Lawrence Bishnoi Interview : ਹਾਈਕੋਰਟ ਨੇ ਪੰਜਾਬ ਦੇ AG ਨੂੰ ਪਾਈ ਝਾੜ, ਕਿਹਾ-ਦੱਸੋ ਕਿਵੇਂ ਹੋਈ ਪੰਜਾਬ 'ਚ ਇੰਟਰਵਿਊ? ਮੁੱਖ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ...
Lawrence Bishnoi Interview case : ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਨੇ ਸਖਤ ਰੁਖ ਅਪਣਾਇਆ ਹੈ। ਹਾਈਕੋਰਟ ਨੇ ਮਾਮਲੇ 'ਚ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਸਖਤ ਝਾੜ ਪਾਈ। ਇਸਤੋਂ ਇਲਾਵਾ ਪੰਜਾਬ ਦੇ ਮੁੱਖ ਸਕੱਤਰ ਅਤੇ ਗ੍ਰਹਿ ਸਕੱਤਰ ਨੂੰ 2 ਵਜੇ ਤੱਕ ਪੇਸ਼ ਹੋਣ ਲਈ ਕਿਹਾ ਹੈ ਅਤੇ ਉਦੋਂ ਤੱਕ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਹੁਣ 2 ਵਜੇ ਮਾਮਲੇ ਦੀ ਸੁਣਵਾਈ ਸ਼ੁਰੂ ਹੋਵੇਗੀ।
ਮਾਮਲੇ ਦੀ ਸੁਣਵਾਈ ਦੌਰਾਨ ਰਾਜਸਥਾਨ ਦੇ ਐਡਵੋਕੇਟ ਜਨਰਲ ਬੀਸੀ ਰਾਹੀਂ ਸੁਣਵਾਈ ਵਿੱਚ ਪੇਸ਼ ਹੋਏ। ਇਸ ਮੌਕੇ ਹਾਈਕੋਰਟ ਨੇ ਰਾਜਸਥਾਨ ਦੇ ਐਡਵੋਕੇਟ ਜਨਰਲ ਨੂੰ ਕਿਹਾ ਕਿ ਐਸਆਈਟੀ ਦੀ ਰਿਪੋਰਟ ਅਨੁਸਾਰ ਲਾਰੈਂਸ ਦਾ ਦੂਜਾ ਇੰਟਰਵਿਊ ਰਾਜਸਥਾਨ ਵਿੱਚ ਹੋਇਆ ਹੈ, ਇਸ ਲਈ ਇਸ ਮਾਮਲੇ ਵਿੱਚ ਦਰਜ ਕੀਤੀ ਗਈ ਦੂਜੀ ਐਫਆਈਆਰ ਤੁਹਾਡੇ ਕੋਲ ਭੇਜੀ ਜਾ ਰਹੀ ਹੈ।
ਸੁਣਵਾਈ ਦੌਰਾਨ ਡੀਜੀਪੀ ਪ੍ਰਬੋਧ ਕੁਮਾਰ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਉਨ੍ਹਾਂ ਨਾਲ ਸਾਂਝੀ ਕਰਨਗੇ। ਰਾਜਸਥਾਨ ਦੇ ਐਡਵੋਕੇਟ ਜਨਰਲ ਨੇ ਹਾਈ ਕੋਰਟ ਨੂੰ ਭਰੋਸਾ ਦਿਵਾਇਆ ਕਿ ਉਹ ਰਿਪੋਰਟ ਆਉਂਦੇ ਹੀ ਜਾਂਚ ਸ਼ੁਰੂ ਕਰ ਦੇਣਗੇ। ਕਿਉਂਕਿ ਇਸ ਮਾਮਲੇ ਵਿੱਚ ਦੋ ਇੰਟਰਵਿਊਆਂ ਸਬੰਧੀ ਦੋ ਐਫ.ਆਈ.ਆਰ. ਹਨ। ਪਹਿਲੀ ਐਫਆਈਆਰ ਪਹਿਲੀ ਇੰਟਰਵਿਊ ਸਬੰਧੀ ਅਤੇ ਦੂਜੀ ਐਫਆਈਆਰ ਦੂਜੀ ਇੰਟਰਵਿਊ ਸਬੰਧੀ ਦਰਜ ਕੀਤੀ ਗਈ ਸੀ। ਪਹਿਲਾ ਇੰਟਰਵਿਊ ਖਰੜ, ਪੰਜਾਬ ਵਿੱਚ ਹੋਇਆ ਸੀ, ਇਸ ਲਈ ਪੰਜਾਬ ਪੁਲਿਸ ਵੱਲੋਂ ਇਸਦੀ ਜਾਂਚ ਕੀਤੀ ਜਾਵੇਗੀ। ਦੂਸਰੀ ਇੰਟਰਵਿਊ ਰਾਜਸਥਾਨ ਦੇ ਜੈਪੁਰ ਦੀ ਕੇਂਦਰੀ ਜੇਲ੍ਹ ਵਿੱਚ ਹੋਈ, ਇਸ ਲਈ ਰਾਜਸਥਾਨ ਪੁਲਿਸ ਵੱਲੋਂ ਦੂਜੀ ਐਫਆਈਆਰ ਦੀ ਜਾਂਚ ਕੀਤੀ ਜਾਵੇਗੀ। ਰਾਜਸਥਾਨ ਦੇ ਐਡਵੋਕੇਟ ਜਨਰਲ ਦਾ ਨਾਂ ਰਾਜੇਂਦਰ ਪ੍ਰਸਾਦ ਹੈ।
ਹਾਈਕੋਰਟ ਨੇ ਐਡਵੋਕੇਟ ਜਨਰਲ ਨੂੰ ਪਾਈ ਝਾੜ
ਹਾਈਕੋਰਟ ਨੇ ਹੁਣ ਪੰਜਾਬ ਦੇ ਐਡਵੋਕੇਟ ਜਨਰਲ ਤੋਂ ਪੁੱਛਿਆ ਹੈ ਕਿ ਉਨ੍ਹਾਂ ਨੇ ਹੁਣ ਤੱਕ ਕੀ ਕੀਤਾ ਹੈ। ਤੁਹਾਡੀ ਸਰਕਾਰ ਨੇ ਪਹਿਲਾਂ ਕਿਵੇਂ ਕਿਹਾ ਕਿ ਪੰਜਾਬ ਵਿੱਚ ਇੰਟਰਵਿਊ ਨਹੀਂ ਲਈ ਗਈ? ਹੁਣ ਤੁਸੀਂ ਦੱਸੋ ਕਿ ਇਹ ਇੰਟਰਵਿਊ ਪੰਜਾਬ ਵਿੱਚ ਕਿਵੇਂ ਹੋਈ। ਹੁਣ ਛੋਟੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਕੇ ਮੁੱਖ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ।
ਹਾਈਕੋਰਟ ਨੇ ਅੱਗੇ ਕਿਹਾ ਕਿ ਲਾਰੈਂਸ ਨਾਲ ਬੁਲੇਟ ਪਰੂਫ ਗੱਡੀ ਤੇ ਦਰਜਨਾਂ ਗੱਡੀਆਂ ਦਾ ਸਫਰ, ਕਿਵੇਂ ਹੋਇਆ ਇਹ ਇੰਟਰਵਿਊ? ਕੀ ਇਸ ਲਈ ਮੁਹਾਲੀ ਦਾ ਐਸਐਸਪੀ ਜ਼ਿੰਮੇਵਾਰ ਨਹੀਂ? ਪੰਜਾਬ ਦੇ ਐਡਵੋਕੇਟ ਜਨਰਲ ਨੇ ਕਿਹਾ ਕਿ ਰਿਪੋਰਟ ਮਿਲਦਿਆਂ ਹੀ ਕਾਰਵਾਈ ਕੀਤੀ ਜਾਵੇਗੀ। ਹਾਈਕੋਰਟ ਨੇ ਕਿਹਾ ਕਿ ਹੁਣ ਤੁਹਾਡੇ ਕੋਲ ਪੂਰੀ ਜਾਣਕਾਰੀ ਹੈ ਕਿ ਇਹ ਇੰਟਰਵਿਊ ਕਦੋਂ ਅਤੇ ਕਿੱਥੇ ਹੋਈ, ਫਿਰ ਸਰਕਾਰ ਹੁਣ ਕਾਰਵਾਈ ਕਰਨ ਤੋਂ ਕਿਉਂ ਬਚ ਰਹੀ ਹੈ।
ਹਾਈਕੋਰਟ ਨੇ ਕਿਹਾ, ਹੁਣ ਅਸੀਂ ਤੁਹਾਨੂੰ 2 ਵਜੇ ਤੱਕ ਦਾ ਸਮਾਂ ਦਿੰਦੇ ਹਾਂ। ਹੁਣ 2 ਵਜੇ ਤੱਕ ਦੱਸੋ ਕੀ ਕਾਰਵਾਈ ਹੋਈ ਹੈ। ਹੁਣ 2 ਵਜੇ ਮੁੱਖ ਸਕੱਤਰ ਅਤੇ ਗ੍ਰਹਿ ਸਕੱਤਰ ਖੁਦ ਹਾਜ਼ਰ ਹੋ ਕੇ ਦੱਸਣਗੇ ਕਿ ਕੀ ਕਾਰਵਾਈ ਕੀਤੀ ਗਈ ਹੈ।
ਹਾਈ ਕੋਰਟ ਨੇ ਹੁਣ ਇਸ ਮਾਮਲੇ ਵਿੱਚ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਹਾਈਕੋਰਟ ਨੇ ਕਿਹਾ ਕਿ ਆਮ ਲੋਕਾਂ ਦਾ ਭਰੋਸਾ ਟੁੱਟ ਗਿਆ ਹੈ।ਸਰਕਾਰ ਨੂੰ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਹਾਈਕੋਰਟ ਨੇ ਕਿਹਾ ਕਿ ਅੱਜ ਹੀ ਇਹ ਖ਼ਬਰ ਪ੍ਰਕਾਸ਼ਿਤ ਹੋਈ ਹੈ ਕਿ ਲਾਰੈਂਸ ਜੇਲ੍ਹ ਤੋਂ ਲੋਕਾਂ ਨੂੰ ਫਿਰੌਤੀ ਦੀਆਂ ਕਾਲਾਂ ਕਰ ਰਿਹਾ ਹੈ। ਇਨ੍ਹਾਂ ਦੋ ਇੰਟਰਵਿਊਆਂ ਤੋਂ ਬਾਅਦ ਜੇਲ੍ਹ ਵਿੱਚੋਂ ਫਿਰੌਤੀ ਦੀਆਂ ਕਾਲਾਂ ਆਈਆਂ ਹਨ, ਇਨ੍ਹਾਂ ਵਿੱਚ ਲਾਰੈਂਸ ਬਿਸ਼ਨੋਈ ਦੀਆਂ ਕਾਲਾਂ ਵੀ ਸ਼ਾਮਲ ਹਨ।
ਦੱਸ ਦੇਈਏ ਕਿ ਇਹ ਮਾਮਲਾ ਮੁੜ ਜਸਟਿਸ ਅਨੁਪਿੰਦਰ ਗਰੇਵਾਲ ਅਤੇ ਜਸਟਿਸ ਲਪਿਤਾ ਬੈਨਰਜੀ ਦੇ ਬੈਂਚ ਕੋਲ ਆ ਗਿਆ ਹੈ, ਇਸ ਬੈਂਚ ਵਿੱਚ ਅੱਜ ਸੁਣਵਾਈ ਹੋਈ। ਇਹ 2 ਵਜੇ ਦੁਬਾਰਾ ਸ਼ੁਰੂ ਹੋਵੇਗਾ।
- PTC NEWS