਲਿਸ ਦਾ ਮਾਮਲਾ ਹੈ। ਇਸ ਤੋਂ ਬਾਅਦ ਪਰਿਵਾਰ ਦਿੱਲੀ ਦੇ ਮਹਿਰੌਲੀ ਥਾਣੇ ਪਹੁੰਚਿਆ ਅਤੇ ਇੱਥੇ ਲਿਖਤੀ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਆਫਤਾਬ ਨੂੰ ਹਿਰਾਸਤ 'ਚ ਲੈ ਲਿਆ ਅਤੇ ਜਦੋਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ।
ਲਾਸ਼ ਦੇ ਕੀਤੇ 35 ਟੁਕੜੇ
ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਫਤਾਬ ਅਤੇ ਸ਼ਰਧਾ ਕਰੀਬ 7-8 ਮਹੀਨੇ ਪਹਿਲਾਂ ਮੁੰਬਈ ਤੋਂ ਦਿੱਲੀ ਆਏ ਸਨ। ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗੇ। ਸ਼ਰਧਾ ਲਗਾਤਾਰ ਆਫਤਾਬ 'ਤੇ ਵਿਆਹ ਲਈ ਦਬਾਅ ਬਣਾ ਰਹੀ ਸੀ ਅਤੇ 18 ਮਈ ਨੂੰ ਇਸ ਗੱਲ ਨੂੰ ਲੈ ਕੇ ਦੋਵਾਂ 'ਚ ਕਾਫੀ ਲੜਾਈ ਹੋਈ ਸੀ। ਵਿਵਾਦ ਇੰਨਾ ਵਧ ਗਿਆ ਕਿ ਆਫਤਾਬ ਨੇ ਸ਼ਰਧਾ ਦਾ ਗਲਾ ਦਬਾ ਦਿੱਤਾ ਅਤੇ ਉਦੋਂ ਤੱਕ ਦਬਾਈ ਰੱਖਿਆ ਜਦੋਂ ਤੱਕ ਉਸਦੀ ਮੌਤ ਨਾ ਹੋਈ।
ਇਸ ਤੋਂ ਬਾਅਦ ਆਫਤਾਬ ਨੇ ਤੇਜ਼ਧਾਰ ਹਥਿਆਰ ਨਾਲ ਸ਼ਰਧਾ ਦੇ 35 ਟੁਕੜੇ ਕਰ ਦਿੱਤੇ। ਉਨ੍ਹਾਂ ਟੁਕੜਿਆਂ 'ਚੋਂ ਬਦਬੂ ਨਾ ਆਵੇ ਉਸ ਲਈ ਮੁਲਜ਼ਮ ਨੇ ਬਾਜ਼ਾਰ 'ਚੋਂ ਫਰਿੱਜ ਖਰੀਦ ਕੇ ਲਾਸ਼ ਦੇ ਟੁਕੜਿਆਂ ਨੂੰ ਫਰਿੱਜ 'ਚ ਰੱਖ ਦਿੱਤਾ। ਇਸ ਤੋਂ ਬਾਅਦ ਉਹ ਹਰ ਰਾਤ ਡੇਢ ਤੋਂ ਦੋ ਵਜੇ ਦੇ ਵਿਚਕਾਰ ਮਹਿਰੌਲੀ ਦੇ ਜੰਗਲ ਵਿਚ ਜਾ ਕੇ ਟੁਕੜੇ ਸੁੱਟਦਾ ਸੀ।
- PTC NEWS