Ludhiana Buddha Nullah Updates : ਬੁੱਢੇ ਨਾਲੇ ਨੂੰ ਬੰਨ੍ਹ ਮਾਰਨ ਦੀ ਕੋਸ਼ਿਸ਼; ਡਾਇੰਗ ਇੰਡਸਟਰੀ ਵੱਲੋਂ ਵਿਰੋਧ, ਮਾਹੌਲ ਤਣਾਅਪੂਰਨ
Ludhiana Buddha Nullah : ਲੁਧਿਆਣਾ ’ਚ ਸਥਿਤ ਬੁੱਢਾ ਨਾਲੇ ਦੇ ਕਾਲੇ ਪਾਣੀ ਨੂੰ ਲੈ ਕੇ ਸ਼ਹਿਰ ’ਚ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਹੈ। ਦੱਸ ਦਈਏ ਕਿ ਡਾਇੰਗ ਇੰਡਸਟਰੀ ਅਤੇ ਪਬਲਿਕ ਐਕਸ਼ਨ ਕਮੇਟੀ ਵੇਰਕਾ ਮਿਲਕ ਪਲਾਂਟ ਇਸ ਸਮੇਂ ਆਹਮੋ ਸਾਹਮਣੇ ਹੋਏ ਪਏ ਹਨ। ਦਰਅਸਲ ਪਬਲਿਕ ਐਕਸ਼ਨ ਕਮੇਟੀ ਵੇਰਕਾ ਮਿਲਕ ਪਲਾਂਟ ਵੱਲੋਂ ਬੁੱਢੇ ਨਾਲੇ ਨੂੰ ਬੰਨ੍ਹ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ 23 ਜਥੇਬੰਦੀਆਂ ਵੱਲੋਂ ਬੁੱਢੇ ਨਾਲੇ ਨੂੰ ਬੰਨ੍ਹ ਮਾਰਨ ਦਾ ਐਲਾਨ ਕੀਤਾ ਗਿਆ ਹੈ। ਇੱਕ ਪਾਸੇ ਡਾਇੰਗ ਇੰਡਸਟਰੀ ਦੇ ਮਾਲਕ ਮਜ਼ਦੂਰਾਂ ਨੂੰ ਇਕੱਠੇ ਕਰਕੇ ਘੇਰਾਬੰਦੀ ਕਰਕੇ ਬੈਠੇ ਹੋਏ ਹਨ ਅਤੇ ਦੂਜੇ ਪਾਸੇ ਪਬਲਿਕ ਐਕਸ਼ਨ ਕਮੇਟੀ ਵੇਰਕਾ ਮਿਲਕ ਪਲਾਂਟ ਦੇ ਕੋਲ ਇੱਕ ਵੱਡਾ ਇਕੱਠ ਕਰਕੇ ਬੈਠੇ ਹੋਏ ਹਨ। ਜੋ ਕਿ ਬੁੱਢੇ ਨਾਲੇ ਨੂੰ ਬੰਨ੍ਹ ਲਾਉਣ ਦੇ ਲਈ ਆਏ ਹਨ।
ਲੁਧਿਆਣਾ ’ਚ ਮਾਹੌਲ ਹੋਇਆ ਤਣਾਅਪੂਰਨ
ਲੁਧਿਆਣਾ ਦੇ ਜੇਕਰ ਤਾਜ਼ਾ ਹਲਾਤਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਮਾਹੌਲ ਕਾਫੀ ਤਣਾਅਪੂਰਨ ਹੋਇਆ ਪਿਆ ਹੈ। ਪੁਲਿਸ ਨੇ ਐਕਸ਼ਨ ਕਮੇਟੀ ਦੇ 10 ਤੋਂ 15 ਆਗੂਆਂ ਨੂੰ ਹਿਰਾਸਤ ’ਚ ਲਿਆ ਹੈ। ਪੂਰੇ ਇਲਾਕੇ ’ਚ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਹੈ। ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਦੇ ਲਈ ਪੁਲਿਸ ਨੇ ਉਨ੍ਹਾਂ ’ਤੇ ਲਾਠੀਚਾਰਜ ਵੀ ਕੀਤਾ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਪਬਲਿਕ ਐਕਸ਼ਨ ਕਮੇਟੀ ਦੇ ਹੱਕ ’ਚ
ਉੱਥੇ ਹੀ ਦੂਜੇ ਪਾਸੇ ਪਬਲਿਕ ਐਕਸ਼ਨ ਕਮੇਟੀ ਦੇ ਹੱਕ ’ਚ ਬਲਬੀਰ ਸਿੰਘ ਰਾਜੇਵਾਲ ਨਿਤਰੇ ਹਨ। ਇਨ੍ਹਾਂ ਤੋਂ ਇਲਾਵਾ ਨਿਹੰਗਾ ਸਿੰਘਾਂ ਨੇ ਵੀ ਲੁਧਿਆਣਾ ਦੇ ਤਾਜਪੁਰ ਰੋਡ ’ਤੇ ਧਰਨਾ ਲਾਇਆ ਹੋਇਆ ਹੈ।
ਜਿਸ ਦੇ ਚੱਲਦੇ ਪੁਲਿਸ ਨੇ ਪੂਰੇ ਲੁਧਿਆਣਾ ਸ਼ਹਿਰ ’ਚ ਨਾਕੇਬੰਦੀ ਕੀਤੀ ਹੋਈ ਹੈ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਜਾ ਰਹੇ ਦਲ ਖਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਪੁਲਿਸ ਨੇ ਹਾਊਸ ਅਰੈਸਟ ਕੀਤਾ ਹੈ। ਦੱਸ ਦਈਏ ਕਿ ਬਾਬਾ ਹਰਦੀਪ ਸਿੰਘ ਨੂੰ ਲੁਧਿਆਣਾ ਜਾਣ ਤੋਂ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਘਰ ਅਤੇ ਘਰ ਦੇ ਬਾਹਰ ਤੈਨਾਤ ਕੀਤੀ ਗਈ ਹੈ।
ਇਸ ਦੌਰਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਰਾਤ ਹੀ ਉਹਨਾਂ ਦੇ ਘਰ ਅਤੇ ਘਰ ਦੇ ਬਾਹਰ ਡੇਰੇ ਲਾਏ ਹੋਏ ਹਨ ਅਤੇ ਘਰ ਤੋਂ ਬਾਹਰ ਨਿਕਲਣ ਦੀ ਇਜ਼ਾਜਤ ਹੀ ਨਹੀਂ ਦੇ ਰਹੀ ਹੈ।
ਪੁਲਿਸ ਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਧੱਕਾਮੁੱਕੀ
ਦੱਸ ਦਈਏ ਕਿ ਬੁੱਢੇ ਨਾਲੇ ਨੂੰ ਲੈ ਕੇ ਤਾਜਪੁਰ ਰੋਡ ’ਤੇ ਪੁਲਿਸ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਿਚਾਲੇ ਧੱਕਾਮੁੱਕੀ ਹੋਈ। ਇਸ ਦੌਰਾਨ ਸਿੱਖ ਨੌਜਵਾਨ ਦੀ ਪੱਗ ਵੀ ਉਤਰੀ। ਜਿਸ ਨੂੰ ਥਾਣੇ ਲਿਜਾ ਕੇ ਪੁਲਿਸ ਮੁਲਾਜ਼ਮ ਨੇ ਖ਼ੁਦ ਸਿੱਖ ਨੌਜਵਾਨ ਦੀ ਪੱਗ ਬਣੀ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਪਹੁੰਚੇ ਸੁਖਬੀਰ ਸਿੰਘ ਬਾਦਲ, ਵਾਹਿਗੁਰੂ ਦਾ ਜਾਪ ਕਰਦੇ ਹੋਏ ਵੀਲ੍ਹ ਚੇਅਰ 'ਤੇ ਬੈਠ ਕੇ ਨਿਭਾਅ ਰਹੇ ਸੇਵਾ
- PTC NEWS