Maharashtra Nanded Accident : ਨੰਦੇੜ ਵਿਚ ਦਰਦਨਾਕ ਹਾਦਸਾ , ਮਹਿਲਾ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਟਰੈਕਟਰ ਖੂਹ ਵਿੱਚ ਡਿੱਗਿਆ, 8 ਲੋਕਾਂ ਦੀ ਮੌਤ
Maharashtra Nanded Accident : ਮਹਾਰਾਸ਼ਟਰ (Maharashtra Nanded Accident ) ਦੇ ਨਾਂਦੇੜ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਮਹਿਲਾ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਇੱਕ ਟਰੈਕਟਰ ਖੂਹ ਵਿੱਚ ਡਿੱਗਣ ਨਾਲ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਸਵੇਰੇ 9 ਵਜੇ ਵਾਪਰੀ ,ਜਦੋਂ ਹਿੰਗੋਲੀ ਜ਼ਿਲ੍ਹੇ ਦੀਆਂ ਮਹਿਲਾ ਮਜ਼ਦੂਰਾਂ ਹਲਦੀ ਦੀ ਵਾਢੀ ਲਈ ਟਰੈਕਟਰ 'ਤੇ ਖੇਤਾਂ ਵੱਲ ਜਾ ਰਹੀਆਂ ਸਨ। ਡਰਾਈਵਰ ਨੂੰ ਖੂਹ ਦਾ ਅੰਦਾਜ਼ਾ ਨਹੀਂ ਸੀ, ਜਿਸ ਕਰਕੇ ਟਰੈਕਟਰ ਸਿੱਧਾ ਖੂਹ ਵਿੱਚ ਡਿੱਗ ਗਿਆ।
ਨੰਦੇੜ ਵਿੱਚ ਹੋਏ ਇਸ ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਅਤੇ ਬਚਾਅ ਟੀਮਾਂ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਕੁਝ ਔਰਤਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਦੋਂ ਕਿ ਬਾਕੀਆਂ ਦੀ ਭਾਲ ਜਾਰੀ ਹੈ। ਮੀਂਹ ਕਾਰਨ ਇਲਾਕੇ 'ਚ ਤਿਲਕਣ ਸੀ, ਜਿਸ ਕਾਰਨ ਇਹ ਹਾਦਸਾ ਹੋਇਆ। ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਮੌਕੇ 'ਤੇ ਮੌਜੂਦ ਹਨ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ
ਖੂਹ ਵਿੱਚ ਫਸੇ ਮਜ਼ਦੂਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜ਼ਿਲ੍ਹਾ ਪ੍ਰਸ਼ਾਸਨ ਵੀ ਮਜ਼ਦੂਰਾਂ ਨੂੰ ਜਲਦੀ ਤੋਂ ਜਲਦੀ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲਿਸ ਇਨ੍ਹਾਂ ਵਿੱਚੋਂ ਦੋ ਔਰਤਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਵਿੱਚ ਸਫਲ ਰਹੀ ਹੈ। ਹਾਲਾਂਕਿ, ਟਰੈਕਟਰ ਟਰਾਲੀ ਅਤੇ ਕੁਝ ਔਰਤਾਂ ਅਜੇ ਵੀ ਇਸ ਖੂਹ ਵਿੱਚ ਡਿੱਗੀਆਂ ਪਈਆਂ ਹਨ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
ਇਲਾਕੇ ਵਿੱਚ ਸੋਗ ਦਾ ਮਾਹੌਲ
ਸਥਾਨਕ ਪੁਲਿਸ ਅਤੇ ਹੋਰ ਬਚਾਅ ਟੀਮਾਂ ਨੇ ਟਰੈਕਟਰ ਅਤੇ ਟਰਾਲੀ ਨੂੰ ਖੂਹ ਵਿੱਚੋਂ ਕੱਢਣ ਲਈ ਕ੍ਰੇਨ ਬੁਲਾਈ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਟਰੈਕਟਰ 'ਤੇ ਕਿੰਨੇ ਲੋਕ ਸਵਾਰ ਸਨ। ਇਸ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਬਣ ਗਿਆ। ਟਰੈਕਟਰ 'ਤੇ ਸਵਾਰ ਔਰਤਾਂ ਹਿੰਗੋਲੀ ਜ਼ਿਲ੍ਹੇ ਦੇ ਵਸਮਤ ਤਾਲੁਕਾ ਦੇ ਭੁਜ ਪਿੰਡ ਦੀਆਂ ਰਹਿਣ ਵਾਲੀਆਂ ਸਨ। ਇਸ ਦਰਦਨਾਕ ਹਾਦਸੇ ਕਾਰਨ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
- PTC NEWS