Lucknow Murder Case Update : ਧਰਮ ਪਰਿਵਰਤਨ, ਮੰਦਿਰ 'ਤੇ ਕਬਜ਼ਾ, ਕੁੜੀਆਂ ਦੀ ਤਸਕਰੀ, ਮੁਸਲਮਾਨਾਂ ਖਿਲਾਫ ਅਪੀਲ... ਕਤਲ ਤੋਂ ਪਹਿਲਾਂ ਮੁਲਜ਼ਮ ਅਰਸ਼ਦ ਨੇ ਕੀਤੇ ਇਹ ਵੱਡੇ ਖੁਲਾਸੇ
Lucknow Murder Case Update : ਨਵੇਂ ਸਾਲ ਦੇ ਪਹਿਲੇ ਦਿਨ ਹੀ ਉੱਤਰ ਪ੍ਰਦੇਸ਼ ਦਾ ਲਖਨਊ ਇੱਕ ਖ਼ੌਫ਼ਨਾਕ ਕਤਲ ਨੇ ਹਿਲਾ ਕੇ ਰੱਖ ਦਿੱਤਾ ਹੈ। ਹੋਟਲ ਸ਼ਰਨਜੀਤ 'ਚ ਅਰਸ਼ਦ ਨਾਂ ਦੇ ਵਿਅਕਤੀ ਨੇ ਆਪਣੀ ਹੀ ਮਾਂ ਅਤੇ 4 ਭੈਣਾਂ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਅਰਸ਼ਦ ਨੇ ਆਪਣੇ ਦੋਸ਼ਾਂ ਨੂੰ ਕਬੂਲ ਕਰਦਿਆਂ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਮੁਲਜ਼ਮ ਨੇ ਇਹ ਵੀ ਦੱਸਿਆ ਹੈ ਕਿ ਇਸ ਕਤਲ ਨੂੰ ਅੰਜਾਮ ਦੇਣ ਵਿੱਚ ਉਸ ਦੇ ਪਿਤਾ ਨੇ ਵੀ ਉਸ ਦੀ ਮਦਦ ਕੀਤੀ ਹੈ।
ਮੁਲਜ਼ਮ ਨੇ ਕੀ ਦੱਸਿਆ?
ਪੁਲਿਸ ਕੋਲ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਅਰਸ਼ਦ ਨੇ ਆਪਣੀਆਂ ਚਾਰ ਭੈਣਾਂ ਅਤੇ ਮਾਂ ਦੀ ਹੱਤਿਆ ਕਰਨ ਦੀ ਘਟਨਾ ਕਬੂਲ ਕਰਦਿਆਂ ਕਿਹਾ ਕਿ ਉਸ ਨੇ ਇਲਾਕੇ ਦੇ ਲੋਕਾਂ ਦੇ ਡਰ ਕਾਰਨ ਇਹ ਕਤਲ ਕੀਤਾ ਹੈ। ਅਰਸ਼ਦ ਨੇ ਦੱਸਿਆ ਕਿ ਇਲਾਕੇ ਦੇ ਲੋਕ ਉਸ ਦੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ। ਉਸ ਨੂੰ ਡਰ ਸੀ ਕਿ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਉਸ ਦੀ ਮਾਂ ਅਤੇ ਭੈਣ ਦਾ ਕੀ ਹੋਵੇਗਾ, ਇਸ ਲਈ ਉਸ ਨੇ ਉਨ੍ਹਾਂ ਨੂੰ ਮਾਰਨ ਦਾ ਫੈਸਲਾ ਕੀਤਾ।
ਇੰਝ ਕੀਤਾ ਕਤਲ
ਮੁਲਜ਼ਮ ਅਰਸ਼ਦ ਨੇ ਦੱਸਿਆ ਕਿ ਉਹ ਪਹਿਲਾਂ ਪਰਿਵਾਰ ਨੂੰ ਅਜਮੇਰ ਲੈ ਗਿਆ ਅਤੇ ਫਿਰ ਯੂਪੀ ਦੇ ਲਖਨਊ ਲੈ ਗਿਆ ਅਤੇ ਸਾਰਿਆਂ ਨੂੰ ਇੱਕ ਹੋਟਲ ਵਿੱਚ ਠਹਿਰਾਇਆ। ਰਾਤ ਨੂੰ ਉਸ ਨੇ ਉਨ੍ਹਾਂ ਨੂੰ ਸ਼ਰਾਬ ਪਿਲਾਈ ਅਤੇ ਕਈਆਂ ਦੇ ਮੂੰਹ ਵਿੱਚ ਕੱਪੜਾ ਪਾ ਕੇ ਉਨ੍ਹਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਬਲੇਡ ਨਾਲ ਕਈਆਂ ਦੇ ਗੁੱਟ ਕੱਟ ਦਿੱਤੇ। ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਇਸ ਕੰਮ ਵਿੱਚ ਉਸ ਦੇ ਪਿਤਾ ਨੇ ਵੀ ਮਦਦ ਕੀਤੀ ਹੈ।
ਖੁਦ ਪਹੁੰਚਿਆ ਥਾਣੇ
ਇਸ ਕਤਲ ਤੋਂ ਬਾਅਦ ਅਰਸ਼ਦ ਆਪਣੇ ਪਿਤਾ ਨੂੰ ਰੇਲਵੇ ਸਟੇਸ਼ਨ 'ਤੇ ਛੱਡ ਗਿਆ ਅਤੇ ਖੁਦ ਪੁਲਿਸ ਸਟੇਸ਼ਨ ਪਹੁੰਚ ਕੇ ਘਟਨਾ ਦੀ ਜਾਣਕਾਰੀ ਦਿੱਤੀ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਵਾਰਦਾਤ ’ਚ ਵਰਤਿਆ ਗਿਆ ਕਤਲ ਬਲੇਡ ਅਤੇ ਸਕਾਰਫ਼ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮ ਕੋਲੋਂ ਘਟਨਾ ਸਬੰਧੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹਰੇਕ ਤੱਥ ਸਬੰਧੀ ਸਬੂਤ ਇਕੱਠੇ ਕਰਕੇ ਤਸਦੀਕ ਕੀਤੇ ਜਾ ਰਹੇ ਹਨ।
ਸੀਐਮ ਯੋਗੀ ਨੂੰ ਕੀਤੀ ਅਪੀਲ
ਇਸ ਕਤਲੇਆਮ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਵੀਡੀਓ ਵੀ ਬਣਾਈ ਗਈ ਸੀ। ਵੀਡੀਓ 'ਚ ਅਰਸ਼ਦ ਨੇ ਆਪਣੇ ਇਲਾਕੇ ਦੇ ਲੋਕਾਂ 'ਤੇ ਇਲਜ਼ਾਮ ਲਾਏ ਹਨ। ਉਸਨੇ ਕਿਹਾ ਹੈ ਕਿ ਇਲਾਕੇ ਦੇ ਲੋਕ ਉਸਦੀ ਭੈਣ ਨੂੰ ਹੈਦਰਾਬਾਦ ਵਿੱਚ ਵੇਚਣਾ ਚਾਹੁੰਦੇ ਸੀ। ਇਲਾਕੇ ਦੇ ਲੋਕ ਉਸ ਦੀ ਜ਼ਮੀਨ 'ਤੇ ਕਬਜ਼ਾ ਕਰਨ 'ਚ ਲੱਗੇ ਹੋਏ ਸਨ। ਮੁਸਲਮਾਨਾਂ ਦੇ ਅੱਤਿਆਚਾਰਾਂ ਤੋਂ ਪ੍ਰੇਸ਼ਾਨ ਅਰਸ਼ਦ ਹਿੰਦੂ ਧਰਮ ਧਾਰਨ ਕਰਨਾ ਚਾਹੁੰਦਾ ਸੀ। ਅਰਸ਼ਦ ਨੇ ਵੀਡੀਓ ਵਿੱਚ ਸੀਐਮ ਯੋਗੀ ਨੂੰ ਵੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸੀਐਮ ਯੋਗੀ ਨੂੰ ਕਿਹਾ ਕਿ ਤੁਸੀਂ ਜੋ ਵੀ ਕਰ ਰਹੇ ਹੋ, ਚੰਗਾ ਕਰ ਰਹੇ ਹੋ। ਜ਼ਿੰਮੇਵਾਰ ਲੋਕਾਂ ਨੂੰ ਨਾ ਬਖਸ਼ੋ। ਇਹ ਦੋਸ਼ੀ ਲੋਕ ਨਕਲੀ ਨੋਟਾਂ ਦਾ ਕਾਰੋਬਾਰ ਵੀ ਕਰਦੇ ਹਨ।
ਇਹ ਵੀ ਪੜ੍ਹੋ : Lucknow Murder News : ਨਵੇਂ ਸਾਲ ਮੌਕੇ ਰੂਹ ਕੰਬਾਉ ਵਾਰਦਾਤ ਨਾਲ ਕੰਬਿਆ ਲਖਨਊ; ਨੌਜਵਾਨ ਨੇ ਮਾਂ ਸਣੇ 4 ਭੈਣਾਂ ਦਾ ਕੀਤਾ ਕਤਲ
- PTC NEWS