Waqf Amendment Bill Passed : ਲੋਕ ਸਭਾ 'ਚ ਪਾਸ ਹੋਇਆ ਵਕਫ਼ ਸੋਧ ਬਿੱਲ, ਹੱਕ 'ਚ 288 ਪਈਆਂ ਵੋਟਾਂ, ਜਾਣੋ ਕੀ ਹੁੰਦਾ ਹੈ ਵਕਫ਼
Waqf Amendment Bill Passed : ਵਕਫ਼ ਸੋਧ ਬਿੱਲ ਲੋਕ ਸਭਾ ਵਿੱਚ ਪਾਸ ਹੋ ਗਿਆ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦੇਰ ਰਾਤ 1.56 ਵਜੇ ਇਹ ਐਲਾਨ ਕੀਤਾ। ਬਿੱਲ ਦੇ ਹੱਕ ਵਿੱਚ 288 ਵੋਟਾਂ ਪਈਆਂ, ਜਦਕਿ ਇਸਦੇ ਵਿਰੁੱਧ 232 ਵੋਟਾਂ ਪਈਆਂ। ਹੁਣ ਇਸਨੂੰ ਰਾਜ ਸਭਾ ਵਿੱਚ ਭੇਜਿਆ ਜਾਵੇਗਾ। ਭਾਜਪਾ ਦੇ ਗੱਠਜੋੜ ਭਾਈਵਾਲਾਂ ਨੇ ਇਸ ਬਿੱਲ ਦਾ ਖੁੱਲ੍ਹ ਕੇ ਸਮਰਥਨ ਕੀਤਾ।
ਹਾਲਾਂਕਿ, ਵਿਰੋਧੀ ਧਿਰ ਨੇ ਬਿੱਲ ਦਾ ਵਿਰੋਧ ਕੀਤਾ। ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਘੱਟ ਗਿਣਤੀਆਂ ਲਈ ਦੁਨੀਆ ਵਿੱਚ ਭਾਰਤ ਤੋਂ ਵੱਧ ਸੁਰੱਖਿਅਤ ਜਗ੍ਹਾ ਨਹੀਂ ਹੈ ਅਤੇ ਉਹ ਸੁਰੱਖਿਅਤ ਹਨ ਕਿਉਂਕਿ ਬਹੁਗਿਣਤੀ ਪੂਰੀ ਤਰ੍ਹਾਂ ਧਰਮ ਨਿਰਪੱਖ ਹੈ।
ਵਕਫ਼ (ਸੋਧ) ਬਿੱਲ-2025 'ਤੇ ਲਗਭਗ 12 ਘੰਟੇ ਚੱਲੀ ਬਹਿਸ ਦਾ ਜਵਾਬ ਦਿੰਦੇ ਹੋਏ, ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਿਜੀਜੂ ਨੇ ਕਿਹਾ ਕਿ ਪਾਰਸੀਆਂ ਵਰਗੇ ਛੋਟੇ ਘੱਟ ਗਿਣਤੀ ਭਾਈਚਾਰੇ ਵੀ ਭਾਰਤ ਵਿੱਚ ਸੁਰੱਖਿਅਤ ਹਨ ਅਤੇ ਸਾਰੀਆਂ ਘੱਟ ਗਿਣਤੀਆਂ ਇੱਥੇ ਮਾਣ ਨਾਲ ਰਹਿੰਦੀਆਂ ਹਨ।
ਬਿੱਲ 'ਤੇ ਬਹਿਸ ਦੌਰਾਨ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਕਿਹਾ ਕਿ ਅਸੀਂ ਵਕਫ਼ ਨਾਲ ਕੋਈ ਛੇੜਛਾੜ ਨਹੀਂ ਕੀਤੀ ਹੈ। ਵਕਫ਼ ਬੋਰਡ ਅਤੇ ਵਕਫ਼ ਕੌਂਸਲ ਲਈ ਸੋਧਾਂ ਕੀਤੀਆਂ ਗਈਆਂ ਹਨ। ਇਸਦਾ ਕੰਮਕਾਜ ਪ੍ਰਬੰਧਕੀ ਹੈ। ਵਕਫ਼ ਬੋਰਡ ਨੂੰ ਧਾਰਮਿਕ ਗਤੀਵਿਧੀਆਂ ਨਹੀਂ ਕਰਨੀਆਂ ਚਾਹੀਦੀਆਂ। ਇਸ ਦੇ ਨਾਲ ਹੀ ਅਸਦੁਦੀਨ ਓਵੈਸੀ ਨੇ ਸੰਸਦ ਵਿੱਚ ਵਕਫ਼ ਬਿੱਲ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਧਾਰਾ 25 ਅਤੇ 26 ਦੀ ਉਲੰਘਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਕਫ਼ ਬਿੱਲ ਮੁਸਲਮਾਨਾਂ ਨਾਲ ਬੇਇਨਸਾਫ਼ੀ ਹੈ।
ਜਾਣੋ ਕੀ ਹੁੰਦਾ ਹੈ ਵਕਫ਼
ਕਾਬਿਲੇਗੌਰ ਹੈ ਕਿ ਵਕਫ਼ ਕੋਈ ਵੀ ਚੱਲ ਜਾਂ ਅਚੱਲ ਜਾਇਦਾਦ ਹੈ, ਜਿਸ ਨੂੰ ਕੋਈ ਵੀ ਵਿਅਕਤੀ ਜੋ ਇਸਲਾਮ ਨੂੰ ਮੰਨਦਾ ਹੈ ਅਤੇ ਧਾਰਮਿਕ ਮਕਸਦ ਜਾਂ ਦਾਨ ਕਰਦਾ ਹੈ। ਇਸ ਮਗਰੋਂ ਇਹ ਦਾਇਦਾਦ ਸਮਾਜ ਦੇ ਭਲੇ ਲਈ ਸਮਾਜ ਦਾ ਹਿੱਸਾ ਬਣ ਜਾਂਦੀ ਹੈ ਅਤੇ ਫੇਰ ਅੱਲਾਹ ਤੋਂ ਮਗਰੋਂ ਇਸਦਾ ਕੋਈ ਵੀ ਮਾਲਕ ਨਹੀਂ ਹੁੰਦਾ ਅਤੇ ਨਾ ਹੀ ਹੋ ਸਕਦਾ ਹੈ।
ਇਹ ਵੀ ਪੜ੍ਹੋ : ਹੈਵਾਨ ਪਿਓ ਨੇ ਫੋੜੀਆਂ ਧੀ ਦੀਆਂ ਅੱਖਾਂ, ਪਤਨੀ ਤੇ ਪੁੱਤ ਦਾ ਕੀਤਾ ਇਹ ਹਸ਼ਰ, Jharkhand ’ਚ ਤੀਹਰੇ ਕਤਲ ਦੀ ਭਿਆਨਕ ਕਹਾਣੀ
- PTC NEWS