ਭਾਰਤ 'ਚ ਮਿਲਿਆ ਲਿਥੀਅਮ ਤੇ ਸੋਨੇ ਦਾ ਭੰਡਾਰ, ਘਟੇਗੀ ਦਰਾਮਦ 'ਤੇ ਨਿਰਭਰਤਾ
ਨਵੀਂ ਦਿੱਲੀ : ਜੰਮੂ-ਕਸ਼ਮੀਰ 'ਚ ਪਹਿਲੀ ਵਾਰ ਸਰਕਾਰ ਨੂੰ ਲਿਥੀਅਮ ਅਤੇ ਸੋਨੇ ਦੇ ਭੰਡਾਰ ਮਿਲੇ ਹਨ। ਖਾਣ ਮੰਤਰਾਲੇ ਨੂੰ ਰਿਆਸੀ ਜ਼ਿਲ੍ਹੇ ਦੇ ਸਲਾਲ-ਹੈਮਾਨਾ ਖੇਤਰ 'ਚ ਕਰੀਬ 5.9 ਮਿਲੀਅਨ ਟਨ ਲਿਥੀਅਮ ਦਾ ਭੰਡਾਰ ਮਿਲਿਆ ਹੈ। ਇਹ ਦੇਸ਼ 'ਚ ਲਿਥੀਅਮ ਭੰਡਾਰਾਂ ਦਾ ਪਹਿਲਾ ਸਥਾਨ ਹੈ, ਜਿਸ ਦੀ ਪਛਾਣ ਭਾਰਤੀ ਭੂ-ਵਿਗਿਆਨ ਸਰਵੇਖਣ (ਜੀਐਸਆਈ) ਨੇ ਰਿਆਸੀ ਜ਼ਿਲ੍ਹੇ 'ਚ ਕੀਤੀ ਹੈ। ਇਲੈਕਟ੍ਰਿਕ ਵਾਹਨਾਂ ਅਤੇ ਮੋਬਾਈਲ ਫੋਨਾਂ ਵਰਗੀਆਂ ਡਿਵਾਈਸਾਂ ਲਈ ਬੈਟਰੀਆਂ 'ਚ ਵਰਤਿਆ ਜਾਣ ਵਾਲਾ ਲਿਥੀਅਮ ਆਸਟ੍ਰੇਲੀਆ ਤੇ ਅਰਜਨਟੀਨਾ ਤੋਂ ਦਰਾਮਦ ਕੀਤਾ ਜਾਂਦਾ ਹੈ। ਰਿਆਸੀ ਜ਼ਿਲ੍ਹੇ 'ਚ ਲਿਥੀਅਮ ਦੇ ਭੰਡਾਰ ਦੇਸ਼ ਦੀ ਦਰਾਮਦ 'ਤੇ ਨਿਰਭਰਤਾ ਨੂੰ ਘਟਾ ਦੇਵੇਗਾ।
ਕੇਂਦਰੀ ਭੂ-ਵਿਗਿਆਨਕ ਪ੍ਰੋਗਰਾਮਿੰਗ ਬੋਰਡ ਦੀ 62ਵੀਂ ਬੈਠਕ 'ਚ ਖਾਣ ਸਕੱਤਰ ਵਿਵੇਕ ਭਾਰਦਵਾਜ ਨੇ ਕਿਹਾ ਕਿ ਜੀਐੱਸਆਈ ਦੇ ਸਰਵੇਖਣ 'ਚ ਦੇਸ਼ ਦੀ ਪਹਿਲੀ ਲਿਥੀਅਮ ਰਿਜ਼ਰਵ ਸਾਈਟ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਲਿਥੀਅਮ, ਨਿੱਕਲ ਅਤੇ ਕੋਬਾਲਟ ਵਰਗੇ ਮਹੱਤਵਪੂਰਨ ਖਣਿਜਾਂ ਦੀ ਵਰਤੋਂ ਮੋਬਾਈਲ ਫੋਨਾਂ, ਸੋਲਰ ਪੈਨਲਾਂ ਅਤੇ ਹੋਰ ਕਈ ਉਪਕਰਨਾਂ 'ਚ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪੈਟਰੋਲ 'ਤੇ ਚੱਲਣ ਵਾਲੇ ਦੋ ਪਹੀਆ ਵਹੀਕਲਾਂ ਦੀ ਰਜਿਸਟ੍ਰੇਸ਼ਨ ਬੰਦ
ਭਾਰਦਵਾਜ ਨੇ ਕਿਹਾ ਕਿ ਇਸ ਸਮੇਂ ਭਾਰਤ ਨੂੰ ਇਨ੍ਹਾਂ ਖਣਿਜਾਂ ਲਈ ਦੂਜੇ ਦੇਸ਼ਾਂ ਤੋਂ ਦਰਾਮਦ 'ਤੇ ਨਿਰਭਰ ਰਹਿਣਾ ਪੈਂਦਾ ਹੈ। ਸਥਾਨਕ ਉਪਲਬਧਤਾ ਦੇਸ਼ ਨੂੰ ਆਤਮ-ਨਿਰਭਰ ਬਣਾਉਣ 'ਚ ਮਦਦ ਕਰੇਗੀ। ਇਸ ਤੋਂ ਪਹਿਲਾਂ ਖਾਣਾਂ ਮੰਤਰਾਲੇ ਨੇ ਕਿਹਾ ਸੀ ਕਿ ਲਿਥੀਅਮ ਵਰਗੇ ਖਣਿਜਾਂ ਨੂੰ ਨਵੀਂ ਤਕਨੀਕ ਦੀ ਲੋੜ ਹੈ, ਜਿਸ ਲਈ ਸਰਕਾਰ ਆਪਣੀ ਸਪਲਾਈ ਲੜੀ ਨੂੰ ਪੂਰਾ ਕਰਨ ਲਈ ਆਸਟ੍ਰੇਲੀਆ ਅਤੇ ਅਰਜਨਟੀਨਾ ਤੋਂ ਖਣਿਜ ਦਰਾਮਦ 'ਤੇ ਨਿਰਭਰ ਹੈ।
- PTC NEWS