Triple Murder: ਸਾਬਕਾ ਪੁਲਿਸ ਅਫ਼ਸਰ ਸਣੇ ਪਰਿਵਾਰ ਦੇ ਦੋ ਹੋਰ ਜੀਆਂ ਨੂੰ ਸੱਟਾਂ ਮਾਰ-ਮਾਰ ਉਤਾਰਿਆ ਮੌਤ ਦੇ ਘਾਟ
ਲੁਧਿਆਣਾ: ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਟ ਵਿੱਚ ਇੱਕ ਸੇਵਾਮੁਕਤ ਪੁਲਿਸ ਏ.ਐਸ.ਆਈ ਸਣੇ ਉਸਦੀ ਪਤਨੀ ਅਤੇ ਜਵਾਨ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਤਿੰਨਾਂ ਦੀਆਂ ਲਾਸ਼ਾਂ ਐਤਵਾਰ ਦੇਰ ਰਾਤ ਉਨ੍ਹਾਂ ਦੀ ਰਿਹਾਇਸ਼ ਵਿੱਚੋਂ ਮਿਲੀਆਂ। ਜਾਂਚ 'ਚ ਜੁਟੇ ਪੁਲਿਸ ਅਧਿਆਕਰੀਆਂ ਦਾ ਕਹਿਣਾ ਕਿ ਮ੍ਰਿਤਕਾਂ 'ਤੇ ਭਾਰੀ ਲੋਹੇ ਦੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਹਮਲਾਵਰਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋਵੇਗੀ।
ਇੱਕੋ ਪਰਿਵਾਰ ਦੇ ਤਿੰਨ ਜੀਅ ਹਲਾਕ
ਹੰਬੜਾਂ ਪੁਲਿਸ ਥਾਣੇ ਦੇ ਪਿੰਡ ਨੂਰਪੁਰ ਬੇਟ ਵਿਖੇ ਇੱਕੋ ਪਰਿਵਾਰ ਦੇ 3 ਜੀਆਂ ਦਾ ਕਤਲ ਹੋਣ ਦਾ ਦਿਲ ਕੰਬਾਊ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੂੰ ਇਸ ਦੀ ਸੂਚਨਾ ਦੇਰ ਸ਼ਾਮ ਮਿਲੀ। ਭਾਵੇਂ ਕਿ ਮੁਕੰਮਲ ਵੇਰਵਿਆਂ ਦੀ ਉਡੀਕ ਹੈ ਪਰ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਸਾਬਕਾ ਪੁਲਿਸ ਕਰਮਚਾਰੀ ਕੁਲਦੀਪ ਸਿੰਘ (65) ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੇ ਨੌਜਵਾਨ ਪੁੱਤਰ ਪਾਲੀ ਗਰੇਵਾਲ (22) ਦੀਆਂ ਲਾਸ਼ਾਂ ਖੂਨ ਨਾਲ ਲਥਪਥ ਵੇਖੀਆਂ। ਪਹਿਲੀ ਨਜ਼ਰੇ ਇੰਝ ਜਾਪਦਾ ਹੈ ਕਿ ਸਿਰ ਵਿੱਚ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੀ ਜਾਂਚ ਲੱਡੋਵਾਲ ਦੇ ਐਸ.ਐਚ.ਓ ਜਗਦੇਵ ਸਿੰਘ ਧਾਲੀਵਾਲ ਤੇ ਚੌਕੀ ਇੰਚਾਰਜ ਹੰਬੜਾਂ ਗੁਰਮੀਤ ਸਿੰਘ ਦੇ ਉੱਚ ਅਧਿਕਾਰੀ ਬਰੀਕੀ ਨਾਲ ਕਰ ਰਹੇ ਹਨ।
ਬੇਟੀ ਦੇ ਫੋਨ ਤੋਂ ਬਾਅਦ ਹੋਇਆ ਕਤਲਾਂ ਦਾ ਖ਼ੁਲਾਸਾ
ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨ ਕਤਲ ਸ਼ਨਿੱਚਰਵਾਰ ਦੇਰ ਰਾਤ ਹੋਏ ਹੋਣਗੇ। ਮ੍ਰਿਤਕ ਸਾਬਕਾ ਪੁਲਿਸ ਅਧਿਕਾਰੀ ਦੀ ਦੀ ਬੇਟੀ ਦੀ ਸ਼ਨਿੱਚਰਵਾਰ ਦੇਰ ਸ਼ਾਮ ਪਰਿਵਾਰ ਨਾਲ ਫੋਨ 'ਤੇ ਗੱਲਬਾਤ ਹੋਈ ਸੀ। ਪਰ ਅਗਲੇ ਹੀ ਦਿਨ ਬੇਟੀ ਨੇ ਮਾਤਾ-ਪਿਤਾ ਅਤੇ ਭਰਾ ਨੂੰ ਕਈ ਫੋਨ ਕੀਤੇ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਫ਼ੋਨ ਨਾ ਚੁੱਕਣ 'ਤੇ ਕੁੜੀ ਨੇ ਰਿਸ਼ਤੇਦਾਰਾਂ ਨੂੰ ਫ਼ੋਨ ਕੀਤਾ। ਜਿਨ੍ਹਾਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ।
ਕੋਠੀ ਦੇ ਤਾਲੇ ਤੋੜ ਮਿਲੀਆਂ ਲਾਸ਼ਾਂ
ਪਿੰਡ ਦੇ ਸਰਪੰਚ ਨੇ ਪੀ.ਸੀ.ਆਰ ਦਸਤੇ ਨਾਲ ਮੌਕੇ ’ਤੇ ਪਹੁੰਚ ਤਾਲਾ ਤੋੜਿਆ ਤਾਂ ਤਿੰਨੇ ਪਰਿਵਾਰਿਕ ਮ੍ਰਿਤਕ ਦੇਹਾਂ ਸਾਹਮਣੇ ਪਈਆਂ ਮਿਲੀਆਂ। ਹਾਸਿਲ ਜਾਣਕਾਰੀ ਮੁਤਾਬਕ ਸੇਵਾਮੁਕਤ ਏ.ਐਸ.ਆਈ ਦੀ ਲਾਸ਼ ਘਰ ਦੀ ਲਾਬੀ ਵਿੱਚ ਫਰਸ਼ ’ਤੇ ਪਈ ਮਿਲੀ। ਜਦ ਕਿ ਬੇਟੇ ਅਤੇ ਮਾਂ ਦੀਆਂ ਲਾਸ਼ਾਂ ਕਮਰੇ 'ਚ ਇੱਕੋ ਬੈੱਡ 'ਤੇ ਪਈਆਂ ਸਨ।
ਕਤਲ ਦੇ ਸਮੇਂ ਸੌਂ ਰਿਹਾ ਸੀ ਪਰਿਵਾਰ
ਸੂਚਨਾ ਮਿਲਣ 'ਤੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਸਮੇਤ ਹੋਰ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਜਿਸ ਤੋਂ ਬਾਅਦ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੁੱਤੇ ਪਏ ਪਰਿਵਾਰ 'ਤੇ ਹਮਲਾ ਹੋਇਆ ਹੈ। ਫਿਲਹਾਲ ਤਿੰਨੋਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰਾ ਮਾਮਲਾ ਸਪੱਸ਼ਟ ਹੋਵੇਗਾ।
ਹਮਲਾਵਰ ਖਿੜਕੀ ਰਾਹੀਂ ਹੋਏ ਦਾਖਲ
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਦੋਸਤਾਨਾ ਰੰਜਿਸ਼ ਦਾ ਜਾਪਦਾ ਹੈ। ਕੁਲਦੀਪ ਸਿੰਘ ਦੇ ਘਰ ਵਾਟਰ ਸਪਲਾਈ ਆਦਿ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਲੇਬਰ ਲੱਗੀ ਹੋਈ ਸੀ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮਜ਼ਦੂਰ ਕਿਸ ਸਮੇਂ ਘਰੇ ਆਏ ਅਤੇ ਕਿਸ ਸਮੇਂ ਚਲੇ ਗਏ ਸਨ। ਉੱਥੇ ਹੀ ਘਰ ਦੇ ਕੋਲ ਇੱਕ ਪੌੜੀ ਵੀ ਪਈ ਮਿਲੀ ਹੈ। ਪੁਲਿਸ ਵਲੋਂ ਇਹ ਸ਼ੱਕ ਜਤਾਇਆ ਜਾ ਰਿਹਾ ਕਿ ਹਮਲਾਵਰ ਇਸ ਪੌੜੀ ਰਾਹੀਂ ਅੰਦਰ ਦਾਖ਼ਲ ਹੋਏ ਹੋ ਸਕਦੇ ਹਨ।
ਹਮਲਾਵਰਾਂ ਨੇ ਸਿਰ ਅਤੇ ਚਿਹਰੇ 'ਤੇ ਕੀਤੇ ਵਾਰ
ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੇਵਾਮੁਕਤ ਏ.ਐਸ.ਆਈ ਦੀ ਲਾਸ਼ ਘਰ ਦੀ ਲਾਬੀ ਵਿੱਚ ਫਰਸ਼ ’ਤੇ ਪਈ ਮਿਲੀ, ਪਤਨੀ ਪਰਮਜੀਤ ਕੌਰ ਅਤੇ ਜਵਾਨ ਮੁੰਡੇ ਗੁਰਵਿੰਦਰ ਸਿੰਘ ਮੰਜੇ ’ਤੇ ਮਰੇ ਪਏ ਮਿਲੇ। ਹਮਲਾਵਰਾਂ ਨੇ ਸਿਰ ਅਤੇ ਚਿਹਰੇ 'ਤੇ ਸੱਟਾਂ ਮਾਰੀਆਂ ਸਨ। ਹਮਲਾਵਰਾਂ ਨੇ ਤਿੰਨਾਂ ਦਾ ਦਰਦਨਾਕ ਢੰਗ ਨਾਲ ਕਤਲ ਕੀਤਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮਰਨ ਵਾਲੇ ਤਿੰਨਾਂ ਦੀਆਂ ਲਾਸ਼ਾਂ ਦਾ ਖੂਨ ਵਗ-ਵਗ ਸੁੱਕ ਗਿਆ ਸੀ ਅਤੇ ਲਾਸ਼ਾਂ ਸੜਨ ਲੱਗ ਪਈਆਂ ਸਨ। ਪੁਲਿਸ ਨੂੰ ਸ਼ੱਕ ਹੈ ਕਿ 24 ਘੰਟੇ ਪਹਿਲਾਂ ਉਨ੍ਹਾਂ ਦਾ ਕਤਲ ਕੀਤਾ ਗਿਆ ਹੋਵੇਗਾ। ਇਹ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਜ਼ਦੂਰਾਂ ਦੇ ਜਾਣ ਮਗਰੋਂ ਹਮਲਾਵਰਾਂ ਨੇ ਘਰ ਦੇ ਅੰਦਰ ਵੜ ਮੁੱਖ ਦਰਵਾਜ਼ੇ ਨੂੰ ਅੰਦਰੋਂ ਬੰਦ ਕਰ ਦਿੱਤਾ ਅਤੇ ਕਤਲ ਕਰਨ ਤੋਂ ਬਾਅਦ ਖਿੜਕੀ ਰਾਹੀਂ ਫਰਾਰ ਹੋ ਗਏ।
ਘਰ ਦੀ ਭੰਨਤੋੜ ਕੀਤੀ, ਸਾਮਾਨ ਖਿੱਲਰਿਆ ਮਿਲਿਆ
ਸੂਤਰਾਂ ਦੇ ਮੁਤਾਬਕ ਇਨ੍ਹਾਂ ਤਿੰਨਾਂ ਦੇ ਕਤਲ ਦੀ ਵਾਰਦਾਤ ਨੂੰ ਬੰਗਾਲਾ ਗਰੁੱਪ ਲੁਟੇਰਾ ਗਿਰੋਹ ਨੇ ਅੰਜਾਮ ਦਿੱਤਾ ਹੈ। ਘਰ ਦੇ ਵਿੱਚੋਂ ਨਗਦੀ ਅਤੇ ਕੈਸ਼ ਵੀ ਚੋਰੀ ਹੋਇਆ ਹੈ। ਮ੍ਰਿਤਕ ਦੀ ਪਤਨੀ ਦੇ ਕੰਨਾਂ ਦੇ ਵਿਚੋਂ ਵਾਲੀਆਂ ਵੀ ਖਿੱਚ ਕੇ ਲੁਟੇਰੇ ਲੈ ਗਏ ਹਨ। ਮ੍ਰਿਤਕ ਸਾਬਕਾ ਏ.ਐਸ.ਆਈ ਕੁਲਦੀਪ ਸਿੰਘ ਦਾ ਲਾਇਸੰਸੀ ਰਿਵਾਲਵਰ ਵੀ ਗਾਇਬ ਹੈ।
ਬੇਟੇ ਦਾ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ
ਮਹਿਲਾ ਸੈੱਲ ਵਿੱਚ ਤਾਇਨਾਤ ਕੁਲਦੀਪ ਸਿੰਘ ਸਾਲ 2019 ਵਿੱਚ ਸੇਵਾਮੁਕਤ ਹੋਏ ਸਨ। ਬੇਟੇ ਗੁਰਵਿੰਦਰ ਸਿੰਘ ਉਰਫ ਪਾਲੀ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦੀ ਪਤਨੀ ਗਰਭਵਤੀ ਦੱਸੀ ਜਾ ਰਹੀ ਹੈ। ਪਾਲੀ ਦੋ ਦਿਨ ਪਹਿਲਾਂ ਹੀ ਆਪਣੀ ਪਤਨੀ ਨੂੰ ਪਿੰਡ ਪਾਇਲ ਨੇੜੇ ਉਸਦੇ ਪੇਕੇ ਘਰ ਛੱਡ ਕਿ ਆਇਆ ਸੀ।
ਇਹ ਵੀ ਪੜ੍ਹੋ:
- ਠੱਗਾਂ ਨੇ ਭਾਜਪਾ ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦਾ ਲਾਲਚ ਦੇ ਮਾਰੀ ਠੱਗੀ
- ਸੋਸ਼ਲ ਮੀਡੀਆ 'ਤੇ ਵਿਰੋਧ ਕਾਰਨ ਮੁਲਤਵੀ ਹੋਇਆ ਭਾਜਪਾ ਨੇਤਾ ਦੀ ਧੀ ਦਾ ਵਿਆਹ
- PTC NEWS