Malerkotla News : ਹੋਰਨਾਂ ਪਿੰਡਾਂ ਲਈ ਮਿਸਾਲ ਬਣਿਆ ਪਿੰਡ ਸੰਗਾਲੀ, ਗ੍ਰੰਥੀ ਸਿੰਘ ਨੂੰ ਦਿੱਤਾ 'ਇਮਾਨਦਾਰੀ ਦਾ ਤੋਹਫ਼ਾ'
Malerkotla News : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਕੁੱਝ ਦਿਨ ਪਹਿਲਾਂ ਮਲੇਰਕੋਟਲਾ ਦੇ ਪਿੰਡ ਸੰਗਾਲੀ ਵਿੱਚ ਗ੍ਰੰਥੀ ਸਿੰਘ ਨੂੰ 'ਇਮਾਨਦਾਰੀ ਦਾ ਤੋਹਫ਼ਾ' ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 25 ਸਾਲਾਂ ਦੇ ਸਮੇਂ ਤੋਂ ਵੱਧ ਤੋਂ ਸੇਵਾ ਕਰ ਰਹੇ ਗ੍ਰੰਥੀ ਸਿੰਘ ਨੂੰ ਨਵੀਂ ਕੋਠੀ ਬਣਾ ਕੇ ਦਿੱਤੀ ਹੈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ, ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਐਨਆਰਆਈ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਨ ਕਿ 25 ਸਾਲ ਤੋਂ ਵੱਧ ਸਮੇਂ ਤੋਂ ਹੈਡ ਗ੍ਰੰਥੀ ਵੱਜੋਂ ਸੇਵਾ ਨਿਭਾਅ ਰਹੇ ਚਮਕੌਰ ਸਿੰਘ ਦੇ ਪਰਿਵਾਰ ਨੂੰ ਰਹਿਣ ਲਈ ਇੱਕ ਆਸ਼ੀਆਨਾ ਬਣਾ ਕੇ ਦਿੱਤਾ ਹੈ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ।
ਉਨ੍ਹਾਂ ਦੱਸਿਆ ਕਿ ਪਿੰਡ ਤੋਂ ਦੂਰੋਂ ਆਉਣ ਕਰਕੇ ਹੈਡ ਗ੍ਰੰਥੀ ਭਾਈ ਚਮਕੌਰ ਸਿੰਘ ਦਾ ਆਉਣਾ ਮੁਸ਼ਕਿਲ ਹੁੰਦਾ ਸੀ, ਜਿਸ ਕਾਰਨ ਉਨ੍ਹਾਂ ਨੂੰ ਇਥੇ ਪਿੰਡ ਵਿੱਚ ਹੀ ਇਹ ਰਿਹਾਇਸ਼ ਬਣਾ ਕੇ ਦਿੱਤੀ ਗਈ। ਪ੍ਰਬੰਧਕ ਕਮੇਟੀ ਨੇ ਗੱਲ ਕਰਦਿਆਂ ਦੱਸਿਆ ਕਿ ਇਹ ਬਾਬਾ ਜੀ ਦੀ ਇਮਾਨਦਾਰੀ ਦਾ ਇਨਾਮ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਬਾ ਜੀ ਦੇ ਬੱਚਿਆਂ ਦੀ ਪੜ੍ਹਾਈ ਅਤੇ ਵਿਆਹ ਦਾ ਖਰਚਾ ਵੀ ਕਮੇਟੀ ਹੀ ਕਰੇਗੀ।
ਗ੍ਰੰਥ ਸਿੰਘ ਚਮਕੌਰ ਸਿੰਘ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ, ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਇਮਾਨਦਾਰੀ ਦੇ ਇਸ ਤੋਹਫੇ ਲਈ ਬਹੁਤ-ਬਹੁਤ ਧੰਨਵਾਦ ਕੀਤਾ ਗਿਆ।
- PTC NEWS