Modi Swearing in Ceremony: ਮੋਦੀ 3.0 ਦਾ ਸਹੁੰ ਚੁੱਕ ਸਮਾਗਮ, ਭੂਟਾਨ-ਸ਼੍ਰੀਲੰਕਾ ਸਮੇਤ ਇਨ੍ਹਾਂ ਦੇਸ਼ਾਂ ਨੂੰ ਭੇਜਿਆ ਗਿਆ ਸੱਦਾ
Modi Swearing in Ceremony: ਭਾਰਤ ਇਸ ਹਫਤੇ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਸਮੇਤ ਆਪਣੇ ਕਈ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਨੂੰ ਸ਼ਾਇਦ ਸੱਦਾ ਦੇਵੇਗਾ। ਇਹ ਤੈਅ ਮੰਨਿਆ ਜਾ ਸਕਦਾ ਹੈ ਕਿ ਸਹੁੰ ਚੁੱਕ ਸਮਾਗਮ ਲਈ ਜਿਨ੍ਹਾਂ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਭੇਜਿਆ ਗਿਆ ਹੈ, ਉਨ੍ਹਾਂ ਨੂੰ ਲੈ ਕੇ ਪਾਕਿਸਤਾਨ ਅਤੇ ਚੀਨ ਨੂੰ ਮੁਸ਼ਕਲ ਹੋਵੇਗੀ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਐਨਡੀਏ ਨੇ ਲੋਕ ਸਭਾ ਚੋਣਾਂ ਵਿੱਚ 293 ਸੀਟਾਂ ਜਿੱਤਣ ਤੋਂ ਬਾਅਦ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣਗੇ।
ਸੂਤਰਾਂ ਨੇ ਦੱਸਿਆ ਕਿ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਬੁਲਾਏ ਗਏ ਵਿਦੇਸ਼ੀ ਨੇਤਾਵਾਂ 'ਚ ਬੰਗਲਾਦੇਸ਼, ਸ਼੍ਰੀਲੰਕਾ, ਭੂਟਾਨ, ਨੇਪਾਲ ਅਤੇ ਮਾਰੀਸ਼ਸ ਦੇ ਪ੍ਰਮੁੱਖ ਨੇਤਾ ਸ਼ਾਮਲ ਹੋ ਸਕਦੇ ਹਨ। ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੇ ਦਫ਼ਤਰ ਦੇ ਮੀਡੀਆ ਵਿਭਾਗ ਨੇ ਕਿਹਾ ਕਿ ਮੋਦੀ ਨੇ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਕਰਮਾਸਿੰਘੇ ਨੇ ਸੱਦਾ ਸਵੀਕਾਰ ਕਰ ਲਿਆ ਹੈ ਅਤੇ ਫੋਨ 'ਤੇ ਮੋਦੀ ਨੂੰ ਚੋਣ ਜਿੱਤ ਲਈ ਵਧਾਈ ਦਿੱਤੀ ਹੈ।
ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਵੀ ਫੋਨ 'ਤੇ ਗੱਲਬਾਤ ਕੀਤੀ। ਡਿਪਲੋਮੈਟਿਕ ਸੂਤਰਾਂ ਨੇ ਦੱਸਿਆ ਕਿ ਫੋਨ 'ਤੇ ਗੱਲਬਾਤ ਦੌਰਾਨ ਮੋਦੀ ਨੇ ਹਸੀਨਾ ਨੂੰ ਆਪਣੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ 'ਪ੍ਰਚੰਡ', ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ ਨੂੰ ਵੀ ਸੱਦਾ ਦਿੱਤਾ ਜਾਵੇਗਾ।
ਮੋਦੀ ਨੇ 'ਪ੍ਰਚੰਡ' ਨਾਲ ਵੀ ਫੋਨ 'ਤੇ ਗੱਲ ਕੀਤੀ। ਸੂਤਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਰਸਮੀ ਸੱਦਾ ਭੇਜਿਆ ਜਾਵੇਗਾ। ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਘ (ਸਾਰਕ) ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਵਜੋਂ ਮੋਦੀ ਦੇ ਪਹਿਲੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਜਦੋਂ ਮੋਦੀ 2019 ਵਿੱਚ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਬਿਮਸਟੇਕ ਦੇਸ਼ਾਂ ਦੇ ਨੇਤਾ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ।
ਮੋਦੀ ਦੇ 8 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ। ਭਾਜਪਾ ਚੋਣਾਂ ਵਿੱਚ ਆਪਣੇ ਦਮ ’ਤੇ ਬਹੁਮਤ ਹਾਸਲ ਨਹੀਂ ਕਰ ਸਕੀ, ਪਰ ਪਾਰਟੀ ਦੀ ਅਗਵਾਈ ਵਾਲੇ ਗਠਜੋੜ ਨੇ 543 ਵਿੱਚੋਂ 293 ਸੀਟਾਂ ਜਿੱਤੀਆਂ। ਹੇਠਲੇ ਸਦਨ ਵਿੱਚ ਬਹੁਮਤ ਦਾ ਅੰਕੜਾ 272 ਹੈ।
- PTC NEWS