Haryana News : ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਘੁੱਗੂ ਪਹਿਲਵਾਨ ਦਾ ਕਤਲ, ਖੂਹ 'ਚੋਂ ਮਿਲੀ ਲਾਸ਼, 27 ਮਾਰਚ ਤੋਂ ਸੀ ਲਾਪਤਾ
Haryana News : ਬਹਾਦੁਰਗੜ੍ਹ ਦੇ ਪਿੰਡ ਮੰਡੌਠੀ ਵਿੱਚ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨਜਾਇਜ਼ ਸਬੰਧਾਂ ਦੇ ਸ਼ੱਕ 'ਚ ਰਾਕੇਸ਼ ਉਰਫ਼ ਘੁੱਗੂ ਪਹਿਲਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਘੱਗੂ ਪਹਿਲਵਾਨ ਨੂੰ ਪਹਿਲਾਂ ਗੋਲੀ ਮਾਰੀ ਗਈ ਅਤੇ ਫਿਰ ਉਸ ਦੇ ਗਲੇ ਵਿਚ ਚੱਕੀ ਦਾ ਵੱਡਾ ਪੱਥਰ ਬੰਨ੍ਹ ਕੇ ਖੂਹ ਵਿਚ ਧੱਕ ਦਿੱਤਾ ਗਿਆ, ਜਿਸ ਕਾਰਨ ਘੱਗੂ ਪਹਿਲਵਾਨ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਘੁੱਗੂ ਪਹਿਲਵਾਨ ਦੀ ਲਾਸ਼ ਬਰਾਮਦ ਕਰ ਲਈ ਹੈ।
ਇਸ ਘਟਨਾ ਦਾ ਖੁਲਾਸਾ ਵੀ ਕਤਲ ਦੇ ਆਰੋਪੀ ਦਵਿੰਦਰ ਨੇ ਕੀਤਾ ਹੈ। ਪੁਲਸ ਨੇ ਇਸ ਮਾਮਲੇ 'ਚ ਆਰੋਪੀ ਦੇਵੇਂਦਰ ਉਰਫ ਸੋਨੂੰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਉਸ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਰਾਕੇਸ਼ ਉਰਫ਼ ਘੁੱਗੂ ਪਹਿਲਵਾਨ ਦਾ ਕਤਲ ਕੀਤਾ ਅਤੇ ਲਾਸ਼ ਨੂੰ ਲੁਕਾਉਣ ਦੀ ਨੀਅਤ ਨਾਲ ਗਲੇ ’ਚ ਪੱਥਰ ਬੰਨ੍ਹ ਕੇ ਖੂਹ ’ਚ ਸੁੱਟ ਦਿੱਤਾ।
ਦਰਅਸਲ, ਰਾਕੇਸ਼ ਉਰਫ਼ ਘੁੱਗੂ ਪਹਿਲਵਾਨ 27 ਮਾਰਚ ਨੂੰ ਲਾਪਤਾ ਹੋ ਗਿਆ ਸੀ। ਕਾਫ਼ੀ ਭਾਲ ਕਰਨ ਤੋਂ ਬਾਅਦ ਪਰਿਵਾਰ ਨੇ 29 ਮਾਰਚ ਨੂੰ ਘੁੱਗੂ ਪਹਿਲਵਾਨ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਲਈ ਪਿੰਡ ਦੇ ਕੁਝ ਲੋਕਾਂ 'ਤੇ ਸ਼ੱਕ ਸੀ। ਜਿਸ ਤੋਂ ਬਾਅਦ ਆਰੋਪੀ ਦੇਵੇਂਦਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਪੁਲਿਸ ਨੂੰ ਸਾਰੀ ਘਟਨਾ ਦੱਸੀ। ਪੁਲੀਸ ਨੇ ਆਰੋਪੀ ਦੀ ਨਿਸ਼ਾਨਦੇਹੀ ’ਤੇ ਲਾਸ਼ ਨੂੰ ਖੂਹ ਵਿੱਚੋਂ ਬਰਾਮਦ ਕਰਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਕੀ ਹੈ ਪੂਰਾ ਮਾਮਲਾ?
ਏਸੀਪੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਆਰੋਪੀ ਦਵਿੰਦਰ ਉਰਫ਼ ਸੋਨੂੰ ਨੂੰ ਸ਼ੱਕ ਸੀ ਕਿ ਘੱਗੂ ਪਹਿਲਵਾਨ ਦੇ ਉਸਦੀ ਭਰਜਾਈ ਨਾਲ ਨਾਜਾਇਜ਼ ਸਬੰਧ ਹਨ। ਉਸਨੇ ਇਹ ਕਤਲ ਸਿਰਫ਼ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਕੀਤਾ। ਉਸਨੇ ਪਹਿਲਾਂ ਰਾਕੇਸ਼ ਨੂੰ ਖੇਤਾਂ ਵਿੱਚ ਬੁਲਾਇਆ ਅਤੇ ਬਾਅਦ ਵਿੱਚ ਉਸਨੂੰ ਪਿੱਛੇ ਤੋਂ ਗੋਲੀ ਮਾਰ ਦਿੱਤੀ।
ਇਸ ਤੋਂ ਬਾਅਦ ਸਰੀਰ ਨੂੰ ਠਿਕਾਣੇ ਲਗਾਉਣ ਲਈ ਪੱਥਰ ਨਾਲ ਬੰਨ੍ਹ ਕੇ ਖੂਹ ਵਿੱਚ ਸੁੱਟ ਦਿੱਤਾ। ਆਰੋਪੀ ਦੀ ਪਛਾਣ 'ਤੇ ਪੁਲਿਸ ਨੇ ਮ੍ਰਿਤਕ ਪਹਿਲਵਾਨ ਦੀ ਲਾਸ਼ ਪਿੰਡ ਦੇ ਖੇਤਾਂ ਵਿੱਚ ਇੱਕ ਖੂਹ ਤੋਂ ਬਰਾਮਦ ਕਰ ਲਈ ਹੈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਲ ਹੋਰ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏਸੀਪੀ ਦਿਨੇਸ਼ ਨੇ ਕਿਹਾ ਕਿ ਜਲਦੀ ਹੀ ਬਾਕੀ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪੁਲਿਸ ਗ੍ਰਿਫ਼ਤਾਰ ਮੁਲਜ਼ਮ ਨੂੰ ਅੱਜ ਬਹਾਦਰਗੜ੍ਹ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਉਸਦੇ ਰਿਮਾਂਡ ਲਈ ਅਪੀਲ ਕੀਤੀ ਜਾਵੇਗੀ ਤਾਂ ਜੋ ਘਟਨਾ ਸਮੇਂ ਵਰਤੇ ਗਏ ਹਥਿਆਰ ਬਰਾਮਦ ਕੀਤੇ ਜਾ ਸਕਣ। ਹੁਣ ਦੇਖਣਾ ਇਹ ਹੈ ਕਿ ਇਸ ਘਟਨਾ ਵਿੱਚ ਸ਼ਾਮਲ ਦੂਜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਨੂੰ ਕਿੰਨਾ ਸਮਾਂ ਲੱਗਦਾ ਹੈ।
- PTC NEWS